ਪਣਡੁੱਬੀਆਂ ਵਾਲੇ ਮਸਲੇ ਨੂੰ ਹੱਲ ਕਰਨ ਲਈ ਫਰਾਂਸ ਤੋਂ ਰਾਜਦੂਤ ਮੁੜ ਤੋਂ ਪਰਤੇਗਾ ਆਸਟ੍ਰੇਲੀਆ

ਫਰਾਂਸ ਦੇ ਬਾਹਰੀ ਰਾਜਾਂ ਦੇ ਮੰਤਰੀ ਜੀਨ ਵੈਸ ਲੇ ਡਰਿਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਸਟ੍ਰੇਲੀਆ ਅਤੇ ਫਰਾਂਸ ਦਰਮਿਆਨ ਪਣਡੁੱਬੀਆਂ ਦੇ ਮਸਲੇ ਉਪਰ ਪੈਦਾ ਹੋਈ ਤਕਰਾਰ ਨੂੰ ਖ਼ਤਮ ਕਰਨ ਅਤੇ ਨਵੇਂ ਸਿਰੇ ਤੋਂ ਸਮਝੌਤਿਆਂ ਦੀ ਪਲਾਨਿੰਗ ਕਰਨ ਵਾਸਤੇ ਫਰਾਂਸ ਦਾ ਰਾਜਦੂਤ ਆਸਟ੍ਰੇਲੀਆ ਵਾਪਿਸ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਵਿੱਚ ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਵਿਚਲੇ ਔਕਸ ਸਮਝੌਤੇ ਦੌਰਾਨ, ਆਸਟ੍ਰੇਲੀਆ ਨੇ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਲੈਣ ਦਾ ਫੈਸਲਾ ਕੀਤਾ ਸੀ ਅਤੇ ਇਸ ਨਾਲ ਫਰਾਂਸ ਤੋਂ ਲੈਣ ਵਾਲੀਆਂ ਡੀਜ਼ਲ ਵਾਲੀਆਂ ਪਣਡੁੱਬੀਆਂ ਵਾਲੇ ਸਮਝੌਤੇ ਰੱਦ ਹੋਣ ਕਾਰਨ ਆਸਟ੍ਰੇਲੀਆ ਅਤੇ ਫਰਾਂਸ ਦੇ ਉਕਤ ਸਮਝੌਤਿਆਂ ਦੇ ਇਕਰਾਰਾਂ ਵਿੱਚ ਦਰਾਰ ਪੈ ਗਈ ਸੀ। ਇਸੇ ਕਾਰਨ ਫਰਾਂਸ ਨੇ ਗੁੱਸਾ ਦਿਖਾਉਂਦਿਆਂ, ਆਪਣੇ ਰਾਜਦੂਤ ਨੂੰ ਕੈਨਬਰਾ ਤੋਂ ਵਾਪਿਸ ਬੁਲਵਾ ਲਿਆ ਸੀ।
ਫਰਾਂਸ ਦੀ ਸਰਕਾਰ ਨੇ ਸਿੱਧੇ ਤੌਰ ਤੇ ਇਸ ਉਪਰ ਇਤਰਾਜ਼ ਜਤਾਇਆ ਸੀ ਅਤੇ ਆਸਟ੍ਰੇਲੀਆਈ ਸਰਕਾਰ ਨੂੰ ਉਲਾਂਭਾ ਦਿੰਦਿਆਂ ਕਿਹਾ ਸੀ ਕਿ ‘ਔਕਸ’ ਅਧੀਨ ਉਕਤ ਡੀਲ, ਫਰਾਂਸ ਦੀ ਪਿੱਠ ਪਿੱਛੇ ਹੋਈ ਹੈ ਅਤੇ ਅਜਿਹੀਆਂ ਕਾਰਵਾਈਆਂ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿੱਚ ਦਰਾਰ ਪੈ ਗਈ ਸੀ।

Install Punjabi Akhbar App

Install
×