ਨਿਊ ਸਾਊਥ ਵੇਲਜ਼ ਦੇ ਵਾਰ ਮੈਮੋਰੀਅਲਾਂ ਦੇ ਪੁਨਰ ਨਿਰਮਾਣ ਲਈ ਫੰਡ ਜਾਰੀ

ਵੈਟਰਨਜ਼ ਵਾਲੇ ਵਿਭਾਵਾਂ ਦੇ ਮੰਤਰੀ ਜਿਉਫ ਲੀ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਰਾਜ ਭਰ ਅੰਦਰ ਲੜਾਈ ਵਿਚਲੇ ਸ਼ਹੀਦਾਂ ਦੀਆਂ ਯਾਦਗਾਰਾਂ ਦੇ ਪੁਨਰ ਨਿਰਮਾਣ ਅਤੇ ਰੱਖ ਰਖਾਵ ਲਈ ਨਵੇਂ ਫੰਡ ਜਾਰੀ ਕੀਤੇ ਹਨ ਅਤੇ ਇਸ ਵਾਸਤੇ ਜਾਰੀ ਗ੍ਰਾਂਟਾਂ ਨੂੰ ਲੈਣ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮਾਰਕ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦੇ ਹਨ ਜਿਨ੍ਹਾਂ ਨੇ ਜਨਤਕ ਤੌਰ ਤੇ ਸੁਰੱਖਿਆ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣਾ ਫਰਜ਼ ਨਿਭਾਉਂਦਿਆਂ ਸ਼ਹੀਦੀਆਂ ਦੇ ਜਾਮ ਪੀ ਗਏ ਅਤੇ ਇਸੇ ਕਾਰਨ ਲੋਕ ਵੀ ਅਜਿਹੀਆਂ ਥਾਵਾਂ ਅਤੇ ਸਮਾਰਕਾਂ ਨਾਲ ਜਜ਼ਬਾਤੀ ਤੌਰ ਤੇ ਜੁੜੇ ਹੋਏ ਹੁੰਦੇ ਹਨ ਕਿਉਂਕਿ ਇਸ ਪਿੱਛੇ ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਸੁਮੇਲ ਹੋਣਾ ਸੁਭਾਵਿਕ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮਾਰਕਾਂ ਦੀ ਸਾਫ ਸਫਾਈ, ਪੁਨਰ ਨਿਰਮਾਣ, ਮੁਰੰਮਤ ਆਦਿ ਦੇ ਕੰਮਾਂ ਵਾਸਤੇ 10,000 ਡਾਲਰਾਂ ਦੀ ਗ੍ਰਾਂਟ, ਰਾਜ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਅਤੇ ਇਸ ਵਾਸਤੇ ਮੈਮੋਰੀਅਲ ਟਰੱਸਟਾਂ, ਵੈਟਰਨ ਸੰਗਠਨਾ ਅਤੇ ਸਥਾਨਕ ਕਾਂਸਲਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਰਕ ਭਾਵੇਂ ਵੱਡੇ ਹੋਣ ਜਾਂ ਛੋਟੇ, ਸ਼ਹਿਰਾਂ ਵਿੱਚ ਹੋਣ ਅਤੇ ਜਾਂ ਫੇਰ ਦੂਰ ਦੁਰਾਡੇ ਕਿਸੇ ਗ੍ਰਾਮੀਣ ਖੇਤਰਾਂ ਵਿੱਚ, ਹਰ ਇੱਕ ਸਮਾਰਕ ਲਈ ਉਕਤ ਗ੍ਰਾਂਟ ਲਈ ਜਾ ਸਕਦੀ ਹੈ ਅਤੇ ਇਸ ਦਾ ਮਕਸਦ ਇਹੋ ਹੈ ਕਿ ਸ਼ਹੀਦਾਂ ਦੇ ਸਮਾਰਕਾਂ ਦਾ ਪੂਰਨ ਬਰਾਬਰੀ ਅਤੇ ਸ਼ਰਧਾ ਭਾਵਨਾ ਦੇ ਨਾਲ ਪੁਨਰ ਉੱਧਾਰ ਕੀਤਾ ਜਾ ਸਕੇ ਤਾਂ ਜੋ ਇਹ ਅਗਲੀਆਂ ਕਈ ਪੀੜ੍ਹੀਆਂ ਤੱਕ ਲੋਕਾਂ ਲਈ ਚਾਨਣ ਮੁਨਾਰੇ ਅਤੇ ਪ੍ਰੇਰਨਾ ਸ੍ਰੋਤ ਬਣੇ ਰਹਿਣ।
ਇਸਤੋਂ ਪਹਿਲਾਂ ਅਜਿਹੇ ਸਮਾਰਕਾਂ ਦੇ ਪੁਨਰ ਨਿਰਮਾਣ ਦੀਆਂ ਗ੍ਰਾਂਟਾਂ ਦੇਣ ਵਿੱਚ ਆਰਨਜ਼ਬੇਅ ਸ਼ਾਇਰ ਕਾਂਸਲ ਵੀ ਸ਼ਾਮਿਲ ਹੈ ਜਿਸਨੂੰ ਕਿ 10,000 ਡਾਲਰਾਂ ਦੀ ਗ੍ਰਾਂਟ ਬੀਕਰਾਫਟ ਵਾਰ ਮੈਮੋਰੀਅਲ ਜੋ ਕਿ 1928 ਵਿੱਚ ਬਣਾਇਆ ਗਿਆ ਸੀ, ਦੀ ਮੁਰੰਮਤ ਅਤੇ ਰੱਖ ਰਖਾਉ ਲਈ ਦਿੱਤਾ ਵੀ ਜਾ ਚੁਕਿਆ ਹੈ ਅਤੇ ਇਸ ਵਾਰ ਮੈਮੋਰੀਅਲ ਉਪਰ ਬੀਕਰਾਫਟ ਦੇ ਸ਼ਹੀਦਾਂ ਦੇ ਨਾਮ ਉਕਰੇ ਹਨ ਅਤੇ ਇਨ੍ਹਾਂ ਵਿੱਚ ਇੱਕ ਅਜਿਹੇ ਸਿਪਾਹੀ ਦਾ ਨਾਮ ਵੀ ਹੈ ਜਿਸ ਦੀ ਕਬਰ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਸਤੋਂ ਇਲਾਵਾ ਸੇਂਟ ਜਾਰਜ ਦੀ ਐਂਗਲੀਕਨ ਚਰਚ (ਪਾਰਕੇਜ਼) ਨੂੰ ਵੀ 2,700 ਡਾਲਰਾਂ ਦੀ ਗ੍ਰਾਂਟ ਦਿੱਤੀ ਗਈ ਹੈ ਅਤੇ ਇੱਥੇ ਦਰਸਾਏ ਗਏ ਆਸਟ੍ਰੇਲੀਆਈ ਡਿਫੈਂਸ ਫੌਜੀਆਂ ਆਦਿ ਦੀ ਨੁਮਾਇਸ਼ ਵਾਲੀ ਥਾਂ ਦੀ ਮੁਰੰਮਤ ਅਤੇ ਸਾਫ ਸਫਾਈ ਕਰਵਾਈ ਜਾ ਸਕੇ।
ਉਕਤ ਅਰਜ਼ੀਆਂ ਜੁਲਾਈ 26, 2021 (ਸੋਮਵਾਰ) ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ www.veterans.nsw.gov.au/heritage/community-war-memorials-fund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×