ਨਿਊ ਸਾਊਥ ਵੇਲਜ਼ ਦੇ ਕਲੱਬਾਂ ਵਿੱਚ ਹੁਣ ਹਾਸਪਿਟੈਲਿਟੀ ਸਿਖਲਾਈ ਸ਼ੁਰੂ… ਉਹ ਵੀ ਮੁਫਤ!

ਰਾਜ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਆਪਣੇ ਇੱਕ ਅਹਿਮ ਫੈਸਲੇ ਰਾਹੀਂ, ਬੇਰੋਜ਼ਗਾਰਾਂ ਲਈ ਹਾਸਪਿਟੈਲਿਟੀ ਆਦਿ ਉਦਯੋਗ ਜਗਤ ਵਿੱਚ ਆਪਣਾ ਭਵਿੱਖ ਬਣਾਉਣ ਅਤੇ ਵੱਧ ਰਹੀ ਮੰਗ ਦੀ ਪੂਰਤੀ ਲਈ, ਅਪਰ ਹੰਟਰ ਖੇਤਰ ਦੇ ਕਲੱਬਾਂ ਵਿੱਚ ਸਿਖਲਾਈ ਦਾ ਦੌਰ ਸ਼ੁਰੂ ਕੀਤਾ ਹੈ ਅਤੇ ਇਸ ਵਾਸਤੇ ਸਰਕਾਰ ਨੇ ਕਲੱਬਜ਼ ਨਿਊ ਸਾਊਥ ਵੇਲਜ਼ ਨਾਲ ਇੱਕ ਸਮਝੌਤਾ ਵੀ ਕੀਤਾ ਹੈ। ਇਹ ਸਿਖਲਾਈ ਰਾਜ ਦੇ ਲੋੜੀਂਦੇ ਵਿਅਕਤੀਆਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਵਧੀਕ ਪ੍ਰੀਮੀਅਰ ਨੇ ਦੱਸਿਆ ਕਿ ਇਸ ਖੇਤਰ ਵਿੱਚ ਮੰਗ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਬੀਤੇ ਇੱਕ ਸਾਲ ਤੋਂ ਵੀ ਵੱਧ ਦੇ ਸਮੇਂ ਦੌਰਾਨ ਜਿਹੜੀਆਂ ਆਫ਼ਤਾਵਾਂ ਰਾਜ ਦੇ ਲੋਕਾਂ ਨੇ ਝੇਲੀਆਂ ਹਨ ਅਤੇ ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੌਜ਼ਗਾਰ ਖੁਸ ਗਏ ਸਨ, ਅਤੇ ਇਸੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਉਕਤ ਫੈਸਲਾ ਜਨਹਿਤ ਵਿੱਚ ਲਿਆ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਰੌਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਉਕਤ ਸਿਖਲਾਈ ਟੈਫੇ ਨਿਊ ਸਾਊਥ ਵੇਲਜ਼ ਵੱਲੋਂ ਦਿੱਤੀ ਜਾਵੇਗੀ ਅਤੇ ਇਯ ਵਾਸਤੇ ਅਪਰ ਹੰਟਰ ਦੇ ਸਿੰਗਲਟੋਨ ਡਿਗਰਜ਼, ਮਾਊਸਵੈਲ ਬਰੁਕ ਆਰ.ਐਸ.ਐਲ., ਸਿੰਗਲਟੋਨ ਬੌਲੋ ਅਤੇ ਸਕੋਨ ਆਰ.ਐਸ.ਐਲ. ਆਦਿ ਨੂੰ ਪਹਿਲ ਦੇ ਆਧਾਰ ਤੇ ਇਸ ਸਿਖਲਾਈ ਲਈ ਚੁਣਿਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਚਲਾਇਆ ਜਾ ਰਿਹਾ ਹੈ ਅਤੇ ਇਸਤੋਂ ਬਾਅਦ ਸਮੁੱਚੇ ਰਾਜ ਅੰਦਰ ਹੀ ਅਜਿਹੀਆਂ ਸਿਖਲਾਈਆਂ ਦਾ ਸਿਲਸਿਲਾ ਜਾਰੀ ਕਰ ਦਿੱਤਾ ਜਾਵੇਗਾ।
ਹੁਨਰਾਂ ਅਤੇ ਟੈਰਿਟਰੀ ਐਜੁਕੇਸ਼ਨ ਵਾਲੇ ਵਿਭਾਗਾਂ ਦੇ ਮੰਤਰੀ ਜਿਓਫ ਲੀ, ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੀ ਸੂਝਬੂਝ ਅਤੇ ਦੂਰ-ਅੰਦੇਸ਼ੀ ਨਾਲ ਬਹੁਤ ਵਧੀਆ ਕਦਮ ਚੁੱਕਿਆ ਹੈ ਅਤੇ ਇਸ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ।
ਕਲੱਬ ਨਿਊ ਸਾਊਥ ਵੇਲਜ਼ ਦੇ ਮੁੱਖ ਕਾਰਜਕਾਰੀ ਜੋਸ਼ ਲੈਂਡਿਸ ਨੇ ਕਿਹਾ ਕਿ ਉਨ੍ਹਾਂ ਦਾ ਅਦਾਰਾ ਵੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹੈ ਅਤੇ ਨੌਜਵਾਨਾਂ ਅਤੇ ਹੋਰ ਚਾਹਵਾਨਾਂ ਨੂੰ ‘ਜੀ ਆਇਆਂ ਨੂੰ’ ਆਖਦਾ ਹੈ।
ਉਕਤ ਮੁਫਤ ਸਿਖਲਾਈ ਦਾ ਪ੍ਰੋਗ੍ਰਾਮ ਪੂਰੀ ਤਰ੍ਹਾਂ ਨਾਲ ਰਾਜ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਨਾਲ ਸਬੰਧਤ ਹੈ ਅਤੇ ਇਸ ਨਾਲ ਰਾਜ ਵਿਚਲੇ 43,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਇਸਦਾ ਸਿੱਧਾ ਲਾਭ ਪ੍ਰਾਪਤ ਹੋਵੇਗਾ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.training.nsw.gov.au/programs_services/funded_other/clubsnsw/index.html ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×