ਸਕੂਲਾਂ ਵਿੱਚ ‘ਮੁਫ਼ਤ’ ਮੁਹੱਈਆ ਕਰਵਾਏ ਜਾਣਗੇ ਹਾਈਜਿਨ ਵਸਤੂਆਂ -ਨਿਊ ਸਾਊਥ ਵੇਲਜ਼ ਸਰਕਾਰ ਦਾ ਇੱਕ ਹੋਰ ਉਦਮ

ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਅਤੇ ਮਹਿਲਾਵਾਂ ਸਬੰਧੀ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਇੱਕ ਸਾਂਝੀ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਜਨਤਕ ਸੇਵਾਵਾਂ ਲਈ ਲੋੜੀਂਦੇ ਕਦਮ ਪੁੱਟਦਿਆਂ ਇੱਕ ਹੋਰ ਐਲਾਨ ਕੀਤਾ ਹੈ ਜਿਸ ਰਾਹੀਂ ਕਿ ਨਿਊ ਸਾਊਥ ਵੇਲਜ਼ ਦੇ ਸਕੂਲਾਂ ਅੰਦਰ ਵਿਦਿਆਰਥੀਆਂ ਲਈ ਉਚ ਕੋਟੀ ਦੀਆਂ ਹਾਈਜਿਨ ਵਸਤੂਆਂ ਹਰ ਰੋਜ਼ ਦੀ ਜ਼ਰੂਰਤ ਲਈ ‘ਮੁਫ਼ਤ’ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਵਾਸਤੇ ਸਰਕਾਰ ਵੱਲੋਂ 2 ਪਾਇਲਟ ਪ੍ਰਾਜੈਕਟਾਂ ਨੂੰ ਲਾਂਚ ਕੀਤਾ ਜਾ ਰਿਹਾ ਹੈ ਅਤੇ ਇਹ ਸ਼ੁਰੂਆਤ ਸਭ ਤੋਂ ਪਹਿਲਾਂ ਬਿਰੌਂਗ ਦੇ ਲੜਕੀਆਂ ਦੇ ਸਕੂਲਾਂ ਵਿੱਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸਿਡਨੀ ਅਤੇ ਡੂਬੋ ਦੇ ਤਕਰੀਬਨ 30 ਸਕੂਲਾਂ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀਆਂ ਅਤੇ ਮਹਿਲਾਵਾਂ ਦੀਆਂ ਮਾਹਵਾਰ (Periods) ਵਾਸਤੇ ਸਕੂਲਾਂ ਅੰਦਰ ਹੀ ਉਚੇਚੇ ਤੌਰ ਤੇ ਸਭ ਪ੍ਰ਼ਬੰਧ ਕੀਤੇ ਜਾ ਰਹੇ ਹਨ ਤਾਂ ਜੋ ਅਜਿਹੇ ਸਮੇਂ ਵਿੱਚ ਕਿਸੇ ਨੂੰ ਵੀ ਕਿਸੇ ਕਿਸਮ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾ ਹੀ ਸਕੂਲ ਦੀ ਪੜ੍ਹਾਈ ਆਦਿ ਤੋਂ ਵਾਂਝਿਆਂ ਰਹਿਣਾ ਪਵੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਪਾਇਲਟ ਪ੍ਰਾਜੈਕਟ ਤੋਂ ਤੁਰੰਤ ਬਾਅਦ ਹੀ ਰਾਜ ਦੇ ਦੂਸਰੇ ਸਕੂਲਾਂ ਅੰਦਰ ਵੀ ਅਜਿਹੀਆਂ ਸੁਵਿਧਾਵਾਂ ਉਪਲੱਭਧ ਕਰਵਾ ਦਿੱਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਡਿਸਪੈਂਸਰਾਂ ਨੂੰ ਇਸ ਵਾਸਤੇ ਖਾਸ ਤਰ੍ਹਾਂ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ ਖਾਸ ਤਰਾ੍ਹਂ ਦੇ ਦੋ ਡਿਸਪੈਂਸਰਾਂ ਨੂੰ ਲੜਕੀਆਂ ਦੇ ਬਾਥਰੂਮਾਂ ਅੰਦਰ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੀ ਸਾਫ ਸਫਾਈ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ।
ਮੰਤਰੀ ਬਰੋਨੀ ਟੇਲਰ ਨੇ ਕਿਹਾ ਕਿ ਵਿਦਿਆਰਥਣਾਂ ਵੱਲੋਂ ਅਜਿਹੀ ਮੰਗ ਬੜੀ ਦੇਰ ਤੋਂ ਕੀਤੀ ਜਾ ਰਹੀ ਸੀ ਅਤੇ ਹੁਣ ਸਰਕਾਰ ਨੇ ਇਸ ਵੱਲ ਖਾਸ ਧਿਆਨ ਦੇ ਕੇ ਉਪਰੋਕਤ ਸੁਵਿਧਾਵਾਂ ਦਾ ਐਲਾਨ ਕਰ ਦਿੱਤਾ ਹੈ।

Install Punjabi Akhbar App

Install
×