ਫਰਾਂਸ ਦੇ ਰਾਸ਼ਟਰਪਤੀ ਦੀ ਦੋਬਾਰਾ ਤੋਂ ਜਿੱਤ ਤੇ ਪ੍ਰਧਾਨ ਮੰਤਰੀ ਮੋਰੀਸਨ ਅਤੇ ਐਂਥਨੀ ਐਲਬਨੀਜ਼ ਨੇ ਦਿੱਤੀ ਵਧਾਈ

ਫਰਾਂਸ ਵਿੱਚ ਹਾਲ ਵਿੱਚ ਹੀ ਹੋਈਆਂ ਚੋਣਾਂ ਤੋਂ ਬਾਅਦ ਉਥੋਂ ਦੇ ਪਹਿਲਾਂ ਵਾਲੇ ਰਾਸ਼ਟਰਪਤੀ ਏਮਨੁਅਲ ਮੈਕਰੋਨ ਦੀ ਸੱਤਾ ਵਾਪਸੀ ਅਤੇ ਮੁੜ ਤੋਂ ਰਾਸ਼ਟਰਪਤੀ ਬਣਨ ਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵਧਾਈ ਦਿੱਤੀ ਹੈ।
ਆਪਣੇ ਇੱਕ ਟਵੀਟ ਰਾਹੀਂ ਦਿੱਤੀ ਗਈ ਵਧਾਈ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਕਿ ਸਮੁੱਚੀ ਦੁਨੀਆ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਫਰਾਂਸ ਵਿੱਚ ਵੀ ਕੁੱਝ ਅਣਸੁਖਾਵਾਂ ਮਾਹੌਲ ਬਰਕਰਾਰ ਸੀ, ਅਜਿਹੇ ਮੌਕੇ ਤੇ ਲੋਕਤੰਤਰ ਦੀ ਇੱਕ ਵਾਰੀ ਫੇਰ ਤੋਂ ਜਿੱਤ ਹੋਈ ਹੈ ਅਤੇ ਤੁਸੀਂ ਮੁੜ ਤੋਂ ਸੱਤਾ ਵਿੱਚ ਆਏ ਹੋ ਇਸ ਵਾਸਤੇ ਤੁਹਾਨੂੰ ਵਧਾਈ ਦਿੰਦੇ ਹਾਂ।

ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਤੁਸੀਂ ਫਰਾਂਸ ਅਤੇ ਯੂਰੋਪ ਵਿੱਚ ਆਪਣੀਆਂ ਸਹੀ ਨੀਤੀਆਂ ਲਾਗੂ ਕਰੋਗੇ ਅਤੇ ਆਸਟ੍ਰੇਲੀਆ ਦੇ ਨਾਲ ਨਾਲ ਇੰਡੋ-ਪੈਸਿਫਿਕ ਖੇਤਰ ਵਿੱਚ ਵੀ ਆਪਣੀ ਸਾਂਝੇਦਾਰੀ ਅਤੇ ਦੋਸਤੀ ਵਾਸਤੇ ਪਹਿਲਾਂ ਦੀ ਤਰ੍ਹਾਂ ਹੀ ਵਧੀਆ ਕੰਮ ਕਰਦੇ ਰਹੋਗੇ।
ਉਧਰ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਵੀ ਫਰਾਂਸ ਦੇ ਰਾਸ਼ਟਰਪਤੀ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਫਰਾਂਸ ਹਰ ਤਰ੍ਹਾਂ ਨਾਲ ਆਜ਼ਾਦ ਲੋਕਤੰਤਰ ਦੀ ਇੱਕ ਮਿਸਾਲ ਹੈ ਅਤੇ ਸ੍ਰੀ ਮੈਕਰੋਨ ਦੀ ਦੋਬਾਰਾ ਤੋਂ ਅਗਵਾਈ ਵਿੱਚ ਇਹ ਲੋਕਤੰਤਰ ਕਾਇਮ ਰਹੇਗਾ ਅਤੇ ਆਸਟ੍ਰੇਲੀਆ ਅਤੇ ਫਰਾਂਸ ਦੀ ਮਿੱਤਰਤਾ ਬਰਕਰਾਰ ਰਹੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਚੱਲਦਿਆਂ ਬੜੇ ਉਤਾਰ ਚੜਾਅ ਦੇਖਣ ਨੂੰ ਮਿਲਦੇ ਹਨ ਪਰੰਤੂ ਉਜਵੱਲ ਭਵਿੱਖ ਨੂੰ ਦੇਖਦਿਆਂ ਸਾਨੂੰ ਹਰ ਤਰ੍ਹਾਂ ਦੇ ਉਤਾਰ ਚੜਾਅ ਝੇਲਣੇ ਹੀ ਪੈਂਦੇ ਹਨ ਪਰੰਤੂ ਸਾਨੂੰ ਹਮੇਸ਼ਾ ਵਧੀਆ ਭਵਿੱਖ ਦੀ ਉਮੀਦ ਵਿੱਚ ਹੀ ਸਭ ਕੰਮ ਕਰਨੇ ਚਾਹੀਦੇ ਹਨ ਅਤੇ ਤੁਹਾਡੇ ਵਧੀਆ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ।

Install Punjabi Akhbar App

Install
×