ਕਮਿਊਨਿਟੀ ਖੜ੍ਹੇ ਬਰਾਬਰ – ਸ. ਖੜਗ ਸਿੰਘ ਵੱਲੋਂ ਲੇਬਰ ਪਾਰਟੀ ਵਾਸਤੇ ਕਰਵਾਏ ਗਏ ਫੰਡ ਰੇਜਿੰਗ ਡਿਨਰ ਨੂੰ ਮਿਲੀ ਵੱਡੀ ਸਫਲਤਾ

NZ pic 15 Aug-1
(ਲੇਬਰ ਪਾਰਟੀ ਦੀ ਫੰਡ ਰੇਜਿੰਗ ਮੌਕੇ ਭਾਰਤੀ ਉਮੀਦਵਾਰ ਸ. ਖੜਗ ਸਿੰਘ ਆਪਣੇ ਬਾਕੀ ਸਾਥੀ ਉਮੀਦਵਾਰਾਂ ਅਤੇ ਕਮਿਊਨਿਟੀ ਪਤਵੰਤਿਆਂ ਨਾਲ)

ਔਕਲੈਂਡ 15 ਅਗਸਤ – ਹੌਵਿਕ ਲੋਕਲ ਬੋਰਡ ਮੈਂਬਰਜ਼ (ਬੌਟਨੀ ਸਬ ਡਿਵੀਜ਼ਨ) ਦੇ ਲਈ ਲੇਬਰ ਪਾਰਟੀ ਦੇ ਉਮੀਦਵਾਰ ਸ. ਖੜਗ ਸਿੰਘ ਨੇ ਅੱਜ ਇੰਡੀਅਨ ਐਕਸੈਂਟ ਰੈਸਟੋਰੈਂਟ ਬੌਟਨੀ ਵਿਖੇ ਫੰਡ ਰੇਜਿੰਗ ਡਿਨਰ ਦਾ ਆਯੋਜਨ ਕੀਤਾ। ਪਾਰਟੀ ਸੁਪੋਰਟ ਲਈ ਹੋਏ ਇਸ ਫੰਡ ਰੇਜਿੰਗ ਵਾਸਤੇ ਕਮਿਊਨਿਟੀ ਤੋਂ ਬਹੁਤਾਤ ਗਿਣਤੀ ਦੇ ਵਿਚ ਪਹੁੰਚੇ ਪਤਵੰਤੇ ਸੱਜਣਾਂ ਨੇ ਬਰਾਬਰ ਖੜ ਕੇ ਸ. ਖੜਗ ਸਿੰਘ ਦੀ ਵੱਡੀ ਹੌਂਸਲਾ ਅਫਜ਼ਾਈ ਕੀਤੀ। ਪਾਰਟੀ ਦੇ ਲਾਲ ਰੰਗ ਨਾਲ ਮਿਲਦੀ ਜੁਲਦੀ ਪੱਗ ਅਤੇ ਟਾਈ ਬੰਨ੍ਹ ਕੇ ਸ. ਖੜਗ ਸਿੰਘ ਨੇ ਪਹੁੰਚੇ ਮਹਿਮਾਨਾਂ ਉਤੇ ਖੁਬ ਪ੍ਰਭਾਵ ਪਾਇਆ। ਸ. ਖੜਗ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਦੇ ਵਿਚ ਸਭ ਤੋਂ ਪਹਿਲਾਂ ਆਏ ਸਾਰੇ ਕਮਿਊਨਿਟੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਆਪਣਾ ਪਹਿਲਾ ਕੰਮ ਇਹ ਦੱਸਿਆ ਕਿ ਉਹ ਛੋਟੇ ਵਪਾਰਕ ਅਦਾਰਿਆਂ ਨਾਲ ਹੁੰਦੀ ਲੁੱਟ-ਖੋਹ ਸਬੰਧੀ ਆਪਣਾ ਪੱਖ ਲੋਕਾਂ ਦੀ ਤਰਫ ਤੋ ਰੱਖਣਗੇ ਅਤੇ ਆਵਾਜ਼ਾਈ ਸਮੱਸਿਆਵਾਂ ਉਤੇ ਲੋਕਾਂ ਦੀ ਆਵਾਜ਼ ਕੌਂਸਿਲ ਤੱਕ ਪਹੁੰਚਾਉਣਗੇ।  ਇਨ੍ਹਾਂ ਦੇ ਨਾਲ ਹੀ ਲੋਕਲ ਬੋਰਡ ਵਾਸਤੇ ਦੂਸਰੇ ਉਮੀਦਵਾਰ ਲਾਂਸ ਮਿਲਵਾਰਡ ਅਤੇ ਮਾਰਕ ਜੌਹਨਸਨ ਨੇ ਵੀ ਸੰਬੋਧਨ ਕੀਤਾ। ਤਿੰਨਾਂ ਉਮੀਦਵਾਰਾਂ ਦੀ ਤਸਵੀਰ ਵਾਲਾ ਕੇਕ ਕੱਟ ਕੇ ਚੋਣ ਪ੍ਰਚਾਰ ਦਾ ਬਿਗਲ ਵਜਾ ਦਿੱਤਾ ਗਿਆ।

ਭਾਰਤੀ ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਜੋ ਕਿ ਪਾਰਲੀਮੈਂਟਰੀ ਪ੍ਰਾਈਵੇਟ ਸੈਕਟਰੀ ਐਥਨਿਕ ਅਫੇਅਰਜ ਵੀ ਹਨ ਨੇ ਵੀ ਇੰਡੀਅਨ ਕਮਿਊਨਿਟੀ ਦੇ ਸਥਾਨਕ ਸਰਕਾਰਾਂ ਦੇ ਵਿਚ ਅੱਗੇ ਆਉਣ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਸ. ਖੜਗ ਸਿੰਘ ਲੰਮੇ ਸਮੇਂ ਤੋਂ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਲਿਸਟ ਐਮ. ਪੀ. ਰੇਮੰਡ ਹੂ, ਲੋਟੂ ਫੂਲੀ ਚੇਅਰਪਰਸਨ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ, ਡਾ. ਅਸ਼ਰਫ ਚੌਧਰੀ ਸਾਬਕਾ ਸਾਂਸਦ ਅਤੇ ਲੋਕਲ ਬੋਰਡ ਮੈਂਬਰ ਓਟਾਰਾ-ਪਾਪਾਟੋਏਟੋਏਟੋਏ, ਫ੍ਰੈਂਕਲਿਨ ਤੋਂ ਲੋਕਲ ਬੋਰਡ ਉਮੀਦਵਾਰ ਬਲਜੀਤ ਕੌਰ ਪੰਨੂ, ਪਾਪਾਕੁਰਾ ਲੋਕਲ ਬੋਰਡ ਤੋਂ ਭੁਪਿੰਦਰ ਸਿੰਘ ਪਾਬਲਾ ਤੇ ਜੈਸੀ ਪਾਬਲਾ ਵੀ ਪਹੁੰਚੇ ਹੋਏ ਸਨ। ਸ. ਅਜੀਤ ਸਿੰਘ ਰੰਧਾਵਾ ਨੇ ਭਾਰਤੀਆਂ ਦੇ ਪਿਛੋਕੜ ਅਤੇ ਲੇਬਰ ਪਾਰਟੀ ਨਾਲ ਸਬੰਧਾਂ ਦੀ ਝਾਤ ਪਵਾਈ।
ਕ੍ਰਾਈਸਟਚਰਚ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਹਰਦੀਪ ਸਿੰਘ ਨੀਟੂ ਵੱਲੋਂ ਕ੍ਰਾਈਸਟਚਰਚ ਟ੍ਰਿਪ ਨੂੰ ਬੋਲੀ ਉਤੇ ਵੇਚ ਕੇ ਸਾਰੇ ਪੈਸੇ ਲੇਬਰ ਪਾਰਟੀ ਨੂੰ ਸੌਪ ਕੇ ਵੱਡੀ ਸੁਪਰੋਟ ਕੀਤੀ। ਇਸ ਤੋਂ ਇਲਾਵਾ ਸ. ਤਾਰਾ ਸਿੰਘ ਬੈਂਸ ਨੇ ਸਟੇਜ ਉਤੇ ਮਾਈਕ ਸੰਭਾਲ ਕੇ ਬੋਲੀ ਨੂੰ ਇਕ-ਦੋ-ਤਿੰਨ ਸੋਲਡ ਕਰਨ ਵਿਚ ਫਟਾਫਟ ਵਾਲਾ ਯੋਗਦਾਨ ਪਾਇਆ। ਗੋਰਿਆਂ ਨੂੰ ਬੈਠਿਆਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸ ਚੀਜ਼ ਦੀ ਕਿੰਨੀ ਬੋਲੀ ਕਿੱਦਾਂ ਤੇ ਕਿਵੇਂ ਹੋ ਗਈ, ਬਸ ਸਾਰਾ ਸਾਮਾਨ  ਮਿੰਟੋ-ਮਿੰਟੀ ਖਗੜ ਸਿੰਘ ਦੇ ਨਾਂਅ ‘ਤੇ ਖੜਕਾ ਦਿੱਤਾ ਗਿਆ। ਕੁੱਲ ਕਿੰਨੇ ਪੈਸੇ ਬਣੇ ਲਿਸਟਾਂ ਆਉਣ ‘ਤੇ ਪਤਾ ਲੱਗੇਗਾ। ਸ. ਹਰਪਾਲ ਸਿੰਘ ਪਾਲ ਨੇ ਡੀ.ਜੇ. ਦੀ ਸੇਵਾ ਕੀਤੀ। ਸ. ਨਵਤੇਜ ਰੰਧਾਵਾ ਨੇ ਵੀ ਭਾਰਤ ਅਤੇ ਨਿਊਜ਼ੀਲੈਂਡ ਦੇ ਰਾਜਨੀਤਕ ਸਬੰਧਾਂ ਦੀ ਗੱਲਬਾਤ ਕੀਤੀ ਜਿਸ ਸਦਕਾ ਇਥੇ ਭਾਰਤੀਆਂ ਦੀ ਆਮਦ ਵਧੀ। ਅਨੁਸ਼ਾਸ਼ਣ ਬਣਾਈ ਰੱਖਣ ਲਈ ਉਨ੍ਹਾਂ ਨੂੰ ਇਕ ਦੋ ਵਾਰ ਉਚਾ ਸੁਰ ਵੀ ਲਾਉਣਾ ਪਿਆ, ਪਰ ਸਰੂਰ ਦਾ ਅਸਰ ਭਾਰੂ ਰਿਹਾ। ਸ. ਪਰਮਿੰਦਰ ਸਿੰਘ ਨੇ ਵੀ ਸਟੇਜ ਸੰਚਾਲਨ ਦੌਰਾਨ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸ. ਕੁਲਦੀਪ ਸਿੰਘ ਵਾਈਟ ਰੋਜ਼ ਵੱਲੋਂ ਲੈਂਡ ਸਕੇਪਿੰਗ ਅੱਗੇ ਬਣਾਈ ਗਈ ਝੱਟਪੱਟ ਸਟੇਜ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਇੰਡੀਅਨ ਐਕਸੈਂਟ ਵਾਲਿਆਂ ਦਾ ਖਾਸ ਜ਼ਿਕਰ ਹੋਇਆ ਜਿਨ੍ਹਾਂ ਨੇ ਐਕਸਟ੍ਰਾ ਹਾਊਸ ਫੁੱਲ ਨੂੰ ਖਾਣਾ ਵਧੀਆ ਤਰੀਕੇ ਨਾਲ ਪਰੋਸਿਆ।

Install Punjabi Akhbar App

Install
×