ਭਾਰਤ 15 ਅਗਸਤ 1947 ਨੂੰ ਅਜ਼ਾਦ ਹੋਇਆ ਸੀ, ਜਿਸ ਕਰਕੇ ਹਰ ਸਾਲ ਇਸ ਦਿਹਾੜੇ ਨੂੰ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਇਸ ਦਿਨ ਦਾ ਇੱਕ ਹੋਰ ਵੀ ਮਹੱਤਵਪੂਰਨ ਪੱਖ ਹੈ, ਕਿ ਇਹ ਦਿਨ ਸਹੀਦ ਕਰਨੈਲ ਸਿੰਘ ਈਸੜੂ ਦਾ ਸਹੀਦੀ ਦਿਵਸ ਹੈ।
ਇਸ ਸਹੀਦੀ ਦਿਵਸ ਬਾਰੇ ਕੁੱਝ ਜਾਣਕਾਰੀ ਦੇਣੀ ਚਾਹੁੰਦਾ ਹਾਂ। ਜਦ ਭਾਰਤ ਅੰਗਰੇਜਾਂ ਦੇ ਕਬਜੇ ਚੋਂ ਆਜਾਦ ਹੋਇਆ, ਉਸ ਸਮੇਂ ਗੋਆ ਦਾ ਇਲਾਕਾ ਪੁਰਤਗਾਲੀਆਂ ਦੇ ਕਬਜੇ ਵਿੱਚ ਸੀ। ਆਜ਼ਾਦੀ ਤੋਂ ਬਾਅਦ ਭਾਰਤ ਵਾਸੀਆਂ ਨੇ ਗੋਆ ਨੂੰ ਆਜ਼ਾਦ ਕਰਵਾਉਣ ਦਾ ਫੈਸਲਾ ਕੀਤਾ। ਇਸ ਸਬੰਧੀ ਕਈ ਸਾਲਾਂ ਤੱਕ ਗੱਲਬਾਤ ਚਲਦੀ ਰਹੀ, ਪਰ ਜਦ ਗੱਲ ਕਿਸੇ ਸਿਰੇ ਨਾ ਲੱਗੀ ਤਾਂ 15 ਅਗਸਤ 1955 ਨੂੰ ਗੋਆ ਦੀ ਧਰਤੀ ਤੇ ਸੱਤਿਆਗ੍ਰਹਿ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਦਿਨ ਦੇਸ਼ ਭਰ ਚੋਂ ਹਰ ਧਰਮ ਹਰ ਜਾਤ ਦੇ ਲੋਕ ਸ਼ਾਮਲ ਹੋਏ। ਪੰਜਾਬ ਚੋਂ ਵੀ ਕਾਫ਼ੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਲਈ ਪਹੁੰਚੇ ਜਿਹਨਾਂ ਵਿੱਚ 9 ਸਤੰਬਰ 1930 ਨੂੰ ਪਿਤਾ ਸੁੰਦਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੱਖੋਂ ਅੱਜ ਦੇ ਪਾਕਿਸਤਾਨ, ਉਦੋਂ ਦੇ ਸਾਂਝੇ ਪੰਜਾਬ ਦੇ ਜਿਲ੍ਹਾ ਲਾਇਲਪੁਰ ਦੇ ਚੱਕ ਨੰਬਰ 50 ਵਿੱਚ ਜਨਮਿਆ ਕਾਮਰੇਡ ਕਰਨੈਲ ਸਿੰਘ ਈਸੜੂ ਵੀ ਸੀ, ਜੋ ਇੱਕ ਅਧਿਆਪਕ ਸੀ।
14 ਅਗਸਤ 1955 ਨੂੰ ਇਸ ਜਥੇ ਨੇ ਗੋਆ ਦੇ ਨਜਦੀਕ ਸਰਹੱਦ ਤੋਂ ਕਰੀਬ ਡੇਢ ਕਿਲੋਮੀਟਰ ਪਿੱਛੇ ਰਾਤ ਦਾ ਬਿਸਰਾਮ ਕੀਤਾ। 15 ਅਗਸਤ ਨੂੰ ਸੁਭਾ 10 ਵਜੇ ਬਿਸਰਾਮ ਵਾਲੀ ਥਾਂ ਤੇ ਤਿਰੰਗਾ ਝੰਡਾ ਲਹਿਰਾਇਆ, ਉੱਥੇ ਪੰਜਾਬੀਆਂ ਨੇ ਭੰਗੜਾ ਪਾਇਆ। ਫਿਰ ਜੋਸ਼ਮਈ ਗਾਣਾ ਪੇਸ਼ ਕੀਤਾ ਅਤੇ ਜਥਾ ਗੋਆ ਵੱਲ ਰਵਾਨਾ ਹੋਇਆ। ਸਭ ਤੋਂ ਅੱਗੇ ਸਨ ਸ੍ਰੀ ਓਕ ਅਤੇ ਸ੍ਰੀ ਵਿਸਨੂੰ ਪੰਤ ਚਿਤਲੇ। ਉਹਨਾਂ ਮਗਰ ਚਾਰ ਚਾਰ ਦੀਆਂ ਕਤਾਰਾਂ ਵਿੱਚ 910 ਸੱਤਿਆਗ੍ਰਹਿ ਸਾਥੀ ਸਨ, ਜਿਹਨਾਂ ਵਿੱਚ ਔਰਤਾਂ ਵੀ ਸਨ। ਗਿਆਰਾ ਵਜੇ ਉਹ ਗੋਆ ਦੀ ਸਰਹੱਦ ਤੇ ਬਣੀ ਚੌਕੀ ਚਿਤਰਾ ਪਹੁੰਚੇ। ਜਥੇ ਨੇ ਗੋਆ ਦੀ ਧਰਤ ਤੇ ਪੈਰ ਧਰਿਆ ਹੀ ਸੀ ਕਿ ਪੁਰਤਗਾਲੀਆਂ ਨੇ ਬਿਨਾਂ ਚਿਤਾਵਨੀ ਦਿੱਤਿਆਂ ਗੋਲੀ ਚਲਾ ਦਿੱਤੀ। ਸਾਥੀ ਓਕ, ਚਿਤਲੇ ਤੇ ਸ੍ਰੀ ਤਿਵਾੜੀ ਦੇ ਗੋਲੀਆਂ ਲੱਗੀਆਂ। ਉਹ ਡਿਗੇ ਤਾਂ ਸ੍ਰੀ ਮਧੂਕਰ ਚੌਧਰੀ ਅੱਗੇ ਵਧੇ ਤੇ ਉਹ ਵੀ ਸਹੀਦ ਹੋ ਗਏ। ਫੇਰ ਸ੍ਰੀਮਤੀ ਸੁਭੱਦਰਾ ਸਾਗਰ ਪਿੱਛੇ ਤੋਂ ਭੱਜ ਕੇ ਅੱਗੇ ਆਈ ਤੇ ਉਸ ਨੇ ਝੰਡਾ ਫੜ ਲਿਆ ਤੇ ਹੱਥ ਉੱਚਾ ਕਰਕੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਇਆ, ਏਨੇ ਨੂੰ ਗੋਲੀ ਸੁਭੱਦਰਾ ਦੇ ਝੰਡੇ ਵਾਲੇ ਹੱਥ ਤੇ ਆ ਵੱਜੀ। ਸੁਭੱਦਰਾ ਸਾਗਰ ਨੂੰ ਡਿਗਦਿਆਂ ਵੇਖ ਪੰਜਾਬ ਦਾ ਅਣਖੀਲਾ ਗੱਭਰੂ ਕਾਮਰੇਡ ਕਰਨੈਲ ਸਿੰਘ ਈਸੜੂ, ਕੋਲ ਖੜੇ ਮੈਂਬਰ ਪਾਰਲੀਮੈਂਟ ਸ੍ਰੀ ਲੰਕਾ ਸੁਦਰਮ ਦੇ ਰੋਕਣ ਦੇ ਬਾਵਜੂਦ ਅੱਗੇ ਵਧਿਆ। ਉਸਨੇ ਸੁਭੱਦਰਾ ਦੇ ਹੱਥ ਚੋਂ ਡਿਗਦਾ ਰਾਸ਼ਟਰੀ ਝੰਡਾ ਫੜ ਕੇ ਸੰਭਾਲਿਆ। ਐਨ ਉਸੇ ਸਮੇਂ ਇੱਕ ਗੋਲੀ ਆ ਕੇ ਕਰਨੈਲ ਸਿੰਘ ਦੀ ਹਿੱਕ ਵਿੱਚ ਵੱਜੀ, ਜਦ ਉਹ ਜਖ਼ਮੀ ਹੋ ਕੇ ਡਿੱਗਣ ਲੱਗਾ ਤਾਂ ਉਸ ਦਾ ਝੰਡੇ ਵਾਲਾ ਹੱਥ ਜਿੱਥੇ ਟਿਕਿਆ, ਉੱਥੇ ਕੱਚੀ ਥਾਂ ਤੇ ਇੱਕ ਟੋਆ ਸੀ, ਝੰਡੇ ਦਾ ਡੰਡਾ ਉਸ ਟੋਏ ਵਿੱਚ ਰੱਖਿਆ ਗਿਆ ਤੇ ਖੜਾ ਝੰਡਾ ਝੂਲਣ ਲੱਗਾ। ਜਥੇ ਦੇ ਸਾਥੀ ਜਖਮੀਆਂ ਨੂੰ ਚੁੱਕ ਕੇ ਹਸਪਤਾਲ ਵੱਲ ਭੱਜੇ। ਜਥੇ ਦੇ ਆਗੂਆਂ ਨੇ ਹੋਰ ਨੁਕਸਾਨ ਤੋਂ ਬਚਾਉਣ ਲਈ ਭਾਰਤ ਦੀ ਧਰਤੀ ਤੇ ਵਾਪਸ ਆਉਣ ਦਾ ਹੁਕਮ ਦਿੱਤਾ, ਸੱਤਿਆਗ੍ਰਹਿ ਵਾਲੇ ਸਾਥੀ ਵਾਪਸ ਆ ਗਏ, ਪਰ ਕਰਨੈਲ ਸਿੰਘ ਈਸੜੂ ਦਾ ਝੰਡਾ ਉੱਥੇ ਝੂਲਦਾ ਰਿਹਾ।
ਕਾਮਰੇਡ ਅਧਿਆਪਕ ਕਰਨੈਲ ਸਿੰਘ ਈਸੜੂ ਸਹੀਦ ਹੋ ਗਿਆ, ਉਸਦਾ ਪੂਨਾ ਵਿਖੇ ਮਾਤਮੀ ਜਲੂਸ ਕੱਢਿਆ ਗਿਆ ਜੋ ਲਾ ਮਿਸਾਲ ਸੀ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਸ਼ਹੀਦੀ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਉਸਦਾ ਆਪਣੀ ਵੱਡੀ ਭਾਬੀ ਦੀ ਭੈਣ ਚਰਨਜੀਤ ਕੌਰ ਨਾਲ ਵਿਆਹ ਹੋਇਆ ਸੀ। ਚਰਨਜੀਤ ਕੌਰ ਅੰਬਾਲਾ ਦੇ ਨਜਦੀਕ ਆਪਣੇ ਪੇਕੇ ਰਹਿੰਦੀ ਰਹੀ, ਜਿਸਨੇ ਮੁੜ ਵਿਆਹ ਨਹੀਂ ਸੀ ਕਰਵਾਇਆ, ਉਹ ਨਿੱਤ ਦਿਨ ਸ਼ਹੀਦ ਹੁੰਦੀ ਰਹੀ। ਕਰਨੈਲ ਸਿੰਘ ਦੀ ਸਹਾਦਤ ਤੋਂ ਕਈ ਸਾਲ ਬਾਅਦ ਗੋਆ ਆਜ਼ਾਦ ਹੋਇਆ ਤੇ ਭਾਰਤ ਦਾ ਹਿੱਸਾ ਬਣਿਆ।