‘ਵਰਲਡ ਕੱਪ’ ਖੇਡਣ ਜਾ ਰਹੀ ਮਹਿਲਾ ਕਬੱਡੀ ਟੀਮ ਲਈ ਫੰਡ ਰੇਜਿੰਗ ਪਾਰਟੀ

NZ PIC 8 Nov-1

ਅੱਜ ਰਾਤ ‘ਪੰਜਾਬੀ ਢਾਬਾ’ ਬੌਟਨੀ ਵਿਖੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਮਹਾਂ ਕੁੰਭ ਵਿਚ ਦੂਜੀ ਵਾਰ ਜਾ ਰਹੀ ਮਾਓਰੀ ਕੁੜੀਆਂ ਦੀ ਟੀਮ ਦੇ ਲਈ ‘ਨਿਊਜ਼ੀਲੈਂਡ ਵੋਮੈਨ ਕਬੱਡੀ ਫੈਡਰੇਸ਼ਨ’ ਵੱਲੋਂ ਫੰਡ ਰੇਜਿੰਗ ਪਾਰਟੀ ਆਯੋਜਿਤ ਕੀਤੀ ਗਈ। ਇਨ੍ਹਾਂ ਕੁੜੀਆਂ ਦੀ ਹੌਂਸਲਾ ਅਫ਼ਜਾਈ ਲਈ ਜਿੱਥੇ ਭਾਰਤੀ ਕਮਿਊਨਿਟੀ ਤੋਂ ਬਹੁਤ ਸਾਰੇ ਕੱਬਡੀ ਖੇਡ ਪ੍ਰੇਮੀ ਪਹੁੰਚੇ ਉਥੇ ਨੈਸ਼ਨਲ ਪਾਰਟੀ ਤੋਂ ਸੰਸਦ ਮੈਂਬਰ ਸ੍ਰੀ ਮਾਰਕ ਮਿੱਚਲ, ਡਾ. ਪਰਮਜੀਤ ਕੌਰ ਰਮਾਰ, ਲੇਬਰ ਪਾਰਟੀ ਤੋਂ ਸੰਸਦ ਮੈਂਬਰ ਸ੍ਰੀ ਫਿੱਲ ਗੌਫ ਅਤੇ ਪਾਰਟੀ ਦੇ ਉਘੇ ਲੀਡਰ ਸ੍ਰੀ ਸੰਨੀ ਕੌਸ਼ਿਲ ਵੀ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ। ਸਟੇਜ ਸੰਚਾਲਕ ਸ. ਖੜਗ ਸਿੰਘ ਸਿੱਧੂ ਹੋਰਾਂ ਫੰਡ ਰੇਜਿੰਗ ਪਾਰਟੀ ਦੇ ਵਿਚ ਸ਼ਾਮਿਲ ਹੋਏ ਸਾਰੇ ਰਾਜਨੀਤਕ ਮਹਿਮਾਨਾਂ ਅਤੇ ਕਮਿਊਨਿਟੀ ਤੋਂ ਪਹੁੰਚੇ ਸਾਰੇ ਸਹਿਯੋਗੀਆਂ ਨੂੰ ‘ਜੀ ਆਇਆਂ’ ਆਖਿਆਂ। ਉਨ੍ਹਾਂ ਜਿੱਥੇ ਮਾਓਰੀ ਕੁੜੀਆਂ ਅੰਦਰ ਦਲੇਰਾਨਾ ਭਾਵਨਾ ਨੂੰ ਪੰਜਾਬੀਆਂ ਦੇ ਅੰਦਰ ਵਸੀ ਸੂਰਬੀਰਤਾ ਨਾਲ ਜੋੜਦਿਆਂ ਇਕ ਸ਼ਕਤੀਸ਼ਾਲੀ ਟੀਮ ਬਣ ਜਾਣ ਦਾ ਸਮੀਕਰਣ ਪੇਸ਼ ਕੀਤਾ ਉਥੇ ਪਿਛਲੇ ਸਾਲ ਹੋਏ ਵਿਸ਼ਵ ਕਬੱਡੀ ਕੱਪ ਦੇ ਵਿਚ ਮਾਓਰੀ ਕੁੜੀਆਂ ਦੀ ਪਰਫਾਰਮੈਂਸ ਉਤੇ ਪੂਰਨ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਵਾਰੀ-ਵਾਰੀ ਸ੍ਰੀ ਮਾਰਕ ਮਿੱਚਲ, ਡਾ. ਪਰਮਜੀਤ ਕੌਰ ਪਰਮਾਰ, ਸ੍ਰੀ ਫਿੱਲ ਗੌਫ, ਸ੍ਰੀ ਸੰਨੀ ਕੌਸ਼ਿਲ, ਸ੍ਰੀ ਜਜਿੰਦਰ ਪਟੇਲ, ਨਵਤੇਜ ਸਿੰਘ ਰੰਧਾਵਾ, ਸ. ਕੁਲਦੀਪ ਸਿੰਘ, ਅਮਰੀਕ ਸਿੰਘ ਅਤੇ ਸ. ਤਾਰਾ ਸਿੰਘ ਬੈਂਸ ਨੂੰ ਆਪਣੇ ਵਿਚਾਰ ਰੱਖਣ ਵਾਸਤੇ ਕਿਹਾ। ਸਾਰੇ ਸਪੀਕਰਾਂ ਨੇ ਜਿੱਥੇ ਕਬੱਡੀ ਖੇਡ ਦੀ ਗੱਲ ਕੀਤੀ ਉਥੇ ਪੰਜਵੇਂ ਵਿਸ਼ਵ ਕੱਪ ਦੇ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਨਿਊਜ਼ੀਲੈਂਡ ਵੋਮੈਨ ਕਬੱਡੀ ਫੈਡਰੇਸ਼ਨ ਵੱਲੋਂ ਆਏ ਮਹਿਮਾਨਾਂ ਨੂੰ ਕ੍ਰਮਵਾਰ ਤਾਰਾ ਸਿੰਘ ਬੈਂਸ,  ਇੰਦਰਜੀਤ ਸਿੰਘ ਕਾਲਕਟ, ਸ੍ਰੀ ਜਤਿੰਦਰ ਪਟੇਲ ਤੇ ਸ. ਅਮਰੀਕ ਸਿੰਘ ਸੰਘਾ ਹੋਰਾਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਕਬੱਡੀ ਖਿਡਾਰਨਾਂ ਨੇ ਇਸ ਮੌਕੇ ਜਿੱਥੇ ਮਾਓਰੀ ਭਾਸ਼ਾ ਦੇ ਵਿਚ ਗੀਤ ਪੇਸ਼ ਕੀਤੇ ਉਥੇ ਭਾਰਤੀ ਕਮਿਊਨਿਟੀ ਤੋਂ ਮਿਲ ਰਹੇ ਪਿਆਰ ਅਤੇ ਸਤਿਕਾਰ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਆਪਣਾ ਸੰਗੀਤਕ ਪ੍ਰੋਗਰਾਮ ਸਤ ਸ੍ਰੀ ਅਕਾਲ ਨਾਲ ਸ਼ੁਰੂ ਕੀਤਾ ਅਤੇ ਬੋਲੇ ਸੋ ਨਿਹਾਲ ਦੇ ਜ਼ੈਕਾਰੇ ਨਾਲ ਸਮਾਪਤ ਕੀਤਾ।
ਸ. ਨਵਤੇਜ ਸਿੰਘ ਰੰਧਾਵਾ ਹੋਰਾਂ ਜਿੱਥੇ ਮਾਓਰੀ ਕਮਿਊਨਿਟੀ ਦੇ ਵਿਚ ਜੰਗਜੂ ਅਤੇ ਸੂਰਬੀਰਤਾ ਦੀ ਗੱਲ ਕੀਤੀ ਉਥੇ ਸਿੱਖ ਧਰਮ ਦੇ ਵਿਚ ਵੀ ਕੌਮੀ ਸੂਰਬੀਰਤਾ ਮੁੱਖ ਅਧਾਰ ਹੋਣ ਦਾ ਪ੍ਰਮਾਣ ਦਿੰਦਿਆ ਹਾਲ ਵੀ ਵਿਚ ਰਿਲੀਜ਼ ਹੋਈ 3-ਡੀ ਫਿਲਮ ‘ਚਾਰ ਸਾਹਿਬਜ਼ਾਦੇ’ ਦਾ ਇਕ ਟ੍ਰੇਲਰ ਸਕਰੀਨ ਉਤੇ ਪਲੇਅ ਕਰਵਾਇਆ। ਉਨ੍ਹਾਂ ਥੋੜਾ ਮਜ਼ਾਕੀਆ ਲਹਿਜ਼ੇ ਦੇ ਵਿਚ ਕਬੱਡੀ ਖੇਡ ਦਾ ਅਸੂਲ ਦੱਸਦਿਆਂ ਕਿਹਾ ਕਿ ਇਹ ਖੇਡ ਕੱਲੇ ਨੂੰ ਕੱਲਾ ਟਕਰਨ ਵਾਲੀ ਹੈ ਜੋ ਕਿ ਪੰਜਾਬੀਆਂ ਦਾ ਹਮੇਸ਼ਾਂ ਤੋਂ ਵਿਰੋਧੀ ਨੂੰ ਚੈਲੰਜ ਰਿਹਾ ਹੈ। ਅੰਤ ਸ. ਤਾਰਾ ਸਿੰਘ ਬੈਂਸ ਹੋਰਾਂ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਅਗਲਾ ਵਰਲਡ ਕੱਪ ਨਿਊਜ਼ੀਲੈਂਡ ਲਿਆਂਦਾ ਜਾਵੇਗਾ।
ਵਰਨਣਯੋਗ ਹੈ ਕਿ ਪੰਜਵਾਂ ਵਿਸ਼ਵ ਕਬੱਡੀ ਕੱਪ 5 ਦਸੰਬਰ ਤੋਂ 15 ਦਸੰਬਰ ਤੱਕ ਹੋ ਰਿਹਾ ਹੈ ਅਤੇ ਇਹ ਕੁੜੀਆਂ ਇਸ ਕੱਪ ਦੇ ਵਿਚ ਖੇਡਣ ਲਈ ਪੂਰੀ ਤਿਆਰੀ ਕਰ ਰਹੀਆਂ ਹਨ।

Install Punjabi Akhbar App

Install
×