ਯਾਦਾਂ ਦੇ ਝਰੋਖਿਆਂ ਚੋਂ—–

(ਕਹਾਣੀ)

ਦਸੰਬਰ ਤੋਂ ਠੰਡ ਦਾ ਸਿਲਸਲਾ ਚਲ ਰਿਹਾ ਸੀ।ਨਵਾਂ ਸਾਲ ਚੜਿਆਂ ਅਜੇ ਹਫ਼ਤਾ ਵੀ ਨਹੀਂ ਸੀ ਲੰਘਿਆ ਕਿ ਠੰਡ ਨੇ ਹੋਰ ਵੀ ਜੋਰ ਫੜ ਲਿਆ।ਕਈ ਦਿਨਾਂ ਤੋਂ ਸੂਰਜ ਦੇ ਤਾਂ ਦਰਸ਼ਨ ਵੀ ਨਹੀਂ ਸੀ ਹੋਏ।ਹੁਣ ਤਾਂ ਆਪਣਾ ਸ਼ਹਿਰ ਹੀ ਸ਼ਿਮਲਾ ਬਣਿਆ ਜਾਪ ਰਿਹਾ ਸੀ।ਕੁਦਰਤ ਦੀ ਬੜੀ ਅਜਬ-ਗਜ਼ਬ ਵਿਉਂਤ ਹੈ ਕਿ ਉਸੇ ਹੀ ਥਾਂ ਤੇ ਕਦੇ-ਕਦੇ ਅੱਗ-ਵਰ੍ਹਾਉਂਦੀ ਗਰਮੀ ਪਾ ਦਿੰਦੀ ਹੈ ਤੇ ਕਦੇ ਹੱਡ ਜਮਾ ਦੇਣ ਵਾਲੀ ਠੰਡ।ਹਜ਼ਾਰਾਂ ਫਵਾਰੇ ਚਲਾ-ਕੇ ਵੀ ਕਦੇ ਕੁਦਰਤ ਦੀ ਵਰ੍ਹਾਈ ਬੱਦਲੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕਦੇ ਹਜ਼ਾਰਾਂ ਅਲਾਵ-ਅੰਗੀਠੇ ਬਾਲ-ਕੇ ਸੂਰਜ ਦੀ ਧੁੱਪ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।ਪ੍ਰਮਾਤਮਾ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦਾ ਤੋੜ ਕੱਢਣਾ ਇਨਸਾਨ ਲਈ ਚੁਣੌਤੀ ਰਿਹਾ ਹੈ ਤੇ ਸ਼ਾਇਦ ਰਹਿੰਦੀ ਦੁਨੀਆ ਤੱਕ ਰਹੇਗਾ।ਵੈਸੇ ਤਾਂ ਮਨੁੱਖ ਦੀ ਕਲਪਨਾ ਦੀ ਸੀਮਾ ਦਾ ਕੋਈ ਅੰਤ ਨਹੀਂ ਹੈ। ਹਰ ਵਿਅਕਤੀ ਆਪਣੀ ਪ੍ਰਾਪਤੀ ਤੋਂ ਵੱਧ ਲੈਣ ਦੀ ਕਲਪਨਾ ਕਰਦਾ ਹੈ।ਇਹ ਤਾਂ ਮਨੁੱਖ ਦਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਹੈ।ਸ਼ਾਇਦ ਇਸੇ ਕਰਕੇ ਹੀ ਉਸਨੇ ਅੱਜ ਪਦਾਰਥਵਾਦੀ ਦੁਨੀਆ ਦਾ ਵਧੇਰੇ ਵਿਸਤਾਰ ਆਪਣੇ ਹੀ ਹਿਸਾਬ ਨਾਲ ਕਰ ਲਿਆ ਹੈ।
ਸ਼ਹਿਰ ਦੇ ਉੱਤਰੀ ਕੋਣੇ ਵਿਚ ਸਥਿਤ ਕਮਲਾ ਮਾਰਕੀਟ ਵਿਚ ਮੈਂ ਕਈ ਚਿਰ ਤੋਂ ਮਨਿਆਰੀ ਦੀ ਦੁਕਾਨ ਚਲਾ ਰਿਹਾ ਹਾਂ।ਅੱਜ ਸਵੇਰ ਦੀ ਗੱਲ ਹੈ ਕਿ ਇੱਕ ਬੜੇ ਤਿੱਖੇ-ਸੋਹਣੇ-ਨੈਣ-ਨਕਸ਼ ਵਾਲੀ ਬੜੀ ਹੀ ਖੂਬਸੂਰਤ ਕੁੜੀ ਮੇਰੀ ਦੁਕਾਨ ਤੇ ਆਈ।ਸੁਰਾਹੀਦਾਰ-ਚਿੱਟੀ-ਗਰਦਨ ਤੇ ਗਰਦਨ ਤੱਕ ਕੱਟੇ ਵਾਲ,ਸੋਹਣਾ ਕੱਦ-ਕਾਠ,ਪਤਲੀ-ਪਤੰਗ ਤੇ ਦਿਲ-ਖਿੱਚਵੀਂ,ਬੜੀ ਹੀ ਸੁਰੀਲੀ ਆਵਾਜ਼ ਦੀ ਮਲਕਾ,ਨੀਲੀ ਜ਼ੀਨ ਤੇ ਸਫ਼ੈਦ-ਟਾੱਪ ਪਾਈ ਕੁਝ ਸਾਮਾਨ ਲੈਣ ਆਈ ।ਉਹ ਲੜਕੀ ਬਹੁਤ ਖੂਬਸੂਰਤ ਸੀ।ਲੜਕੀ ਦੀ ਉਮਰ ਲਗਭਗ ਅਠਾਰ੍ਹਾਂ-ਉੱਨੀ ਸਾਲ ਦੀ ਹੋਵੇਗੀ। ਉਹ ਕਿਸੇ ਦੂਜੇ ਸ਼ਹਿਰ ਦੀ ਲੱਗ ਰਹੀ ਸੀ।ਥੋੜ੍ਹਾ-ਬਹੁਤ ਸਾਮਾਨ ਲੈਕੇ ਉਹ ਲੜਕੀ ਵਾਪਸ ਜਾ ਚੁੱਕੀ ਸੀ ।ਉਸ ਲੜਕੀ ਨੂੰ ਵੇਖ ਕੇ ਮੈਨੂੰ ਪਤਾ ਨਹੀਂ ਕਿਉਂ ਅੱਜ ਪਹਿਲੀ ਵਾਰੀ ਅਪਣੱਤ ਦਾ ਅਹਿਸਾਸ ਜਿਹਾ ਹੋ ਰਿਹਾ ਸੀ।ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਲੜਕੀ ਮੇਰੀ ਹੀ ਕੋਈ ਆਪਣੀ ਹੋਵੇ ਪਰ ਮੈਂ ਉਸਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਸੀ।ਵੈਸੇ ਮੇਰੇ ਦੋ ਲੜਕੇ ਹਨ।ਜਿਨ੍ਹਾਂ ਵਿਚੋਂ ਇੱਕ ਤਾਂ ਉਸ ਕੁੜੀ ਦੇ ਹਾਣ ਦਾ ਤੇ ਦੂਜਾ ਉਸ ਨਾਲੋਂ ਛੋਟਾ ਲੱਗਦਾ ਸੀ।ਮੇਰੇ ਮਨ ਵਿਚ ਉਸ ਲੜਕੀ ਦੇ ਪ੍ਰਤੀ ਕੋਈ ਮਾੜਾ ਭਾਵ ਨਹੀਂ ਸੀ ਪਰ ਮੈਨੂੰ ਉਸ ਲੜਕੀ ਵਿਚ ਆਪਣਾਪਣ ਜਿਹਾ ਜਾਪ ਰਿਹਾ ਸੀ।ਪਰ ਮੈਂ ਉਸਨੂੰ ਕਦੇ ਪਹਿਲਾਂ ਨਹੀਂ ਸੀ ਤੱਕਿਆ,ਇਹ ਵੀ ਮੈਨੂੰ ਪਤਾ ਸੀ।ਸਾਰਾ ਦਿਨ ਇਸ ਉਲਝਣ ਵਿਚ ਹੀ ਲੰਘ ਗਿਆ।
ਸ਼ਾਮ ਹੋ ਚੁੱਕੀ ਸੀ।ਧੁੰਦ ਨੇ ਅੱਜ ਪੰਜ ਵਜੇ ਹੀ ਆਪਣਾ ਪਸਾਰਾ ਕਰ ਲਿਆ ਸੀ।ਬੰਦੇ ਨੂੰ ਬੰਦਾ ਨਜ਼ਰ ਨਹੀਂ ਸੀ ਆ ਰਿਹਾ।ਗੱਡੀਆਂ ਦੀਆਂ ਲਾਈਟਾਂ ਜਿਵੇਂ ਆਪਣੇ-ਆਪ ਵਿਚ ਹੀ ਸਿਮਟ ਗਈਆਂ ਸਨ।ਦੁਕਾਨ ਤੋਂ ਸਾਡਾ ਘਰ ਕੋਈ ਚਾਰ-ਪੰਜ ਕਿਲੋਮੀਟਰ ਦੀ ਦੂਰੀ ਤੇ ਸੀ।ਪਹਿਲਾਂ ਅਸੀਂ ਪੁਰਾਣੇ ਸ਼ਹਿਰ ਦੇ ਅੰਦਰ ਹੀ ਰਿਹਾ ਕਰਦੇ ਸੀ।ਪਰ ਹੁਣ ਕੋਈ ਪੰਜ-ਛੇ ਸਾਲ ਤੋਂ ਅਸੀਂ ਪੁੱਡਾ ਕਲੋਨੀ ਵਿਚ ਘਰ ਬਣਾ ਲਿਆ ਸੀ।ਦੁਕਾਨ ਵਧਾਕੇ ਮੈਂ ਘਰ ਜਾਣ ਦੀ ਤਿਆਰੀ ਕੀਤੀ।ਗੱਡੀ ਬਾਹਰ ਕੱਢੀ ਤੇ ਘਰ ਨੂੰ ਤੁਰ ਪਿਆ।ਲੜਕੀ ਦੇ ਖ਼ਿਆਲ ਨੇ ਅਜੇ ਵੀ ਮੈਨੂੰ ਰੁਮਾਂਚਕ ਕੀਤਾ ਹੋਇਆ ਸੀ।ਸੜਕ ਤੇ ਧੁੰਦ ਬੜੀ ਗਹਿਰੀ ਸੀ।ਵਿਜ਼ੀਬਿਲਟੀ ਮਸਾਂ-ਕੁ ਦਸ-ਪੰਦਰਾਂ ਫੁੱਟ ਦੀ ਹੋਵੇਗੀ।ਕਾਰ ਵਿਚ ਬੈਠਦੇ ਹੀ ਮੈਂ ਹੀਟਰ ਆੱਨ ਕਰ ਲਿਆ ਜਿਸ ਨਾਲ ਕਾਰ ਦੇ ਅੰਦਰ ਦਾ ਮਾਹੌਲ ਵੀ ਕੁਝ ਗਰਮਾ ਗਿਆ।
ਉਸ ਕੁੜੀ ਦਾ ਖ਼ਿਆਲ ਦਿਲੋ-ਦਿਮਾਗ਼ ਤੇ ਛਾ ਚੁੱਕਾ ਸੀ।ਕੁੜੀ ਦੀ ਖੂਬਸੂਰਤੀ ਨੇ ਮਨ ਨੂੰ ਬੜਾ ਹੀ ਮੋਹਿਤ ਕੀਤਾ ਹੋਇਆ ਸੀ।ਉਸਦਾ ਨਵਾਂ-ਨਰੋਇਆ ਚਿਹਰਾ ਵੇਖਕੇ ਇਉਂ ਲੱਗ ਰਿਹਾ ਸੀ ਜਿਵੇਂ ਰੱਬ ਨੇ ਦੁੱਧ ਦੇ ਨਾਲ ਗੁੰਨ੍ਹਕੇ ਬਣਾਇਆ ਹੋਵੇ।
”ਅੰਕਲ,ਤੁਹਾਡਾ ਸ਼ਹਿਰ ਬਹੁਤ ਸੋਹਣਾ ਤੇ ਚੰਗਾ ਹੈ”
”ਬੇਟਾ,ਸਾਡੇ ਸ਼ਹਿਰ ਦੇ ਲੋਕ,ਸਾਡੇ ਸ਼ਹਿਰ ਨਾਲੋਂ ਵੀ ਚੰਗੇ ਨੇ”
”ਹਾਂ, ਇਹ ਤਾਂ ਗੱਲ ਠੀਕ ਹੈ ਕਿ ਤੁਹਾਡੇ ਸ਼ਹਿਰ ਦੇ ਲੋਕ ਵੀ ਬਹੁਤ ਵਧੀਆ ਨੇ”ਉਹ ਗੱਲ ਕਰਦੇ-ਕਰਦੇ ਅਗਾਂਹ ਤੁਰ ਗਈ।ਮੇਰਾ ਮਨ ਉਸ ਨਾਲ ਅਜੇ ਹੋਰ ਵੀ ਗੱਲਾਂ ਕਰਨਾ ਚਾਹੁੰਦਾ ਸੀ।ਮਨ ਉਸਨੂੰ ਵੇਖਕੇ ਬੜਾ ਹੀ ਨਿੱਘਾ-ਨਿੱਘਾ ਜਿਹਾ ਮਹਿਸੂਸ ਕਰ ਰਿਹਾ ਸੀ।ਘਰ ਜਾਣ ਦਾ ਅਜੇ ਚਿੱਤ ਨਹੀਂ ਸੀ ਹੋ ਰਿਹਾ।ਉਹ ਫਿਰ ਵਾਪਸ ਪਰਤ ਆਵੇ,ਦਿਲ ਬਾਰ-ਬਾਰ ਕਹਿ ਰਿਹਾ ਸੀ।ਅਚਾਨਕ ਫੋਨ ਵੱਜਾ, ਮੇਰੀ ਬੀਵੀ ਦਾ ਸੀ।ਅਚਾਨਕ ਯਾਦ ਆਇਆ ਕਿ ਮੇਰੀ ਬੀਵੀ ਤਾਂ ਸ਼ਹਿਰ ਹੀ ਪੁਰਾਣੇ ਘਰ ਯਾਨੀ ਮੇਰੇ ਵੱਡੇ ਭਾਈਸਾਬ ਦੇ ਘਰ ਆਈ ਹੋਈ ਸੀ।ਉਸਨੂੰ ਵੀ ਮੈਂ ਨਾਲ ਲੈਕੇ ਜਾਣਾ ਸੀ।ਮੈਂ ਕਾਰ ਘਰ ਦੇ ਰਸਤੇ ਦੀ ਬਜਾਏ ਸ਼ਹਿਰ ਵੱਲ ਨੂੰ ਮੋੜ ਦਿੱਤੀ।ਰਾਹ ਵਿਚ ਕਈ ਜਗ੍ਹਾ ਜਾਮ ਲੱਗਾ ਹੋਇਆ ਸੀ।ਪੁਰਾਣੇ ਸ਼ਹਿਰਾਂ ਵਿਚ ਅਕਸਰ ਗਲੀਆਂ,ਸੜਕਾਂ ਛੋਟੀਆਂ ਹੋਣ ਕਾਰਨ ਜਾਮ ਲੱਗਾ ਰਹਿੰਦਾ ਸੀ।ਕਾਫ਼ੀ ਸਮਾਂ ਲੱਗਾ ਮੈਨੂੰ ਭਾਈਸਾਬ ਦੇ ਘਰ ਪੁੱਜਦੇ-ਪੁੱਜਦੇ।ਜਲਦੀ ਹੀ ਆਪਣੀ ਬੀਵੀ ਨੂੰ ਲੈਕੇ ਮੈਂ ਘਰ ਵਾਪਸ ਪਰਤ ਆਇਆ।ਰਾਹ ਵਿਚ ਮੇਰੀ ਬੀਵੀ ਮੇਰੇ ਨਾਲ ਘਰ ਦੀਆਂ ਗੱਲਾਂ ਕਰਦੀ ਰਹੀ ਪਰ ਮੈਨੂੰ ਉਸਦੀ ਇੱਕ ਵੀ ਗੱਲ ਸਮਝ ਨਹੀਂ ਸੀ ਆਈ।ਮੈਂ ਉਸ ਕੁੜੀ ਦੇ ਖ਼ਿਆਲਾਂ ਵਿਚ ਗੁਆਚਾ ਹੋਇਆ ਸਾਂ।ਮੈਨੂੰ ਆਪਣੇ ਆਲੇ-ਦੁਆਲੇ ਉਸ ਕੁੜੀ ਦੇ ਹੋਣ ਦਾ ਇੱਕ ਖੂਬਸੂਰਤ ਅਹਿਸਾਸ ਹੋ ਰਿਹਾ ਸੀ।ਉਸ ਕੁੜੀ ਦੇ ਮੂੰਹ ਵਿਚੋਂ ਕਿਰੇ ਸ਼ਬਦ ਮੈਨੂੰ ਕਿਸੇ ਕੋਇਲ ਦੀ ਸੁਰੀਲੀ-ਕੂਕ ਜਿਹੇ ਲੱਗ ਰਹੇ ਸਨ।ਉਸ ਦੀਆਂ ਹਿਰਨੀ ਜਿਹੀਆਂ ਖੂਬਸੂਰਤ ਅੱਖਾਂ ਮੈਂਨੂੰ ਆਪਣੇ ਵੱਲ ਮੋਹ ਰਹੀਆਂ ਸਨ।ਮੈਂ ਇੱਕ ਪਲ ਵੀ ਉਸਦੇ ਅਹਿਸਾਸ ਨੂੰ ਆਪਣੇ ਤੋਂ ਪਰ੍ਹਾਂ ਨਹੀਂ ਸਾਂ ਹੋਣ ਦੇਣਾ ਚਾਹੁੰਦਾ।ਪਤਾ ਨਹੀਂ ਉਹ ਮੈਨੂੰ ਇੰਨੀ ਦਿਲ ਖਿੱਚਵੀਂ ਕਿਉਂ ਲੱਗ ਰਹੀ ਸੀ।
”ਕੀ ਗੱਲ ਹੈ,ਅੱਜ ਕੁਝ ਗੁਆਚੇ-ਗੁਆਚੇ ਜਿਹੇ ਜਾਪ ਰਹੇ ਹੋ”ਮੇਰੀ ਬੀਵੀ ਨੇ ਆਖਿਰ ਮੈਨੂੰ ਪੁੱਛ ਹੀ ਲਿਆ।
”ਨਹੀਂ-ਨਹੀਂ,ਐਸੀ ਤਾਂ ਕੋਈ ਗੱਲ ਨਹੀਂ ਹੈ”ਮੈਂ ਰੁੱਝੇ-ਰੁੱਝੇ ਹੀ ਜਵਾਬ ਦਿੱਤਾ।ਪਰ ਮੇਰੇ ਮਨ ਅੰਦਰ ਅਜੀਬ ਕਿਸਮ ਦਾ ਦਵੰਧ ਚਲ ਰਿਹਾ ਸੀ।ਰੋਟੀ ਖਾਣ ਤੋਂ ਬਾਅਦ ਮੈਂ ਸਿੱਧਾ ਬਿਸਤਰ ਤੇ ਜਾ ਲੇਟਿਆ।ਮੇਰੀ ਬੀਵੀ ਕਦੋਂ ਮੇਰੇ ਲਾਗੇ ਆਕੇ ਸੋਂ ਗਈ,ਮੈਨੂੰ ਪਤਾ ਹੀ ਨਾ ਲੱਗਾ।ਰਜਾਈ ਤੇ ਫਲਾਲੈਣ ਦਾ ਗਲਾਫ਼ ਝੱਟ ਹੀ ਗਰਮ ਹੋ ਗਿਆ।ਨਿੱਘ ਨੇ ਸਰੀਰ ਅੰਦਰ ਇੱਕ ਅਜੀਬ ਤਰ੍ਹਾਂ ਦਾ ਅਨੰਦ ਭਰ ਦਿੱਤਾ।ਅੱਧ-ਸੁੱਤੀਆਂ ਅੱਖਾਂ ਅੱਗੇ ਗੁਜ਼ਰੇ-ਜ਼ਮਾਨੇ ਦਾ ਜਿਵੇਂ ਚਿੱਠਾ ਖੁੱਲ੍ਹਦਾ ਨਜ਼ਰ ਆਉਣ ਲੱਗਾ।ਜੀਵਨ ਕਈ ਸਾਲ ਪਿੱਛੇ ਵਾਲੇ ਪਾਸੇ ਨੂੰ ਸਰਕਣਾ ਸ਼ੁਰੂ ਹੋ ਗਿਆ।ਆਹਿਸਤਾ-ਆਹਿਸਤਾ ਆਪਣੇ-ਆਪ ਹੀ ਇਤਿਹਾਸ ਦੇ ਪੰਨੇ ਪਰਤੋਣ ਲੱਗੇ।
ਮਨ ਆਪਣੀ ਗਤੀ ਨਾਲ ਉੱਭੜ-ਖਾਬੜ ਗਲੀਆਂ ਵਿਚੋਂ ਹੁੰਦਾ ਹੋਇਆ ਚੜਦੇ ਪਾਸੇ ਟੇਡੀ ਜਿਹੀ ਗਲੀ ਵਿਚ ਜਾ ਵੜਿਆ।ਫਿਰ ਸੱਜੇ ਪਾਸੇ ਮੁੜਦੇ ਹੋਏ ਇੱਕ ਪੁਰਾਣੇ ਪਿੱਤਲ ਦੇ ਕੋਕਿਆਂ ਵਰਗੇ ਕਿੱਲਾਂ ਨਾਲ ਜੜੇ ਇੱਕ ਦਰਵਾਜ਼ੇ ਅੱਗੇ ਜਾ ਖਲੋਤਾ।ਦਰਵਾਜ਼ਾ ਅੰਦਰੋਂ ਲੱਕੜ ਦੇ ਹੋੜੇ ਨਾਲ ਬੰਦ ਕੀਤਾ ਹੋਇਆ ਸੀ ਤੇ ਬਾਹਰ ਵੱਲ ਨੂੰ ਇੱਕ ਲੱਕੜ ਦਾ ਹੱਥਾ ਉਸ ਦਰਵਾਜ਼ੇ ਨੂੰ ਖੋਲ੍ਹਣ ਲਈ ਵੀ ਲੱਗਾ ਹੋਇਆ ਸੀ।ਮੈਂ ਆਹਿਸਤਾ ਜਿਹੇ ਉਸਨੂੰ ਘੁੰਮਾਇਆ।ਦਰਵਾਜ਼ਾ ਆਪਣੇ-ਆਪ ਖੁੱਲ੍ਹ ਗਿਆ।ਅੰਦਰ ਕੋਈ ਵੀ ਨਹੀਂ ਸੀ।ਇਹ ਦਰਵਾਜ਼ਾ ਡਿਉਢੀ ਵਿਚ ਹੀ ਖੁੱਲ੍ਹਦਾ ਸੀ।ਸੱਜੇ ਹੱਥ ਇੱਕ ਛੋਟੀ ਜਿਹੀ ਬੈਠਕ ਸੀ।ਡਿਉਢੀ ਦੇ ਅੱਗੇ ਇੱਕ ਵਿਹੜਾ ਤੇ ਸਾਹਮਣੇ ਉਸ ਤੋਂ ਅੱਗੇ ਦੋ ਕਮਰੇ ਤੇ ਸੱਜੇ ਪਾਸੇ ਉੱਚੇ ਫਰਸ਼ ਵਾਲੀ ਇੱਕ ਰਸੋਈ।ਉਸਨੂੰ ਵੀ ਪਿੱਤਲ ਦੇ ਕੋਕਿਆ ਨਾਲ ਜੜਿਆ ਦਰਵਾਜ਼ਾ ਲੱਗਾ ਹੋਇਆ ਸੀ।ਸਾਰੇ ਘਰ ਦੇ ਦਰਵਾਜ਼ੇ ਵਿਹੜੇ ਵਿਚ ਹੀ ਖੁੱਲ੍ਹਦੇ ਸਨ ਤੇ ਸਭ ਨੂੰ ਜੰਦਰੇ ਲੱਗੇ ਹੋਏ ਸਨ।
ਬਾਹਰ ਵਾਲੇ ਦਰਵਾਜ਼ੇ ਨੂੰ ਛੱਡਕੇ ਸਾਰੇ ਹੀ ਦਰਵਾਜ਼ੇ ਬੰਦ ਸਨ।ਸੁਭਾਵਕ ਹੀ ਸੀ ਕਿ ਘਰ ਕੋਈ ਵੀ ਨਹੀਂ ਸੀ।ਮੈਂ ਖੱਬੇ ਪਾਸੇ ਤੱਕਿਆ,ਇੱਕ ਪੱਕੀ ਪੌੜੀ ਘਰ ਨੂੰ ਉਸਦੇ ਚੌਬਾਰੇ ਨਾਲ ਜੋੜ ਰਹੀ ਸੀ।ਪੌੜੀ ਚੜ੍ਹਦੇ ਹੀ ਚੌਬਾਰੇ ਤੇ ਸਾਹਮਣੇ ਹੀ ਇੱਕ ਕਮਰਾ ਬਣਿਆ ਹੋਇਆ ਸੀ ਤੇ ਕਮਰੇ ਅੱਗੋਂ ਲੰਘ ਕੇ ਸੱਜੇ ਪਾਸੇ ਵੱਲ ਰਸੋਈ ਦੇ ਉੱਪਰ ਬਣੇ ਇੱਕ ਖੁੱਲੇ ਢਾਰੇ ਵਿਚੋਂ ਦੀ ਲੰਘ ਕੇ ਬਾਹਰ ਵਾਲੇ ਪਾਸੇ ਤੋਂ ਖੁੱਲੇ ਚੌਬਾਰੇ ਤੇ ਜਾਇਆ ਜਾ ਸਕਦਾ ਸੀ ਜਿਥੋਂ ਦੀ ਬਾਹਰ ਗਲੀ ਦਾ ਸਾਰਾ ਨਜ਼ਾਰਾ ਵੇਖਿਆ ਜਾ ਸਕਦਾ ਸੀ।
ਹੌਲੀ-ਹੌਲੀ ਮੈਂ ਪੌੜੀ ਚੜ੍ਹਿਆ।ਪੌੜੀ ਘਰ ਦੇ ਖੱਬੇ ਪਾਸੇ ਸੀ।ਪੌੜੀ ਚੜ੍ਹਦੇ-ਚੜ੍ਹਦੇ ਤੇ ਚੌਬਾਰੇ ਤੱਕ ਆਉਂਦੇ-ਆਉਂਦੇ ਖੱਬੇ ਪਾਸੇ ਦਾ ਗੁਆਂਢੀਆਂ ਦਾ ਸਾਰਾ ਘਰ ਸਾਈਡ ਤੇ ਬਣੀ ਕੰਧ ਵਿਚ ਰੱਖੇ ਛੇਕਾਂ ਵਿਚੋਂ ਦੀ ਨਜ਼ਰ ਆ ਰਿਹਾ ਸੀ।ਪੁਰਾਣੇ ਜ਼ਮਾਨੇ ਵਿਚ ਆਮਤੌਰ ਤੇ ਲਾਗਲੀਆਂ ਕੰਧਾਂ ਵਿਚ ਸਾਂਝ ਰੱਖ ਲਈ ਜਾਂਦੀ ਸੀ ਤਾਂ ਜੋ ਆਪਸ ਵਿਚ ਪਿਆਰ ਬਣਿਆ ਰਹੇ।ਪੌੜੀ ਚੜ੍ਹਕੇ ਆਹਿਸਤਾ-ਆਹਿਸਤਾ ਮੈਂ ਚੌਬਾਰੇ ਤੇ ਆ ਗਿਆ।ਉੱਪਰ ਕੋਈ ਵੀ ਨਹੀਂ ਸੀ।ਘਰ ਜਾਣਿਆ-ਪਹਿਚਾਣਿਆ ਲੱਗ ਰਿਹਾ ਸੀ।ਹੌਲੀ-ਹੌਲੀ ਮੈਂ ਉਤਾਂਹ ਚੜ ਕੇ ਕਮਰੇ ਅੱਗੋ ਹੁੰਦਾ ਹੋਇਆ ਢਾਰੇ ਵਿਚ ਜਾ ਖਲੋਤਾ।ਉਸ ਥਾਂਈ ਖੱਬੇ ਪਾਸੇ ਰੱਖੀ ਬਾਰੀ ਵਿਚੋਂ ਲਾਗਲੇ ਘਰ ਦੇ ਚੌਬਾਰੇ ਦਾ ਸਾਰਾ ਨਜ਼ਾਰਾ ਸਾਫ਼ ਦਿੱਸ ਰਿਹਾ ਸੀ।ਕੁਝ ਦੇਰ ਮੈਂ ਉਸ ਢਾਰੇ ਨੂੰ ਚੰਗੀ ਤਰ੍ਹਾਂ ਵੇਖਦਾ ਰਿਹਾ।ਉਸ ਢਾਰੇ ਅੰਦਰ ਆਲਿਆਂ ਵਿਚ ਮੈਨੂੰ ਆਪਣੀ ਯਾਦਾਂ ਦੇ ਕਈ ਦਸਤਾਵੇਜ਼ ਦਿੱਸ ਰਹੇ ਸਨ।ਮੈਂ ਹੌਲੀ-ਹੌਲੀ ਯਾਦਾਂ ਦੇ ਬਣੇ ਸਮੁੰਦਰ ਵਿਚ ਜਾ ਵੜਿਆ।ਸਮੁੰਦਰ ਯਾਦਾਂ ਦੀਆਂ ਰੰਗ-ਬਿਰੰਗੀਆਂ ਮਛਲੀਆਂ ਨਾਲ ਭਰਿਆ ਪਿਆ ਸੀ।ਮੈਂ ਆਹਿਸਤਾ-ਆਹਿਸਤਾ ਸਮੁੰਦਰ ਦੇ ਗਹਿਰੇ ਪਾਣੀ ਰੂਪੀ ਆਪਣੇ ਅਤੀਤ ਵਿਚ ਗੁਆਚਦਾ ਜਾ ਰਿਹਾ ਸਾਂ ਤੇ ਯਾਦਾਂ ਦੀਆਂ ਖੂਬਸੂਰਤ ਤੇ ਰੰਗੀਨ ਮਛਲੀਆਂ ਵਾਰੋ-ਵਾਰ ਮੇਰਾ ਚੁੰਮਣ ਲੈਣ ਵਾਸਤੇ ਬੇਸਬਰੀਆਂ ਹੋ ਰਹੀਆਂ ਸਨ।ਸਮੁੰਦਰ ਦਾ ਪਾਣੀ ਸ਼ਹਿਦ ਨਾਲੋਂ ਵੀ ਮਿੱਠਾ ਜਾਪ ਰਿਹਾ ਸੀ।ਮੇਰੀਆਂ ਅੱਖਾਂ ਢਾਰੇ ਵਿਚ ਬਣੇ ਇੱਕ ਝਰੋਖੇ ਵਿਚ ਜਾ ਅਟਕੀਆਂ ।ਉਸ ਝਰੋਖੇ ਵਿਚੋਂ ਲਾਗਲੇ ਘਰ ਦਾ ਚੌਬਾਰਾ ਸਾਫ਼ ਨਜ਼ਰ ਆ ਰਿਹਾ ਸੀ।ਅਚਾਨਕ ਝਾਂਜਰਾਂ ਦੀ ਛਣਛਣਾਹਟ ਨਾਲ ਸਾਰਾ ਵਾਤਾਵਰਣ ਝਿਲਮਿਲਾ ਉਠਿਆ।ਲਾਗਲੇ ਘਰ ਦੇ ਚੌਬਾਰੇ ਤੇ ਇੱਕ ਲੱਮਝਲੱਮੀ,ਗਰਦਨ ਤੱਕ ਕੱਟੇ ਹੋਏ ਸੋਹਣੇ-ਘਣੇ-ਕਾਲੇ ਵਾਲਾਂ ਵਾਲੀ ਖੂਬਸੂਰਤ ਕੁੜੀ ਆ ਖਲੋਤੀ।ਕੁੜੀ ਅੱਤ ਦੀ ਖੂਬਸੂਰਤ ਸੀ।ਉਹ ਸਿੱਧੀ ਜਿਵੇਂ ਮੇਰੇ ਦਿਲ ਵਿਚ ਆ ਵਸੀ ਸੀ।ਚਿੱਤ ਕਰ ਰਿਹਾ ਸੀ ਉਸਨੂੰ ਬੁਲਾਵਾਂ,ਉਸ ਕੋਲ ਜਾਵਾਂ ਪਰ ਹਿੰਮਤ ਨਹੀਂ ਸੀ ਪੈ ਰਹੀ।ਪਰ ਉਸਦੀ ਖੂਬਸੂਰਤੀ ਦੀ ਖੁਸ਼ਬੋ ਮੇਰੀ ਰੂਹ ਤੱਕ ਸਮਾ ਗਈ ਸੀ।
ਇਹ ਕੀ!ਮੇਰਾ ਤਾਂ ਕੱਦ ਅਚਾਨਕ ਛੋਟਾ ਹੋ ਗਿਆ।ਝਰੋਖੇ ਵਿਚੋਂ ਵੇਖਣ ਲਈ ਮੈਨੂੰ ਹੁਣ ਆਪਣੇ ਪੈਰਾਂ ਹੇਂਠ ਦੋ ਇੱਟਾਂ ਰੱਖਣੀਆਂ ਪੈ ਗਈਆਂ ਹਨ ਜੋ ਕੰਧ ਤੇ ਕੱਪੜੇ ਸੁਖਾਉਣ ਲਈ ਰੱਖੀਆਂ ਹੋਈਆਂ ਨੇ।ਮੈਂ ਲਗਾਤਾਰ ਉਸ ਲੜਕੀ ਨੂੰ ਝਰੋਖੇ ਵਿਚੋਂ ਦੀ ਵੇਖੀ ਜਾ ਰਿਹਾ ਹਾਂ।ਮੇਰਾ ਬਾਰ-ਬਾਰ ਜੀਅ ਕਰ ਰਿਹਾ ਹੈ ਕਿ ਮੈਂ ਉਸ ਲੜਕੀ ਕੋਲ ਜਾਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਾਂ।ਪਰ ਪੈਰ ਅਗਾਂਹ ਨਹੀਂ ਵੱਧ ਰਹੇ।ਕਿਸੇ ਸੋਹਣੀ,ਖੂਬਸੂਰਤ ਤੇ ਜਵਾਨ ਲੜਕੀ ਨਾਲ ਗੱਲ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ।ਫਿਰ ਮੈਂ ਤਾਂ ਸ਼ੁਰੂ ਤੋਂ ਹੀ ਸ਼ਰਮਾਕਲ ਸਾਂ,ਮਾਂ ਅਕਸਰ ਕਿਹਾ ਕਰਦੀ।ਮੇਰੇ ਵਰਗਾ ਬੁੱਧੂ-ਬਾਟਾ ਇਨਸਾਨ, ਕਿਵੇਂ ਕਰ ਸਕਦਾ ਹੈ ਉਸ ਨਾਲ ਗੱਲ।ਇੰਨੀ ਖੂਬਸੂਰਤ ਕੁੜੀ ਦੀ ਤਾਂ ਜਿਵੇਂ ਨੌਕਰੀ ਕਰਨ ਦਾ ਮਨ ਕਰਦਾ ਹੈ।ਆਹਿਸਤਾ-ਆਹਿਸਤਾ ਉਹ ਕੁੜੀ ਸਾਰੇ ਕੋਠੇ ਦਾ ਚੱਕਰ ਕੱਟਦੀ-ਕੱਟਦੀ ਜਿੱਥੇ ਮੈਂ ਖੜ੍ਹਾ ਸਾਂ ਉਸ ਘਰ ਵਾਲੇ ਪਾਸੇ ਤੱਕਣ ਲੱਗੀ ਤੇ ਹੌਲੇ ਜਿਹੇ ਦੋਹਾਂ ਘਰਾਂ ਵਿਚਕਾਰ ਬਣੀ ਝਰੋਖਿਆਂ ਵਾਲੀ ਦੀਵਾਰ ਤਾਂਈ ਘਰ ਦੇ ਹੇਂਠਲੇ ਵਿਹੜੇ ਵੱਲ ਮੂੰਹ ਕਰਕੇ ਆਵਾਜ਼ ਲਗਾਉਣ ਲੱਗੀ।
”ਆਂਟੀ———–?”ਉਸਦੀ ਆਵਾਜ਼ ਕੋਇਲ ਦੀ ਕੂਕ ਤੋਂ ਵੀ ਮਿੱਠੀ ਲੱਗ ਰਹੀ ਸੀ।
”ਡੌਲੀ—– ਕੀ ਹਾਲ ਐ ਪੁੱਤਰ?”
”ਆਂਟੀ.. ਠੀਕ ਹੈ, ਤੁਸੀਂ ਕਿੱਥੇ ਗਏ ਹੋਏ ਸੀ”
”ਬਜ਼ਾਰ ਗਈ ਸਾਂ”
”ਅੱਛਾ”
”ਆ ਜਾ ਬੇਟਾ”
”ਆਂਟੀ ਆਈ ਮੈਂ ਬਸ” ਕਹਿ ਉਹ ਦੌੜਕੇ ਚੌਬਾਰੇ ਦੀ ਕੰਧ ਟੱਪਕੇ ਢਾਰੇ ਥਾਂਈ ਹੁੰਦੀ ਹੋਈ ਘਰ ਦੇ ਵਿਹੜੇ ਵਿਚ ਪਹੁੰਚ ਗਈ।ਮੈਂ ਥੱਲੇ ਝਾਤ ਮਾਰੀ।ਉਹ ਗੁਲਾਬ ਦੀਆਂ ਕੋਮਲ ਪੰਖੜੀਆਂ ਤੋਂ ਵੀ ਕੋਮਲ ਲੱਗ ਰਹੀ ਸੀ।ਉਸਦਾ ਗੋਰਾ ਰੰਗ ਦੁੱਧ ਨਾਲੋਂ ਵੀ ਚਿੱਟਾ ਜਾਪ ਰਿਹਾ ਸੀ।ਕਮਾਲ ਦੀ ਖੂਬਸੂਰਤੀ ਮੈਨੂੰ ਆਪਣੇ ਚੁਫੇਰੇ ਫੈਲੀ ਨਜ਼ਰ ਆ ਰਹੀ ਸੀ।ਕਿਸੇ ਅਲੱਗ ਹੀ ਬ੍ਰਹਮੰਡ ਤੇ ਹੋਣ ਦਾ ਅੰਦਾਜ਼ਾ ਹੋ ਰਿਹਾ ਸੀ।ਕੁਝ ਵੀ ਸਮਝ ਨਹੀਂ ਸੀ ਆ ਰਿਹਾ।ਥੱਲੇ ਘਰ ਦੇ ਵਿਹੜੇ ਵਿਚ ਕੁੜੀ ਦੇ ਲਾਗੇ ਬੈਠੀ ਔਰਤ ਤਾਂ ਮੇਰੀ ਚਾਚੀ ਸੀ।ਆਹਿਸਤਾ-ਆਹਿਸਤਾ ਮੇਰੀਆਂ ਯਾਦਾਂ ਦਾ ਵਜ਼ੂਦ ਹੇਠਾਂ ਉਤਰਿਆ।ਮੈਨੂੰ ਮੇਰਾ ਕੱਦ ਕਾਫ਼ੀ ਛੋਟਾ ਹੁੰਦਾ ਜਾਪ ਰਿਹਾ ਸੀ।ਚਿਹਰੇ ਤੋਂ ਮੁੱਛਾਂ ਵੀ ਗਾਇਬ ਸਨ।ਬਾਹਰ ਵਾਲੇ ਦਰਵਾਜ਼ੇ ਤਾਂਈ ਮੈਂ ਆਪਣੇ-ਆਪ ਨੂੰ ਘਰ ਦੇ ਅੰਦਰ ਵੜਦੇ ਤੱਕਿਆ।ਮੈਂ ਚਾਚੀ ਦੇ ਪੈਰੀ ਹੱਥ ਲਾਇਆ।
”ਆ ਵੇ ਰਾਜ,ਕਿੱਥੋਂ ਆਇਆ ਏਂ?” ਚਾਚੀ ਨੇ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਬੜੇ ਪਿਆਰ ਨਾਲ ਪੁੱਛਿਆ।
”ਚਾਚੀ,ਸਕੂਲੋਂ ਆਇਆ ਹਾਂ”
”ਆ ਬਹਿ ਜਾ ਫਿਰ ਮੇਰੇ ਕੋਲ”ਚਾਚੀ ਨੇ ਫਿਰ ਤੋਂ ਇੱਕ ਵਾਰ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ।ਮੈਂ ਚਾਚੀ ਲਾਗੇ ਬੈਠ ਗਿਆ।ਮੰਜੀ ਦੀ ਪਰਿਆਂਦੇ ਮੈਂ ਬੈਠਾ ਸਾਂ ਤੇ ਸਰਾਂਦੇ ਉਹ ਸੋਹਣੀ ਕੁੜੀ ਬੈਠੀ ਸੀ।ਮੈਂ ਅੱਠਵੀਂ ਜਮਾਤ ਵਿਚ ਸਾਂ ਤੇ ਉਹ ਵੀ ਅਠਵੀਂ ਵਿਚ।ਉਹ ਕੁੜੀ ਜਿੰਨੀ ਸੋਹਣੀ ਸੀ ਉਸ ਨਾਲੋਂ ਕਿਤੇ ਵਧੇਰੇ ਉਸਦੀ ਆਵਾਜ਼ ਪਿਆਰੀ ਸੀ।
ਆਹਿਸਤਾ-ਆਹਿਸਤਾ ਮੈਂ ਰੋਜ਼ ਚਾਚੀ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ।ਅਕਸਰ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਲੜਕੀ ਚਾਚੀ ਲਾਗੇ ਲਗਭਗ ਰੋਜ਼ ਹੀ ਬੈਠੀ ਹੁੰਦੀ।ਆਪਾਂ ਆਪਸ ਵਿਚ ਖੂਬ ਗੱਲਾਂ ਕਰਦੇ।ਨਾ ਉਹ ਥੱਕਦੀ ਤੇ ਨਾ ਮੈਨੂੰ ਕਦੇ ਘਰ ਜਾਣ ਦੀ ਕਾਹਲੀ ਹੁੰਦੀ।ਚਾਚੀ ਘਰ ਦੇ ਕੰਮ ਵੀ ਕਰਦੀ ਰਹਿੰਦੀ ਤੇ ਸਾਡੇ ਨਾਲ ਗੱਲਾਂ ਵੀ ਕਰਦੀ ਰਹਿੰਦੀ।ਆਪਾਂ ਦੋਵੇਂ ਵੀ ਕਦੇ-ਕਦੇ ਚਾਚੀ ਦੇ ਕੰਮ ਕਰ ਦਿੰਦੇ।ਸਮਾਂ ਕਿਵੇਂ ਬੀਤ ਜਾਂਦਾ,ਪਤਾ ਹੀ ਨਾ ਲੱਗਦਾ।ਮੇਰਾ ਉੱਥੋਂ ਘਰ ਜਾਣ ਦਾ ਜੀਅ ਹੀ ਨਾ ਕਰਦਾ।ਡੌਲੀ ਨਾਲ ਗੱਲਾਂ ਕਰਨੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ।ਜਦ ਕਦੇ ਡੌਲੀ ਮੇਰੇ ਆਉਣ ਤੋਂ ਪਹਿਲਾਂ ਉੱਥੇ ਨਾ ਆਈ ਹੁੰਦੀ ਤਾਂ ਮੈਂ ਪੌੜੀ ਨਾਲ ਬਣੀ ਕੰਧ ਦੇ ਝਰੋਖਿਆਂ ਵਿਚੋਂ ਦੀ ਡੌਲੀ ਦੇ ਘਰ ਦੇ ਵਿਹੜੇ ਵਿਚ ਤੱਕਦਾ ਰਹਿੰਦਾ।ਉਸਦੀ ਹਰ ਹਰਕਤ ਮੇਰੇ ਦਿਲ ਨੂੰ ਬੜਾ ਹੀ ਭਾਉਂਦੀ।ਉਹ ਮੈਨੂੰ ਹਰ ਵੇਲੇ ਆਪਣੇ ਵੱਲ ਖਿੱਚ ਕੇ ਰੱਖਦੀ।
”ਰਾਜ,ਤੂੰ ਬੜਾ ਭੋਲਾ ਏਂ”ਉਹ ਅਕਸਰ ਮੈਨੂੰ ਆਖਦੀ।
”ਹਾਂ,ਮੇਰੀ ਮਾਂ ਵੀ ਮੈਨੂੰ ਇਹੀ ਆਖਦੀ ਹੈ”ਮੈਂ ਕਹਿੰਦਾ।
”ਹਾਂ,ਉਹ ਠੀਕ ਹੀ ਆਖਦੀ ਹੈ”ਡੌਲੀ ਕਹਿੰਦੀ।
”ਤੂੰ ਵੀ ਤਾਂ ਬੜੀ ਭੋਲੀ ਹੈਂ”ਮੈਂ ਉਸਨੂੰ ਆਖਦਾ।
”ਮੈਂ ਨੀਂ ਭੋਲੀ-ਭੁਲੀ,ਮੈਂ ਤਾਂ ਬੜੀ ਚਲਾਕ ਹਾਂ”
”ਅੱਛਾ,ਹੋ ਸਕਦਾ”ਮੈਂ ਹੌਲੇ ਜਿਹੇ ਆਪਣੀ ਗੱਲ ਬਦਲ ਲੈਂਦਾ।
”ਮੇਰੀ ਮਾਂ ਆਖਦੀ ਏ ਕਿ ਮੈਂ ਬੜੀ ਤੇਜ਼ ਆਂ,ਮੈਂ ਤਾਂ——-”
ਉਹ ਕਈ ਵਾਰ ਮੇਰੇ ਨਾਲ ਮਾਸਟਰਾਂ ਵਾਂਗ ਪੇਸ਼ ਆਉਂਦੀ ਤੇ ਮੈਂ ਉਸਦੀ ਹਰ ਗੱਲ ਨੂੰ ਬੜੇ ਪਿਆਰ ਨਾਲ ਸਹਾਰ ਲੈਂਦਾ।ਕਈ ਵਾਰ ਜਦ ਚਾਚੀ ਬਾਜ਼ਾਰ ਗਈ ਹੁੰਦੀ ਤਾਂ ਆਪਾਂ ਦੋਹਾਂ ਨੇ ਕਿੰਨੀ ਦੇਰ ਤੱਕ ਆਪਸ ਵਿਚ ਗੱਲਾਂ ਕਰਦੇ ਹੀ ਸਮਾਂ ਬੀਤਾ ਦੇਣਾ।ਕਿਸੇ ਨੇ ਵੀ ਉੱਥੋਂ ਪਹਿਲਾਂ ਉੱਠਣ ਦੀ ਜੁਰਅਤ ਨਾ ਕਰਨੀ।ਕਈ ਵਾਰ ਜਦ ਚਾਚੀ ਆਪਣੇ ਘਰ ਨਾ ਹੁੰਦੀ ਤੇ ਨਾ ਹੀ ਡੌਲੀ ਆਈ ਹੁੰਦੀ ਤਾਂ ਮੈਂ ਪੌੜੀਆਂ ਵਿਚਲੇ ਝਰੋਖਿਆਂ ਤਾਈ ਡੌਲੀ ਨੂੰ ਵੇਖਦੇ ਰਹਿਣਾ,ਭਾਲਦੇ ਰਹਿਣਾ।
”ਵੇ,ਤੈਨੂੰ ਕੀ ਹੋ ਗਿਆ ਰਾਜ?ਤੂੰ ਤਾਂ ਡੌਲੀ ਨੂੰ ਹੀ ਤੱਕਦਾ ਰਹਿਣਾ,”
”ਨਹੀਂ ਚਾਚੀ”
”ਕਿਤੇ ਚੰਗੀ ਤਾਂ ਨਹੀਂ ਲੱਗਦੀ ਤੈਨੂੰ ਡੌਲੀ——–”ਚਾਚੀ ਨੇ ਮਸਖਰੇ ਜਿਹੇ ਅੰਦਾਜ਼ ਵਿਚ ਪੁੱਛਣਾ।ਚੰਗੀ ਤਾਂ ਲੱਗਦੀ ਸੀ ਪਰ ਚਾਚੀ ਨੂੰ ਕਿਵੇਂ ਕਹਿੰਦਾ ਮੂੰਹ ਪਾੜਕੇ।ਐਵੇਂ ਸ਼ਰਮਾ ਜਿਹੇ ਜਾਂਦਾ।
”ਨਹੀਂ ਚਾਚੀ,ਕੀ ਕਹੀ ਜਾਂਦੇ ਓ ਤੁਸੀਂ”ਮੈਂ ਸ਼ਰਮਾ ਕੇ ਕਹਿ ਦਿੰਦਾ।
”ਵੇ,ਤੂੰ ਤਾਂ ਅਜੇ ਬੱਚਾ ਆਂ,ਤੇਰੀ ਤਾਂ ਅਜੇ ਪੜਨ ਦੀ ਉਮਰ ਆ,ਜਦੋਂ ਪੜ-ਲਿਖ ਲਵੇਂਗਾ ਤਾਂ ਬਹੁਤ ਮਿਲ ਜਾਣੀਆਂ ਨੇ ਤੈਨੂੰ ਡੌਲੀ ਵਰਗੀਆਂ,ਐਵੇਂ ਨਾ ਦਿਲ ਨੂੰ ਲਾਵੀਂ ਕਿਤੇ ਕੋਈ ਗੱਲ”
”ਚਾਚੀ ਜੀ,ਐਵੇਂ ਨਾ ਕਰਿਆ ਕਰੋ”ਮੈਂ ਆਪਣੇ ਮਨ ਦੀ ਚਾਹਤ ਨੂੰ ਦਬਾਕੇ ਤੇ ਸ਼ਰਮਾ ਕੇ ਕਹਿੰਦਾ।
”ਕੁਝ ਦਿਨਾਂ ਤੋਂ ਮੈਂ ਵੇਖ ਰਹੀ ਹਾਂ ਕਿ ਤੂੰ ਡੌਲੀ ਵੱਲ ਬੜਾ ਤੱਕਦਾ ਰਹਿਣਾ,ਮੈਂ ਵੀ ਤੇਰੀ ਮਾਂ ਆਂ ਤੇ ਮਾਂਵਾਂ ਕੋਲੋਂ ਪੇਟ ਗੁੱਝੇ ਨਹੀਂ ਹੁੰਦੇ”ਚਾਚੀ ਮੇਰੇ ਨਾਲੋਂ ਵੱਧ ਮੈਨੂੰ ਇਸ ਮਾਮਲੇ ਵਿਚ ਜਾਣਦੀ ਸੀ,ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਲੱਗਾ।ਮੈਂ ਚਾਚੀ ਅੱਗੇ ਆਪਣੇ-ਆਪ ਨੂੰ ਹਾਰਿਆ ਜਿਹਾ ਮਹਿਸੂਸ ਕਰਨ ਲੱਗਾ।ਪਰ ਡੌਲੀ ਵਿਚ ਮੈਂ ਆਪਣੇ ਪ੍ਰਤੀ ਆਪਣੇ ਵਰਗੀ ਖਿੱਚ ਕਦੇ ਮਹਿਸੂਸ ਨਹੀਂ ਸੀ ਕੀਤੀ।ਉਹ ਕਿੰਨੀ-ਕਿੰਨੀ ਦੇਰ ਮੇਰੇ ਕੋਲ ਬੈਠੀ ਰਹਿੰਦੀ,ਮੇਰੇ ਨਾਲ ਗੱਲਾਂ ਕਰਦੀ ਰਹਿੰਦੀ ਪਰ ਉਸ ਵਿਚ ਕਦੇ ਮੈਂ ਉਹ ਖਿੱਚ ਮਹਿਸੂਸ ਨਾ ਕੀਤੀ ਜੋ ਮੈਂ ਆਪਣੇ ਵਿਚ ਉਸਦੇ ਪ੍ਰਤੀ ਮਹਿਸੂਸ ਕਰਦਾ।ਮੈਨੂੰ ਉਹ ਬੜੀ ਹੀ ਖੂਬਸੂਰਤ ਦਿਲ ਖਿੱਚਵੀਂ ਲੱਗਦੀ।ਮੈਂ ਉਸ ਨਾਲ ਜਦੋਂ ਗੱਲ ਕਰ ਰਿਹਾ ਹੁੰਦਾ ਤਾਂ ਉਹ ਮੈਨੂੰ ਬਿਲਕੁਲ ਆਪਣੇ ਜਿਹੀ ਲੱਗਦੀ ਬਲਕਿ ਆਪਣੀ ਹੀ ਲੱਗਦੀ।ਮੈਨੂੰ ਲੱਗਦਾ ਜਿਵੇਂ ਉਹ ਮੇਰੀ ਹੈ।ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ।ਮੈਂਨੂੰ ਲੱਗਦਾ ਜਿਵੇਂ ਮੈਂ ਉਸਦਾ ਸ਼ੁਦਾਈ ਹੋ ਗਿਆ ਹੋਵਾਂ।ਬੜੀ ਅਜੀਬ ਜਿਹੀ ਹਾਲਤ ਸੀ।
ਇਸੇ ਚੱਕਰ ਵਿਚ ਮੈਂ ਕਈ ਵਾਰ ਚਾਚੀ ਦੇ ਘਰ ਰਾਤ ਰਹਿਣਾ ਸ਼ੁਰੂ ਕਰ ਦਿੱਤਾ।ਜਦ ਕਦੇ ਮੈਂ ਚਾਚੀ ਘਰ ਰਾਤ ਰਹਿੰਦਾ ਤਾਂ ਉਹ ਵੀ ਕਿੰਨੀ ਦੇਰ ਤੱਕ ਚਾਚੀ ਦੇ ਘਰ ਹੀ ਬੈਠੀ ਰਹਿੰਦੀ।ਇਸ ਦੌਰਾਨ ਮੈਂ,ਚਾਚੀ ਦੇ ਦੋ ਛੋਟੇ ਬੱਚੇ ਤੇ ਡੌਲੀ ਆਪਾਂ ਸਾਰੇ ਆਪਸ ਵਿਚ ਖੇਡਦੇ ਰਹਿੰਦੇ।ਚਾਚੀ ਵੀ ਬਹਾਨੇ-ਬਹਾਨੇ ਸਾਡੇ ਵਿਚ ਸ਼ਾਮਲ ਹੋ ਜਾਂਦੀ ਤੇ ਬਹੁਤਾ ਸਮਾਂ ਮੇਰੇ ਤੇ ਨਜ਼ਰ ਰੱਖਦੀ।ਪਰ ਮੈਂ ਸਵਾਰਥੀ ਸਾਂ।ਮੈਂ ਤਾਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਡੌਲੀ ਨਾਲ ਹੀ ਗੁਜ਼ਾਰਨਾ ਚਾਹੁੰਦਾ ਸਾਂ।ਮੈਂ ਇਸ ਗੱਲ ਦੀ ਪਰਵਾਹ ਨਾ ਕਰਦਾ,ਮੇਰੇ ਮਨ ਵਿਚ ਕਿਹੜਾ ਕੋਈ ਚੋਰ ਸੀ।ਮੇਰਾ ਪਿਆਰ ਤਾਂ ਸੱਚਾ-ਸੁੱਚਾ ਸੀ।ਬਾਲ-ਮਨ ਤਾਂ ਹਰ ਖੂਬਸੂਰਤ ਤੇ ਪਿਆਰੀ ਲੱਗਣ ਵਾਲੀ ਸ਼ੈ ਨੂੰ ਹਾਸਲ ਕਰ ਲੈਣਾ ਚਾਹੁੰਦਾ ਹੈ।ਮੈਂ ਵੀ ਤਾਂ ਇਵੇਂ ਦਾ ਹੀ ਸਾਂ।ਮੈਂ ਕਈ ਵਾਰ ਵੇਖਦਾ ਕਿ ਡੌਲੀ ਦਾ ਜੀਅ ਵੀ ਮੇਰੇ ਨਾਲ ਗੱਲਾਂ ਕਰਨ ਦਾ ਹੁੰਦਾ।ਪਰ ਕਦੇ-ਕਦੇ ਉਸਦੀਆਂ ਬੇਰੁਖੀ ਭਰੀਆਂ ਗੱਲਾਂ ਮੇਰੇ ਮਨ ਅੰਦਰ ਸ਼ੰਕਾ ਭਰ ਦਿੰਦੀਆਂ।ਮੈਨੂੰ ਲੱਗਦਾ ਜਿਵੇਂ ਉਸ ਤੇ ਮੈਂ ਹੀ ਲੱਟੂ ਸਾਂ ਉਹ ਮੈਨੂੰ ਨਹੀਂ ਸੀ ਚਾਹੁੰਦੀ।
”ਰਾਜ,ਮੈਂ ਵਾਪਸ ਜਾ ਰਹੀ ਹਾਂ,ਮੇਰੀਆਂ ਛੁੱਟੀਆਂ ਖ਼ਤਮ ਹੋਣ ਵਾਲੀਆਂ ਨੇ”ਡੌਲੀ ਨੇ ਇੱਕ ਦਿਨ ਅਚਾਨਕ ਮੈਨੂੰ ਸਹਿਜ ਸੁਭਾਅ ਕਿਹਾ ਤੇ ਮੈਨੂੰ ਇਉਂ ਲੱਗਾ ਜਿਵੇਂ ਉਸ ਮੇਰੇ ਉੱਪਰ ਠੰਡਾ ਪਾਣੀ ਪਾ ਦਿੱਤਾ ਤੇ ਮੈਂ ਠੰਡਾ ਹੋ ਗਿਆ ਹੋਵਾਂ।ਅਗਲੇ ਦਿਨ ਜਦ ਮੈਂ ਚਾਚੀ ਘਰ ਗਿਆ ਤਾਂ ਡੌਲੀ ਉੱਥੋ ਜਾ ਚੁੱਕੀ ਸੀ।ਨਾ ਕੋਈ ਉਸ ਨਾਲ ਮੈਂ ਗੱਲ ਕੀਤੀ ਤੇ ਨਾ ਕੁਝ ਉਸਨੂੰ ਪੁੱਛਿਆ।ਬਸ ਫਿਰ ਜੀਵਨ ਉਸੇ ਰਫ਼ਤਾਰ ਨਾਲ ਚੱਲਦਾ ਰਿਹਾ ਤੇ ਫਿਰ ਮੇਰਾ ਵੀ ਚਾਚੀ ਦੇ ਘਰ ਆਉਣਾ૶ਜਾਣਾ ਛੁੱਟ ਗਿਆ।
ਮੇਰੀ ਟੱਕਟੱਕੀ ਅਜੇ ਵੀ ਚੌਬਾਰੇ ਤੇ ਬਣੇ ਢਾਰੇ ਦੀ ਦੀਵਾਰ ਵਿਚਲੇ ਆਲੇ ਵਿਚ ਲੱਗੀ ਹੋਈ ਸੀ ਜਿਸ ਵਿਚ ਮੇਰੀਆਂ ਯਾਦਾਂ ਦੇ ਦਸਤਾਵੇਜ਼ ਅਟਕੇ ਪਏ ਸਨ।ਡੌਲੀ ਹੌਲੇ-ਹੌਲੇ ਚਾਚੀ ਦੇ ਵਿਹੜੇ ਵਿਚੋਂ ਪੌੜੀਆਂ ਚੜਕੇ ਢਾਰੇ ਵਿਚੋਂ ਦੀ ਹੋਕੇ ਮੇਰੇ ਵੱਲ ਆ ਰਹੀ ਸੀ।ਢਾਰੇ ਅੰਦਰ ਵੜਦੇ ਹੀ ਮੈਂ ਉਸਨੂੰ ਆਵਾਜ਼ ਮਾਰੀ।
”ਡੌਲੀ—-ਓ—-ਡੌਲੀ—-”ਝਾਂਜਰਾਂ ਦੀ ਛਣਛਣਾਹਟ ਨਾਲ ਜਿਵੇਂ ਸਾਰਾ ਚੌਬਾਰਾ ਭਰ ਗਿਆ।ਢਾਰੇ ਅੰਦਰ ਉਸਦੇ ਕਦਮਾਂ ਦੀ ਆਹਟ ਝਾਂਜਰਾਂ ਦੀ ਛਣਛਣਾਹਟ ਨਾਲ ਸੁਣਾਈ ਦੇ ਰਹੀ ਸੀ।ਉਸ ਦੀਆਂ ਝਾਂਜਰਾਂ ਦੀ ਛਣਛਣਾਹਟ ਮੇਰੇ ਦਿਲ ਅੰਦਰ ਅਜੀਬ ਕਿਸਮ ਦੀ ਹਲਚਲ ਪੈਦਾ ਕਰ ਰਹੀ ਸੀ।
”ਰਾਜ,ਤੂੰ——”ਡੌਲੀ ਨੇ ਪਰਤ ਕੇ ਤੱਕਿਆ।ਉਹ ਬੜੀ ਹੀ ਖੂਬਸੂਰਤ ਲੱਗ ਰਹੀ ਸੀ।ਸੋਹਣੀ,ਗੋਰੀ-ਚਿੱਟੀ,ਖੂਬਸੂਰਤ ਸੁੰਦਰੀ—–ਜੋ ਮੇਰੇ ਦਿਲ ਨੂੰ ਆਪਣੇ ਵੱਲ ਖਿੱਚ ਰਹੀ ਸੀ।
”ਡੌਲੀ——-?”ਮੈਂ ਇੱਕ ਆਸ-ਭਰੀ-ਨਜ਼ਰ ਨਾਲ ਉਸ ਵੱਲ ਤੱਕ ਕੇ ਆਵਾਜ਼ ਲਗਾਈ।ਉਸ ਬੜੇ ਹੀ ਮੋਹਕ-ਅੰਦਾਜ਼ ਵਿਚ ਮੇਰੇ ਵੱਲ ਤੱਕਿਆ।
”ਰਾਜ”ਉਹ ਹੌਲੀ-ਹੌਲੀ ਮੇਰੇ ਵੱਲ ਵਧੀ ਤੇ ਮੈਂ ਉਸ ਵੱਲ ਖਿੱਚਦਾ ਚਲਾ ਗਿਆ।
”ਡੌਲੀ,ਮੈਂ ਰਾਜ——ਤੇਰਾ ਰਾਜ”
”ਰਾਜ,ਮੈਂ ਤਾਂ ਕਿੰਨੀ ਦੇਰ ਤੋਂ ਤੇਰਾ ਇੰਤਜ਼ਾਰ ਕਰ ਰਹੀ ਸਾਂ,ਤੂੰ ਮੈਨੂੰ ਇੱਕ ਵਾਰ ਵੀ ਆਵਾਜ਼ ਨਹੀਂ ਮਾਰੀ ਮੈਂ ਤਾਂ ਤੇਰਾ ਇੰਤਜ਼ਾਰ ਹੀ ਕਰਦੀ ਰਹਿ ਗਈ”ਇਹ ਆਖਦੇ ਹੀ ਉਸ ਮੈਨੂੰ ਗਲਵੱਕੜੀ ਪਾ ਲਈ।
ਅਚਾਨਕ ਮੈਂ ਪਾਸਾ ਪਰਤਿਆ।ਅੱਖ ਖੁੱਲ੍ਹ ਗਈ।ਲਾਗੇ ਮੇਰੀ ਬੀਵੀ ਸੁੱਤੀ ਪਈ ਸੀ।ਮੈਂ ਉਸਨੂੰ ਗੌਰ ਨਾਲ ਤੱਕਿਆ।ਉਹ ਡੌਲੀ ਨਹੀਂ ਸੀ।ਮੈਨੂੰ ਅਚਾਨਕ ਉਹ ਪਿਛਲੀ ਰਾਤ ਵਾਲੀ ਖੂਬਸੂਰਤ ਕੁੜੀ ਦੀ ਯਾਦ ਆ ਗਈ।ਮੈਂ ਸਾਹਮਣੇ ਸ਼ੀਸ਼ੇ ਵਿਚ ਆਪਣੇ ਸਿਰ ਦੇ ਵਾਲਾਂ ਦੀ ਸਫ਼ੈਦ ਹੋ ਰਹੀ ਚਾਂਦੀ-ਰੰਗੀਆਂ-ਲੱਟਾਂ ਨੂੰ ਵੇਖਕੇ ਹੱਸ ਪਿਆ।ਦਿਨ ਚੜ ਚੁੱਕਾ ਸੀ ਤੇ ਸੂਰਜ ਪੂਰੇ ਜਲਾਲ ਨਾਲ ਆਪਣੀ ਰੋਸ਼ਨੀ ਬਿਖੇਰ ਰਿਹਾ ਸੀ।

ਰਾਜੇਸ਼ ਗੁਪਤਾ
+91 9501096001