ਆਜ਼ਾਦੀ ਮੇਰਾ ਬਰਾਂਡ…….

deep kaur fb from jaspreet singh jagraon 190501 ਆਜ਼ਾਦੀ ਮੇਰਾ ਬਰਾਂਡvv

ਮੈਂ ਪੰਜਾਬੀ ਯੂਨੀਵਰਸਿਟੀ ਦੀ ਮੌਜੂਦਾ ਵਿਦਿਆਰਥਣ ਅਤੇ ਅਕਾਲ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਹਾਂ। ਅਕਾਲ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਪੋਸਟ ਗਰੈਜ਼ੂਏਸ਼ਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਆ ਗਈ ਹਾਂ। ਸਵਾਲ ਏਥੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਅਕਾਲ ਯੂਨੀਵਰਸਿਟੀ ਵਿਚ ਪੋਸਟ ਗਰੈਜ਼ੂਏਸ਼ਨ ਹੋਣ ਦੇ ਬਾਵਜੂਦ ਕਿਹੜੇ ਕਾਰਨ ਰਹੇ ਹੋਣਗੇ ਕਿ ਮੈਨੂੰ ਉਹ ਯੂਨੀਵਰਸਿਟੀ ਛੱਡ ਕੇ ਏਥੇ ਆਉਣਾ ਪਿਆ? ਇਹਨਾਂ ਕਾਰਨਾਂ ਨੂੰ ਜਾਣਦੇ ਹੋਏ ਵੀ ਮੈਂ ਹੁਣ ਤੱਕ ਇਹਨਾਂ ਬਾਰੇ ਗੱਲ ਕਰਨ ਤੋਂ ਕਿਨਾਰਾ ਕਰਦੀ ਰਹੀ ਹਾਂ, ਪਰ ਪਿਛਲੇ ਦਿਨੀਂ ਅਕਾਲ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਤੋਂ ਬਾਅਦ ਮੈਨੂੰ ਇਹਨਾਂ ਕਾਰਨਾਂ ਬਾਰੇ ਮੁੜ ਤੋਂ ਸੋਚਣ ਦੀ ਲੋੜ ਮਹਿਸੂਸ ਹੋਈ। ਸਵਾਲ ਕਿਤੋਂ ਵੀ ਸ਼ੁਰੂ ਕੀਤਾ ਜਾ ਸਕਦਾ ਏਥੋਂ ਵੀ ਕਿ ਕੋਈ ਕਿਸੇ ਯੂਨੀਵਰਸਿਟੀ ਵਿਚ ਕਿਓਂ ਜਾਂਦਾ ਹੈ? ਮੈਂ ਅਕਾਲ ਯੂਨੀਵਰਸਿਟੀ ਕਿਓਂ ਗਈ? ਕਾਰਨ ਸਿੱਧਾ ਅਤੇ ਸਾਫ ਸੀ ਕਿ ਇਸ ਯੂਨੀਵਰਸਿਟੀ ਨੇ ਆਪਣੇ ਪ੍ਰਚਾਰ ਦੌਰਾਨ ਜਿਸ ਕਿਸਮ ਦੇ ਅਕਾਦਮਿਕ ਮਾਹੌਲ ਦੇ ਬਿੰਬ ਉਸਾਰੇ ਸਨ, ਉਹਨਾਂ ਨੇ ਮੈਨੂੰ ਏਥੇ ਜਾਣ ਲਈ ਪ੍ਰਭਾਵਿਤ ਕੀਤਾ। ਹਰੇਕ ਵਿਦਿਆਰਥੀ ਵਾਂਙ ਚੰਗੇ ਭਵਿੱਖ ਦੀ ਉਮੀਦ ਅਤੇ ਚੰਗੀ ਸਿੱਖਿਆ ਦੀ ਲੋੜ ਨੂੰ ਲੈ ਕੇ ਮੈਂ ਇਸ ਯੂਨੀਵਰਸਿਟੀ ਵਿਚ ਦਾਖਲਾ ਲਿਆ। ਪਰ ਅਕਾਦਮਿਕਤਾ ਦੇ ਨਾਮ ਉੱਤੇ ਜਿਸ ਕਿਸਮ ਦਾ ਰੂੜੀਵਾਦੀ ਪ੍ਰਬੰਧ ਇਸ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਉਸਾਰਿਆ ਹੋਇਆ ਹੈ ਉਸ ਵਿਚ ਵਿਅਕਤੀਗਤ ਸਖਸ਼ੀਅਤ ਵਿਕਾਸ ਦਾ ਕਿਧਰੇ ਵੀ ਹੋਣਾ ਸੰਭਵ ਨਹੀਂ। ਮੈਂ ਇਹ ਸਭ ਜਾਣਦੇ ਹੋਏ ਵੀ ਇਸ ਯੂਨੀਵਰਸਿਟੀ ਵਿਚ ਤਿੰਨ ਸਾਲ ਰਹੀ। ਕਿਓਂ ਰਹੀ ਇਸਦੇ ਕੁਝ ਕਾਰਨ ਹਨ। ਤਿੰਨ ਸਾਲ ਰਹਿਣ ਦਾ ਕਾਰਨ ਵਿਦਿਆਰਥੀ ਜੀਵਨ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਹ ਕਿ ਮੈਂ ਆਪਣਾ ਇਕ ਸਾਲ ਖਰਾਬ ਨਹੀਂ ਸੀ ਕਰਨਾ ਚਾਹੁੰਦੀ ਕਿਓਂਕਿ ਪਹਿਲਾ ਸਾਲ ਲਗਾ ਲੈਣ ਤੋਂ ਬਾਅਦ ਯੂਨੀਵਰਸਿਟੀ ਛੱਡ ਦੇਣ ਦਾ ਨਤੀਜਾ ਇਕ ਸਾਲ ਖਰਾਬ ਹੋਣਾ ਸੀ। ਇਹ ਕਿ ਮੈਨੂੰ ਆਪਣੀ ਡਿਗਰੀ ਦਾ ਫਿਕਰ ਸੀ ਜੋ ਮੇਰੇ ਕੁਝ ਬੋਲਣ ਕਾਰਨ ਰੁਕ ਸਕਦੀ ਸੀ, ਇਹ ਕਿ ਮੈਂ ਕਿਸੇ ਇਕ ਸਧਾਰਨ ਵਿਦਿਆਰਥੀ ਵਾਂਙ ਕਿਸੇ ਵਾਦ-ਵਿਵਾਦ ਵਿਚ ਫਸਣ ਤੋਂ ਗੁਰੇਜ਼ ਕਰਦੀ ਰਹੀ ਹਾਂ। ਪਰ ਹੁਣ ਅਜਿਹਾ ਕੀ ਹੋਇਆ ਕਿ ਮੈਂ ਇਹ ਸਭ ਜੋ ਕਹਿਣ ਵਾਲੀ ਹਾਂ ਇਹ ਕਹਿਣ ਦਾ ਮੈਂ ਹੌਸਲਾ ਕਰ ਸਕੀ ਹਾਂ। ਇਸਦਾ ਜਵਾਬ ਉੱਪਰਲੇ ਕਾਰਨਾਂ ਤੋਂ ਮੁਕਤ ਹੋਣ ਵਿਚ ਨਹੀਂ ਇਸਦਾ ਜਵਾਬ ਹੈ ਪੰਜਾਬੀ ਯੂਨੀਵਰਸਿਟੀ ਵਿਚ ਕੁੜੀਆਂ ਦੇ ਹੋਸਟਲ ਦੀ ਸਮਾਂਬੰਦੀ ਦੀ ਮਿਆਦ ਨੂੰ ਖ਼ਤਮ ਕਰਨ ਲਈ ਚੱਲਿਆ ਸੰਘਰਸ਼, ਜੋ ਮੈਨੂੰ ਏਥੇ ਆਉਣ ਤੋਂ ਕੁਝ ਚਿਰ ਬਾਅਦ ਹੀ ਵੇਖਣ ਨੂੰ ਮਿਲਿਆ ਅਤੇ ਜਿਸ ਨੇ ਮੇਰੇ ਮਨ ਅੰਦਰਲੇ ਡਰ-ਭੈਅ ਅਤੇ ਹੋਰਨਾਂ ਕਈ ਸ਼ੰਕਿਆਂ ਨੂੰ ਖ਼ਤਮ ਕੀਤਾ। ਹੁਣ ਮੈਂ ਆਪਣੇ-ਆਪ ਪ੍ਰਤੀ, ਸਮਾਜ ਪ੍ਰਤੀ ਮੇਰੀ ਜ਼ਿੰਮੇਵਾਰੀ ਅਤੇ ਸਮਾਜ ਦੀ ਮੇਰੇ ਪ੍ਰਤੀ ਜ਼ਿੰਮੇਵਾਰੀ ਨੂੰ ਲੈ ਕੇ ਵਿਚਾਰਧਾਰਕ ਤੌਰ ਤੇ ਸਾਫ ਹਾਂ।

ਅਕਾਲ ਯੂਨੀਵਰਸਿਟੀ ਵਿਚ ਪਿਛਲੇ ਦਿਨ੍ਹੀਂ ਕੁੜੀਆਂ ਦੇ ਹੋਸਟਲ ਦੇ ਬਾਥਰੂਮ ਵਿਚੋਂ ਸੈਨਟਰੀ ਨੈਪਕਿਨ ਮਿਲੇ, ਉਪਰੋਕਤ ਵਾਕ ਇਵੇਂ ਹੈ ਜਿਵੇਂ ਕੋਈ ਵਿਸਫੋਟਕ ਸਮੱਗਰੀ ਮਿਲਣ ਤੇ ਬੋਲਿਆ ਜਾ ਰਿਹਾ ਹੋਵੇ। ਪਰ ਹੋਇਆ ਬਿਲਕੁਲ ਏਵੇਂ ਹੀ, ਸੈਨੇਟਰੀ ਨੈਪਕਿਨ ਮਿਲਣ ਤੇ ਹੋਸਟਲ ਦੀਆਂ ਵਾਰਡਨਾਂ ਨੇ ਇਸ ਨੂੰ ਕਿਸੇ ਵਿਸਫੋਟਕ ਸਮੱਗਰੀ ਵਜੋਂ ਹੀ ਲਿਆ। ਸਬੰਧਿਤ ਬਲੌਕ ਦੀਆਂ ਵਿਦਿਆਰਥਣਾਂ ਨੂੰ ਉਹਨਾਂ ਦੇ ਕਮਰਿਆਂ ਵਿਚੋਂ ਬਾਹਰ ਕੱਢ ਕੇ ਵਾਰਡਨਾਂ ਨੇ ਆਪਣੇ ਕਮਰੇ ਵਿਚ ਲਿਜਾ ਕੇ ਇਹ ਪੜਤਾਲ ਕੀਤੀ ਕਿ ਇਹ ਸੈਨੇਟਰੀ ਨੈਪਕਿਨ ਕਿਸ ਨੇ ਸੁੱਟੇ ਸਨ। ਇਹ ਗੱਲ ਕਿਸੇ ਹੱਦ ਤੱਕ ਕਹੀ ਜਾ ਸਕਦੀ ਸੀ ਕਿ ਡਸਟਬਿਨ ਵਰਤੇ ਜਾਣੇ ਚਾਹੀਦੇ ਹਨ, ਪਰ ਇਹ ਕਹਿਣ ਦੀ ਥਾਂਵੇ ਇਹ ਕਹਿਣਾ ਕਿ ਇਹ (ਸੈਨੇਟਰੀ ਨੈਪਕਿਨ) ਕੌਣ ਵਰਤ ਰਿਹਾ ਹੈ? ਕਿਸ ਕੁੜੀ ਦੇ ਪੀਰੀਅਡ ਚੱਲ ਰਹੇ ਹਨ? ਇਹ ਜਾਨਣ ਲਈ ਕੁੜੀਆਂ ਦੇ ਕੱਪੜੇ ਲੁਹਾ ਕੇ ਉਹਨਾਂ ਦੇ ਗੁਪਤ ਅੰਗਾਂ ਨੂੰ ਛੂਹ ਕੇ ਇਹ ਜਾਨਣਾ, ਇਹ ਕਿਵੇਂ ਵੀ ਜਾਇਜ਼ ਨਹੀ। ਪਰ ਹੋਇਆ ਇਵੇਂ ਹੀ। ਸੀਨੀਅਰ ਕੁੜੀਆਂ ਨੇ ਵਿਰੋਧ ਕੀਤਾ, ਪਰ ਜੂਨੀਅਰ ਕੁੜੀਆਂ ਜਿੰਨ੍ਹਾਂ ਦੀ ਉਮਰ 16-17 ਸਾਲ ਹੀ ਹੈ ਉਹਨਾਂ ਲਈ ਇਹ ਕਿਵੇਂ ਰਿਹਾ ਹੋਵੇਗਾ। ਬਹੁਤੀਆਂ ਕੁੜੀਆਂ ਨੇ ਸੋਚਿਆ ਕਿ ਸ਼ਾਇਦ ਏਵੇਂ ਹੀ ਹੁੰਦਾ ਹੋਵੇਗਾ, ਇਹ ਸ਼ਾਇਦ ਠੀਕ ਹੀ ਹੋਵੇ। ਪਰ ਜਦ ਇਸ ਪ੍ਰਤੀ ਸੀਨੀਅਰ ਕੁੜੀਆਂ ਨੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਵਿਚ ਡਰ, ਗਿਲਾਨੀ ਅਤੇ ਗੁੱਸਾ ਆਦਿ ਭਾਵ ਭਰ ਗਏ। ਕਿਸ਼ੋਰ ਉਮਰ ਦੀਆਂ ਇਹ ਵਿਦਿਆਰਥਣਾਂ ਇਹ ਸਭ ਜਾਨਣ ਤੋਂ ਬਾਅਦ ਕਿਸ ਕਿਸਮ ਦੀ ਮਾਨਸਿਕ ਪੀੜਾ ਵਿਚੋਂ ਗੁਜ਼ਰੀਆਂ ਹੋਣਗੀਆਂ ਇਹ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਲਈ ਸਮਝਣਾ ਔਖਾ ਨਹੀਂ। ਭਵਿੱਖ ਵਿਚ ਉਹਨਾਂ ਅੰਦਰ ਭਰੀ ਇਸ ਆਤਮ-ਗਿਲਾਨੀ ਨੇ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਨਾ ਹੈ ਇਹ ਭਵਿੱਖ ਦੀ ਕੁੱਖ ਵਿਚ ਲਟਕਦਾ ਸਵਾਲ ਹੈ।

ਮੈਂ ਉਸ ਯੂਨੀਵਰਸਿਟੀ ਵਿਚ ਤਿੰਨ ਸਾਲ ਪੜ੍ਹੀ ਹਾਂ। ਇਹਨਾਂ ਤਿੰਨਾਂ ਸਾਲਾਂ ਵਿਚੋਂ ਮੈਂ ਦੋ ਸਾਲ ਹੋਸਟਲ ਰਹੀ ਹਾਂ। ਉਹਨਾਂ ਦੋ ਸਾਲਾਂ ਵਿਚ ਹੋਸਟਲ ਵਾਰਡਨਾਂ ਦਾ ਵਤੀਰਾ ਇਹੋ ਰਿਹਾ ਹੈ। ਮੇਰਾ ਯੂਨੀਵਰਸਿਟੀ ਨੂੰ ਛੱਡਣ ਦਾ ਕਾਰਨ ਇਹ ਰਿਹਾ ਕਿ ਮੈਨੂੰ ਯੂਨੀਵਰਸਿਟੀ ਸ਼ਬਦ ਤੋਂ ਹੀ ਚਿੜ੍ਹ ਹੋ ਗਈ ਸੀ। ਉਹ ਯੂਨੀਵਰਸਿਟੀ ਨਹੀਂ ਇਕ ਪਿੰਜਰਾ ਸੀ ਜਿਸ ਨੇ ਮੇਰਾ ਸਮੁੱਚਾ ਮਾਨਸਿਕ, ਭਾਵਨਾਤਮਕ, ਸਮਾਜਿਕ ਅਤੇ ਵਿਚਾਰਾਤਮਕ ਵਿਕਾਸ ਰੋਕ ਲਿਆ ਸੀ। ਹੋਸਟਲ ਤੋਂ ਲੈ ਕੇ ਕੰਨਟੀਨ, ਪਾਰਕ, ਕਲਾਸ ਆਦਿ ਕੋਈ ਅਜਿਹਾ ਕੋਨਾ ਨਹੀਂ ਸੀ ਜਿੱਥੇ ਮੈਂ ਆਪਣੀ ਮਰਜ਼ੀ ਮੁਤਾਬਿਕ ਸਾਹ ਲੈ ਸਕਦੀ। ਜਿੱਥੇ ਮੈਂ ਆਪਣੇ ਆਪ ਨੂੰ ਤਣਾਅ ਰਹਿਤ ਮਹਿਸੂਸ ਸਕਦੀ। ਯੂਨੀਵਰਸਿਟੀ ਦਾ ਕੈਂਪਸ ਜਿਸਦਾ ਸਮਾਂ ਸਵੇਰ 9 ਤੋਂ ਸ਼ਾਮ 5 ਵਜੇ ਤੱਕ ਸੀ (ਉਸ ਸਮੇਂ ਦੌਰਾਨ ਜਦ ਮੈਂ ਓਥੇ ਸੀ)। ਉਸ ਸਮੇਂ ਤੋਂ ਬਾਅਦ ਕੈਂਪਸ ਵਿਚਲੇ ਵਿਦਿਆਰਥੀ ਲੜਕੇ ਕੈਂਪਸ ਤੋਂ ਬਾਹਰ ਚਲੇ ਜਾਂਦੇ ਸਨ। ਡੇਅ-ਸਕਾਲਰ ਵੀ ਅਤੇ ਹੋਸਟਲ ਵਾਲੇ ਵੀ, ਕਿਓਂਕਿ ਉਹਨਾਂ ਦਾ ਹੋਸਟਲ ਮੇਨ ਕੈਂਪਸ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ। ਹੈਰਾਨੀ ਤੁਹਾਨੂੰ ਇਹ ਜਾਣਕੇ ਹੋਵੇਗੀ ਕਿ ਮੁੰਡਿਆਂ ਦੇ ਚਲੇ ਜਾਣ ਤੋਂ ਬਾਅਦ ਜਦ ਕੈਂਪਸ ਵਿਚ ਸਿਰਫ ਕੁੜੀਆਂ ਹੀ ਰਹਿ ਜਾਂਦੀਆਂ ਹਨ ਤਦ ਵੀ ਉਹਨਾਂ ਨੂੰ ਯੂਨੀਵਰਸਿਟੀ ਅਤੇ ਵਾਰਡਨ ਦੇ ਨਿਯਮਾਂ ਮੁਤਾਬਕ 5 ਵਜੇ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿਚ ਆਉਣ ਦੀ ਆਜ਼ਾਦੀ ਨਹੀਂ। ਉਹਨਾਂ ਨੂੰ ਪਾਲਤੂ ਜਾਨਵਰ ਦੀ ਤਰ੍ਹਾਂ ਹੋਸਟਲ ਵਿਚ ਤਾੜ ਦਿੱਤਾ ਜਾਂਦਾ ਹੈ। ਕੁੜੀਆਂ ਹੋਸਟਲ ਤੋਂ ਬਾਹਰ ਨਹੀਂ ਨਿਕਲ ਸਕਦੀਆਂ। ਜੇਕਰ ਵਾਰਡਨ ਚਾਹੇ ਤਾਂ ਉਹ ਖੁਦ ਨਾਲ ਆ ਕੇ ਕੈਂਪਸ ਵਿਚ ਘੁੰਮਾ ਸਕਦੀ ਹੈ। ਜੇਕਰ ਕੋਈ ਕੁੜੀ ਇਕੱਲੀ (ਉਸ ਗਰੁੱਪ ਤੋਂ ਦੂਰ ਜਿਸ ਨਾਲ ਵਾਰਡਨ ਚੱਲ ਰਹੀ ਹੈ) ਘੁੰਮਦੀ ਜਾਂ ਫੋਨ ਉੱਤੇ ਗੱਲ ਕਰਦੀ ਪਾਈ ਜਾਂਦੀ ਹੈ ਤਾਂ ਉਸ ਨੂੰ ਬਦਚਲਣ ਅਤੇ ਗੈਰ-ਜ਼ਿੰਮੇਵਾਰ ਦਾ ਟੈਗ ਦਿੱਤਾ ਜਾਂਦਾ ਹੈ। ਮੈਂ ਖੁਦ ਕਈ ਵਾਰ ਅਜਿਹੇ ਭੱਦੇ ਵਰਤਾਰੇ ਦਾ ਸ਼ਿਕਾਰ ਹੋਈ ਹਾਂ ਅਤੇ ਮਾਨਸਿਕ ਰੂਪ ਵਿਚ ਇਹ ਪੀੜਾ ਸਹੀ ਹੈ, ਜਿਸ ਨੂੰ ਯਾਦ ਕਰਕੇ ਅੱਜ ਵੀ ਮੈਂ ਪਰੇਸ਼ਾਨ ਹੋ ਜਾਂਦੀ ਹਾਂ। ਅਕਾਲ ਯੂਨੀਵਰਸਿਟੀ ਦੇ ਹੋਸਟਲ ਵਿਚ ਕੋਈ ਕੁੜੀ ਆਪਣੀ ਕਿਸੇ ਰਿਸ਼ਤੇਦਾਰ ਕੁੜੀ ਜਾਂ ਆਪਣੀ ਕਿਸੇ ਜਮਾਤਣ ਨੂੰ ਨਹੀਂ ਲਿਜਾ ਸਕਦੀ। ਗੱਲ ਸਿਰਫ ਹੋਸਟਲ ਤੋਂ ਬਾਹਰ ਨਿਕਲਨ ਦੀ ਹੀ ਨਹੀਂ ਬਲਕਿ ਹੋਸਟਲ ਦੇ ਅੰਦਰ ਵੀ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ ਪਾ ਕੇ ਰਹਿੰਦੇ ਹੋ ਇਸ ਬਾਰੇ ਵੀ ਕਿੰਤੂ-ਪ੍ਰੰਤੂ ਲਗਾਤਾਰ ਹੁੰਦੇ ਰਹਿੰਦੇ ਸਨ। ਲੋਅਰ-ਟੀ-ਸ਼ਰਟ ਆਦਿ ਪਾਉਣ ਨੂੰ ਲੈ ਕੇ ਵੀ ਵਾਰਡਨ ਮੈਡਮਾਂ ਲਗਾਤਾਰ ਵਿਅੰਗ ਦਾ ਵਿਸ਼ਾ ਬਣਾਉਦੀਆਂ ਰਹਿੰਦੀਆਂ ਸਨ। ਕਈ ਵਾਰ ਤਾਂ ਏਵੇਂ ਮਹਿਸੂਸ ਹੁੰਦਾ ਸੀ ਕਿ ਇਹ ਵਾਰਡਨਾਂ ਔਰਤਾਂ ਨਾ ਹੋ ਕੇ ਸੜਕਸ਼ਾਪ ਮਰਦ ਹੋਣ ਜੋ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਕੁੜੀਆਂ ਨੂੰ ਦੇਖਦੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਔਰਤਾਂ ਹੋ ਕੇ ਜਿਸ ਤਰ੍ਹਾਂ ਨਾਲ ਇਹ ਕੁੜੀਆਂ ਨਾਲ ਵਿਵਹਾਰ ਕਰਦੀਆਂ ਸਨ ਉਹ ਇਹ ਕਿਵੇਂ ਕਰ ਲੈਂਦੀਆਂ ਸਨ। ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਜਦ ਕਿਸੇ ਕੁੜੀ ਨੂੰ ਵੇਖਿਆ ਜਾਂਦਾ ਹੈ ਉਹ ਵੀ ਇਕ ਔਰਤ ਦੁਆਰਾ ਤਾਂ ਉਸ ਕੁੜੀ ਨੂੰ ਏਵੇਂ ਲੱਗਣ ਲਗਦਾ ਹੈ ਜਿਵੇਂ ਉਹ ਖੁਦ ਹੀ ਗਲਤ ਹੋਵੇ। ਇਹ ਸਭ ਮੈਂ ਮਹਿਸੂਸ ਕੀਤਾ ਹੈ ਜਿਸ ਕਾਰਨ ਮੇਰਾ ਸਵੈ-ਵਿਸ਼ਵਾਸ਼ ਲਗਾਤਾਰ ਜਾਂਦਾ ਰਿਹਾ ਹੈ। ਏਥੇ ਪੰਜਾਬੀ ਯੂਨੀਵਰਸਿਟੀ ਵਿਚ ਆ ਕੇ ਵੀ ਮੇਰੇ ਅੰਦਰ ਅਜੇ ਤੱਕ ਉਹ ਸਵੈ-ਵਿਸ਼ਵਾਸ਼ ਨਹੀਂ ਆਇਆ ਜੋ ਅੱਜ ਦੀ ਹਰੇਕ ਕੁੜੀ ਅੰਦਰ ਹੋਣਾ ਲਾਜ਼ਮੀ ਹੈ।

ਯੂਨੀਵਰਸਿਟੀ ਕੈਂਪਸ ਵਿਚ ਕਲਾਸਾਂ ਦੌਰਾਨ ਮੁੰਡੇ ਅਤੇ ਕੁੜੀਆਂ ਅਲੱਗ-ਅਲੱਗ ਪਾਸੇ ਬੈਠਦੇ ਹਨ। ਕੋਈ ਕੁੜੀ ਕਿਸੇ ਮੁੰਡੇ ਨੂੰ ਨਹੀਂ ਬੁਲਾ ਸਕਦੀ। ਜੇਕਰ ਉਹ ਆਪਸ ਵਿਚ ਗੱਲ ਕਰਦੇ ਵੇਖੇ ਜਾਣ (ਕਲਾਸਾਂ ਵਿਚ ਕੈਮਰੇ ਹੋਣ ਕਾਰਨ ਹਰ ਵਕਤ ਇਹ ਵੇਖਿਆ ਜਾਂਦਾ ਹੈ) ਤਾਂ ਉਹਨਾਂ ਨੂੰ ਅਲੱਗ-ਅਲੱਗ ਵਾਇਸ ਚਾਂਸਲਰ ਦੇ ਦਫ਼ਤਰ ਬੁਲਾ ਕੇ ਡਰਾਇਆ-ਧਮਕਾਇਆ ਤਾਂ ਜਾਂਦਾ ਹੀ ਹੈ ਸਗੋਂ ਉਸਤੋਂ ਵੀ ਜਿਆਦਾ ਬੁਰੀ ਗੱਲ ਹੈ ਕਿ ਭਾਵਨਾਤਮਕ ਤੌਰ ਤੇ ਅਪੱਤੀਜਨਕ ਭਾਸ਼ਾ ਦੀ ਵਰਤੋਂ ਕਰਕੇ ਸ਼ਰਮਸਾਰ ਕੀਤਾ ਜਾਂਦਾ ਹੈ। ਮੈਂ ਖੁਦ ਇਕ ਵਾਰ ਇਸ ਤਰ੍ਹਾਂ ਦੇ ਵਤੀਰੇ ਦਾ ਸ਼ਿਕਾਰ ਹੋਈ ਹਾਂ। ਵਾਇਸ ਚਾਂਸਲਰ ਅਤੇ ਰਜਿਸਟਰਾਰ ਨੇ ਮੈਨੂੰ ਦਫਤਰ ਵਿਚ ਬੁਲਾ ਕੇ ਇਸਨੂੰ ‘ਨੀਚ ਹਰਕਤ’ ਕਿਹਾ। ਕੋਈ ਕੁੜੀ ਕਿਸੇ ਮੁੰਡੇ ਨਾਲ ਜੇਕਰ ਕੁਝ ਸ਼ਬਦ ਵੀ ਸਾਂਝੇ ਕਰਦੀ ਹੈ ਤਾਂ ਉਸ ਲਈ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਹਨ। ਮੈਨੂੰ ਜਦੋਂ ਇਹ ਸ਼ਬਦ ਕਹੇ ਗਏ ਤਾਂ ਮੈਂ ਕਈ ਦਿਨਾਂ ਤੱਕ ਲਗਾਤਾਰ ਰੋਂਦੀ ਵੀ ਰਹੀ। ਮੇਰੇ ਕਲਾਸ ਅਧਿਆਪਕਾਂ ਨੇ ਮੈਨੂੰ ਸਹਾਰਾ ਦਿੱਤਾ। ਪਰ ਇਹ ਸ਼ਬਦ ਮੈਨੂੰ ਅਜੇ ਤੱਕ ਵੀ ਮਾਨਸਿਕ ਤੌਰ ਤੇ ਕਮਜ਼ੋਰ ਕਰਦਾ ਰਹਿੰਦਾ ਹੈ। ਲਾਇਬਰੇਰੀ ਵਿਚ ਵੀ ਲੜਕਿਆਂ ਅਤੇ ਲੜਕੀਆਂ ਦੇ ਬੈਠਣ ਲਈ ਅਲੱਗ-ਅਲੱਗ ਕੈਬਿਨ ਬਣੇ ਹਨ। ਕੋਈ ਕਿਸੇ ਤਰ੍ਹਾਂ ਦਾ ਸਟੱਡੀ ਗਰੁੱਪ ਵੀ ਨਹੀਂ ਬਣਾ ਸਕਦਾ। ਬਾਵਜੂਦ ਇਸਦੇ ਕੋ-ਐਜੂਕੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਜੇਕਰ ਇਹ ਸਭ ਹੋਣ ਦੇ ਬਾਵਜੂਦ ਤੁਸੀਂ ਇਸਨੂੰ ਯੂਨੀਵਰਸਿਟੀ ਆਖ ਸਕਦੇ ਹੋਂ ਤਾਂ ਜਾਂ ਤਾਂ ਮੈਨੂੰ ਯੂਨੀਵਰਸਿਟੀ ਦੇ ਸਕੰਲਪ ਦਾ ਨਹੀਂ ਪਤਾ ਜਾਂ ਤੁਸੀਂ ਜਾਣਬੁੱਝ ਕੇ ਅੱਖਾਂ ਬੰਦ ਕਰ ਲਈਆਂ ਹਨ।

ਅਕਾਲ ਯੂਨੀਵਰਸਿਟੀ ਕੁੜੀਆਂ ਦੀ ਸੁਰੱਖਿਆ ਦੇ ਨਾਮ ਉੱਤੇ ਮਾਪਿਆਂ ਤੋਂ ਲੋੜ ਤੋਂ ਵਧੇਰੇ ਫੀਸਾਂ ਉਗਰਾਹ ਰਹੀ ਹੈ। ਮਾਪਿਆਂ ਦਾ ਮਾਨਸਿਕ ਅਤੇ ਆਰਥਿਕ ਰੂਪ ਵਿਚ ਸ਼ੋਸ਼ਣ ਕੀਤਾ ਜਾਂਦਾ ਹੈ। ਬਾਵਜੂਦ ਇਸਦੇ ਇਸ ਤਰ੍ਹਾਂ ਦਾ ਰੂੜੀਵਾਦੀ ਪ੍ਰਬੰਧ ਸਿਰਜ ਕੇ ਇਹ ਪ੍ਰਬੰਧਕ ਵਿਦਿਆਰਥੀਆਂ ਨੂੰ ਕਿਸ ਯੁੱਗ ਵੱਲ ਲੈ ਕੇ ਜਾ ਰਹੇ ਹਨ। ਫਿਲਹਾਲ ਵਾਪਰੀ ਘਟਨਾ ਤੋਂ ਬਾਅਦ ਮੈਂ ਖੁਦ ਨੂੰ ਸ਼ਰਮਸਾਰ ਵੀ ਮਹਿਸੂਸ ਕਰ ਰਹੀ ਹਾਂ ਕਿ ਉਹਨਾਂ ਸਾਲਾਂ ਦੌਰਾਨ ਜਦੋਂ ਮੈਂ ਓਥੇ ਸੀ ਜੇਕਰ ਇਸ ਪ੍ਰਬੰਧ ਦੇ ਖ਼ਿਲਾਫ ਨਹੀਂ ਬੋਲੀ ਤਾਂ ਅੱਜ ਮੇਰੀਆਂ ਛੋਟੀਆਂ ਭੈਣਾਂ ਨੂੰ ਇਹ ਸਭ ਭੁਗਤਣਾ ਪੈ ਰਿਹਾ ਹੈ। ਪਰ ਨਾਲ ਹੀ ਖੁਸ਼ੀ ਵੀ ਹੈ ਕਿ ਉਸ ਜਗ੍ਹਾ ਆਪਣੇ ਹੱਕ ਦੀ ਅਵਾਜ ਤਾਂ ਉੱਠੀ ਹੈ। ਉਹਨਾਂ ਕੁੜੀਆਂ ਬਾਰੇ ਸੋਚ ਕੇ ਮੈਨੂੰ ਲਗਦਾ ਹੈ ਕਿ ਅੱਜ ਮੈਨੂੰ ਵੀ ਓਥੇ ਹੋਣਾ ਚਾਹੀਦਾ ਸੀ।

ਇਸ ਮਸਲੇ ਨੂੰ ਲੈ ਕੇ ਕੁਝ ਕੁ ਰਾਵਾਂ ਜੋ ਮੈਂ ਓਥੇ ਪੜ੍ਹਦੀਆਂ ਆਪਣੀ ਜੂਨੀਅਰ ਕੁੜੀਆਂ ਤੋਂ ਇਕੱਤਰ ਕੀਤੀਆਂ ਹਨ ਉਹ ਇਹ ਹਨ ਕਿ ਇਸ ਵਿਰੋਧ ਤੋਂ ਬਾਅਦ ਉਹ ਕੁੜੀਆਂ ਲਗਾਤਾਰ ਡਰੀਆਂ ਹੋਈਆਂ ਹਨ, ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀਆਂ ਡਿਗਰੀਆਂ ਰੋਕ ਲਈਆਂ ਜਾ ਸਕਦੀਆਂ ਹਨ। ਉਹਨਾਂ ਨੂੰ ਯੂਨੀਵਰਸਿਟੀ ਤੋਂ ਕੱਢਿਆ ਜਾ ਸਕਦਾ ਹੈ। ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨ ਤੇ ਇਹ ਵੀ ਗੱਲ ਵੀ ਸਾਹਮਣੇ ਆਈ ਹੈ ਕਿ ਮਾਪੇ ਇਸ ਵਰਤਾਰੇ ਨੂੰ ਲੈ ਕੇ ਬੁਰੀ ਤਰ੍ਹਾਂ ਚਿੰਤਤ ਹਨ ਉਹ ਇਹ ਨਹੀਂ ਸਮਝ ਪਾ ਰਹੇ ਕਿ ਜਿੰਨ੍ਹਾਂ ਉੱਤੇ ਕੁੜੀਆਂ ਦੀ ਸਰੁੱਖਿਆ ਦਾ ਭਰੋਸਾ ਲੈ ਕੇ ਉਹਨਾਂ ਨੇ ਏਨੀਆਂ ਫੀਸਾਂ ਭਰੀਆਂ ਸਨ ਉਹ ਹੀ ਜੇਕਰ ਇਸ ਤਰ੍ਹਾਂ ਦੀਆਂ ਅਮਾਨਵੀ ਹਰਕਤਾਂ ਕਰਨ ਲੱਗਣਗੇ ਤਾਂ ਉਹਨਾਂ ਦੀਆਂ ਧੀਆਂ ਕਿੱਥੇ ਸਰੁੱਖਿਅਤ ਹਨ। ਯੂਨੀਵਰਸਿਟੀ ਦੀ ਇਕ ਉੱਚ ਅਧਿਕਾਰੀ ਬੀਬੀ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਜੇਕਰ ਉਸਦੀ ਧੀ ਨਾਲ ਇਹ ਹੁੰਦਾ ਤਾਂ ਉਹ ਕੀ ਐਕਸ਼ਨ ਲੈਂਦੀ? ਇਸ ਸਵਾਲ ਦੇ ਜਵਾਬ ਵਿਚ ਉਸਦਾ ਸ਼ਰਮਨਾਕ ਜਵਾਬ ਸੀ ਕਿ ‘ਮੈਂ ਆਪਣੀ ਧੀ ਨੂੰ ਚੁੱਪ ਰਹਿਣ ਲਈ ਕਹਿਣਾ ਸੀ।’ ਇਸ ਤਰ੍ਹਾਂ ਦੀ ਬਿਮਾਰ ਮਾਨਸਿਕਤਾ ਵਾਲੇ ਲੋਕ ਜਿਸ ਅਦਾਰੇ ਵਿਚ ਭਰੇ ਪਏ ਹੋਣ ਉਸ ਅਦਾਰੇ ਨੂੰ ਵਿਦਿਅਕ ਅਦਾਰਾ ਕਹਿਣਾ ਵਿਦਿਆ ਸ਼ਬਦ ਦਾ ਅਪਮਾਨ ਹੈ।

ਅਖੀਰ ਵਿਚ ਮੈਨੂੰ ਲਗਦਾ ਹੈ ਕਿ ਇਸ ਮਸਲੇ ਦਾ ਹੱਲ ਵਾਰਡਨਾਂ ਨੂੰ ਨੌਕਰੀਓਂ ਲਾਂਭੇ ਕਰਨ, ਵਾਇਸ ਚਾਂਸਲਰ ਦੇ ਅਸਤੀਫਾ ਦੇਣ (ਜੇਕਰ ਉਹ ਭਵਿੱਖ ਵਿਚ ਇਸ ਤਰ੍ਹਾਂ ਕਰਦੇ ਹਨ) ਵਿਚ ਨਹੀਂ, ਬਲਕਿ ਅਸਲ ਮੁੱਦਾ ਇਸ ਕਿਸਮ ਦੇ ਢਾਂਚੇ ਨੂੰ ਬਦਲਣ ਦਾ ਹੈ, ਜਿਸ ਵਿਚ ਕੁੜੀਆਂ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਮੁਕਤ ਮਹਿਸੂਸ ਕਰ ਸਕਣ। ਓਥੇ ਪੜ੍ਹਦੀਆਂ ਕੁੜੀਆਂ ਦੇ ਬਿਨ੍ਹਾਂ ਕਿਸੇ ਡਰ-ਭੈਅ ਤੋਂ ਲਗਾਤਾਰ ਆਪਣੀ ਹੋਂਦ ਨੂੰ ਜਤਾਉਂਦੇ ਰਹਿਣ, ਪੰਜਾਬੀ ਯੂਨੀਵਰਸਿਟੀ ਵਿਚ ਹੋਈ ਕੁੜੀਆਂ ਦੇ ਹੋਸਟਲ ਸਮਾਂਬੰਦੀ ਦੀ ਲੜਾਈ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਆਪਣੇ ਖੁੱਲ ਕੇ ਸਾਹ ਲੈਣ ਦੀ ਲੜਾਈ ਲੜਣ ਵਿਚ ਹੈ। ਜੇਕਰ ਉਹ ਇਹ ਕਰ ਲੈਣ ਵਿਚ ਕਾਮਯਾਬ ਰਹਿੰਦੀਆਂ ਹਨ ਤਾਂ ਮੇਰੇ ਵਾਂਙ ਸਮਾਜੀ ਤਸਵੀਰ ਵਿਚ ਖੁਦ ਨੂੰ ਵਕਤ ਤੋਂ ਪਿੱਛੇ ਰਹਿ ਗਈਆਂ ਮਹਿਸੂਸ ਨਹੀਂ ਕਰਨਗੀਆਂ। ਇਹੋ ਉਹਨਾਂ ਦੀ ਵੱਡੀ ਜਿੱਤ ਹੋਵੇਗੀ।

(ਦੀਪ ਕੌਰ)

Install Punjabi Akhbar App

Install
×