ਦਿੱਲੀ ਵਿਧਾਨ ਸਭਾ ਚੋਣਾਂ- ਟੀ-ਪੁੱਕੀ ਵਿਖੇ ਆਮ ਆਦਮੀ ਪਾਰਟੀ ਲਈ ਹੋਈ ਫੰਡ ਰੇਜਿੰਗ

NZ PIC 25 jan-1ਅੱਜ ਸ਼ਾਮ ਨਿਊਜ਼ੀਲੈਂਡ ਦੇ ਸ਼ਹਿਰ ਟੀ ਪੁਕੀ ਵਿਖੇ ਦਿਲੀ ਵਿਧਾਨ ਸਭਾ ਚੋਣਾ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੀ ਮਾਲੀ ਮਦਦ ਕਰਨ ਲਈ ਰਾਤਰੀ ਭੋਜ ਦਾ ਆਯੋਜਨ ਕਰਕੇ ਪਾਰਟੀ ਵਾਸਤੇ ਫੰਡ ਇਕੱਤਰ ਕੀਤਾ ਗਿਆ। ਵਾਰ ਮੈਮੋਰੀਅਲ ਹਾਲ ਟੀਪੁੱਕੀ ਵਿਖੇ ਹੋਏ ਸਮਾਗਮ ਦੇ ਵਿਚ ਪ੍ਰੋਗਰਾਮ ਦੇ ਸੰਚਾਲਕ ਸ. ਫਤਿਹ ਸਿੰਘ ਨੇ ਸਭ ਤੋਂ ਪਹਿਲਾਂ ਪੁੱਜੇ ਸਾਰੇ ਮਹਿਮਾਨਾਂ ਅਤੇ ਸਥਾਨਕ ਪਾਰਟੀ ਸਹਿਯੋਗੀਆਂ ਨੂੰ ‘ਜੀ ਆਇਆਂ’ ਆਖਿਆ। ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਸੰਖੇਪ ਜਾਣਕਾਰੀ ਦੇ ਕੇ ਆਕਲੈਂਡ ਤੋਂ ਪਾਰਟੀ ਦੇ ਬੁਲਾਰੇ ਸ. ਖੜਗ ਸਿੰਘ ਸਿੱਧੂ ਅਤੇ ਰੋਟੋਰੂਆ ਤੋਂ ਪੁੱਜੇ ਸ੍ਰੀ ਰਾਜੀਵ ਬਾਜਵਾ ਨੂੰ ਪਾਰਟੀ ਗਤੀਵਿਧੀਆਂ ਅਤੇ ਨੀਤੀਆਂ ਤੋਂ ਜਾਣੂ ਕਰਵਾਉਣ ਬਾਰੇ ਬੇਨਤੀ ਕੀਤੀ।
ਸ. ਖੜਗ ਸਿੰਘ ਸਿੱਧੂ ਨੇ ਸੰਖੇਪ ਸ਼ਬਦਾਂ ਦੇ ਵਿਚ ਕਿਹਾ ਕਿ ਜੇਕਰ ਸੱਚ ਦਾ ਅਤੇ ਭਾਰਤ ਦੇ ਵਿਚ ਇਕ ਆਮ ਪੱਧਰ ‘ਤੇ ਜੀਅ ਰਹੇ ਵਿਅਕਤੀ ਦਾ ਸਾਥ ਦੇਣਾ ਹੈ ਤਾਂ ‘ਆਮ ਪਾਰਟੀ’ ਇਕ ਸਹੀ ਪਾਰਟੀ ਹੈ। ਉਨਾਂ ਪਿਛਲੇ ਸਾਲ ਆਕਲੈਂਡ ਦੇ ਵਿਚ ਕੀਤੇ ਗਏ ਪਾਰਟੀ ਫੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਹਰਲੇ ਦੇਸ਼ਾਂ ਦੇ ਵਿਚ ਬੈਠੇ ਪ੍ਰਵਾਸੀ ਪੰਜਾਬੀ ਮਾਇਕ ਸਹਾਇਤਾ ਕਰਕੇ ਜੇਕਰ ਭਾਰਤ ਦੇ ਵਿਚ ਇਕ ਚੰਗੀ ਪਾਰਟੀ ਨੂੰ ਤਰੱਕੀ ਕਰਨ ਦਾ ਮੌਕਾ ਦਿੰਦੇ ਹਨ ਤਾਂ ਆਮ ਵਿਅਕਤੀ ਦੇ ਲਈ ਆਜ਼ਾਦੀ ਦਾ ਮਤਲਬ ਸਾਰਥਿਕ ਰੂਪ ਵਿਚ ਸਾਹਮਣੇ ਆਏਗਾ। ਸੈਨਫਰਾਂਸਿਸਕੋ ਤੋਂ ਆਈ ਕੰਵਲਰੂਪ ਕੌਰ ਜਿਸ ਨੇ ਗਦਰੀ ਬਾਬਿਆਂ ਬਾਰੇ ਡੂੰਘਾ ਅਧਿਐਨ ਕੀਤਾ ਹੈ, ਨੇ ਅੱਜ ਦੇ ਸਮੇਂ ‘ਤੇ ਢੁੱਕਦੀ ਇਕ ਵਿਸ਼ੇਸ਼ ਕਵਿਤਾ ਪੜ੍ਹੀ।
ਇਸ ਤੋਂ ਬਾਅਦ ਸ. ਕੁਲਦੀਪ ਸਿੰਘ ਨੇ ਸਿੱਖ ਇਤਿਹਾਸ ਦੀਆਂ ਕੁਝ ਉਦਾਹਰਣਾਂ ਪੇਸ਼ ਕਰਦਿਆਂ ਅਤੇ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਭਾਂਡਾ ਭੰਨਦਿਆਂ ਇਕ ਸੱਚੀ ਸੋਚ ਰੱਖਣ ਵਾਲੇ ਇਨਸਾਨ ਦੀ ਪਾਰਟੀ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਹਰ ਇਕ ਦਾ ਨਿੱਜੀ ਮਾਮਲਾ ਹੈ ਪਰ ਜੋ ਪਾਰਟੀ ਦੇਸ਼ ਹਿੱਤ ਦੇ ਵਿਚ ਕੁਝ ਕਰਨਾ ਚਾਹੁੰਦੀ ਹੈ ਉਸਦੀ ਜਰੂਰ ਮਦਦ ਕੀਤੀ ਜਾਵੇਸ਼ ਰੋਟੋਰੂਆ ਤੋਂ ਸ੍ਰੀ ਰਾਜਵੀ ਬਾਜਵਾ ਨੇ ਹੋਰ ਬਰੀਕੀ ਦੇ ਵਿਚ ‘ਆਮ ਆਦਮੀ ਪਾਰਟੀ’ ਦੀਆਂ ਨੀਤੀਆਂ ਬਾਰੇ ਗੱਲ ਕੀਤੀ। ਇਸ ਦਰਮਿਆਨ ਡਾ. ਧਰਮਵੀਰ ਗਾਂਧੀ ਹੋਰਾਂ ਦਾ ਪਟਿਆਲਾ ਤੋਂ ਫੋਨ ਆਇਆ ਅਤੇ ਉਨ੍ਹਾਂ ਇਕੱਤਰ ਸਾਰੇ ਪਾਰਟੀ ਸਹਿਯੋਗੀਆਂ ਨੂੰ ਥੋੜੇ ਸ਼ਬਦਾਂ ਦੇ ਵਿਚ ਇਕ ਵੱਡਾ ਸੰਦੇਸ਼ ਦਿੱਤਾ। ਪਾਪਾਮੋਆ ਤੋਂ ਸ. ਨਾਜਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਪਾਰਟੀ ਸਹਾਇਤਾ ਲਈ ਅਪੀਲ ਕੀਤੀ। ਸ. ਫਤਿਹ ਸਿੰਘ ਨੇ ਅਖੀਰ ਦੇ ਵਿਚ ਟੀ ਪੁੱਕੀ ਸਮੇਤ ਨਿਊਜ਼ੀਲੈਂਡ ਵਸਦੇ ਸਾਰੇ ਪਾਰਟੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਰਟੀ ਫੰਡ ਦੇ ਲਈ ਆਪਣਾ ਸਮਾਂ ਅਤੇ ਮਾਇਕ ਸਹਾਇਤਾ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਜਾਣ ਵਾਲੇ ਲੋਕ ਹਿੱਤ ਪ੍ਰੋਗਰਾਮਾਂ ਦੀਆਂ ਬਹੁਤ ਸਾਰੀਆਂ ਉਦਾਹਰਣਾ ਪੇਸ਼ ਕੀਤੀਆਂ ਅਤੇ ਲੋਕ ਪਾਲ ਦੇ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ। ਇਕ ਅੰਦਾਜੇ ਮੁਤਾਬਿਕ 4500 ਡਾਲਰ ਦੇ ਕਰੀਬ ਰਾਸ਼ੀ ਇਕੱਤਰ ਕੀਤੀ ਗਈ ਜਿਸਦਾ ਵੇਰਵਾ ਆਉਣ ਵਾਲੇ ਦਿਨਾਂ ਵਿਚ ਦਿੱਤਾ ਜਾਵੇਗਾ। ਪਾਰਟੀ ਸਹਿਯੋਗ ਦੇ ਲਈ ਸਾਰੇ ਪਾਰਟੀ ਬੁਲਾਰਿਆਂ ਤੋਂ ਇਲਾਵਾ ਸਤਿੰਦਰਪਾਲ ਸਿੰਘ ਪੰਨੂ, ਧਰਮ ਸਿੰਘਸ਼ ਪਿੱਪਲ ਸਿੰਘ, ਹਰਬੰਸ ਸਿੰਘ, ਜਤਿੰਦਰ ਸਿੰਘ, ਹਰਜਿੰਦਰ ਸਿੰਘ, ਬਲਵੰਤ ਸਿੰਘ ਚੀਮਾ, ਗਿਆਨੀ ਮੋਹਿੰਦਰ ਸਿੰਘ, ਸਾਬੀ, ਸੁਰਜੀਤ ਸਿੰਘ, ਰਾਮਕ੍ਰਿਸ਼ਨ, ਚਰਨਜੀਤ ਸਿੰਘ ਤੇ ਦਲੀਪ ਕੁਮਾਰ ਆਦਿ ਸ਼ਾਮਿਲ ਸਨ।

Install Punjabi Akhbar App

Install
×