ਗਊਸ਼ਾਲਾ ਸੰਸਥਾਵਾਂ ਨੂੰ ਮੁਫਤ ਬਿਜਲੀ

cows and bullsਚੋਣ ਵਰ੍ਹਾਂ ਹੋਣ ਕਾਰਨ ਹੁਣ ਪੰਜਾਬ ਸਰਕਾਰ ਰਿਆਇਤ ਦਰ ਰਿਆਇਤ ਕਰੇਗੀ। ਰੁਕੇ ਵਾਅਦੇ ਪੂਰੇ ਹੋਣਗੇ। ਬਾਈ ਮਾਰਚ ਨੂੰ ਬਿਆਨ ਛਪਿਆ ਹੈ ਕਿ ਕੀਮਤੀ ਲਾਲ ਭਗਤ ਦੀ ਮੁਫਤ ਬਿਜਲੀ ਦੀ ਮੰਗ ਪੂਰੀ ਹੋਏਗੀ। ਕੀਮਤੀ ਲਾਲ ਭਗਤ ਜੀ ਪੰਜਾਬ ਗਊ ਸੇਵਾ ਕਮੀਸ਼ਨ ਦੇ ਚੇਅਰਮੈਨ ਹਨ। ਸਰਕਾਰ ਨੇ ਉਨ੍ਹਾਂ ਦੀ ਤਨਖਾਹ 50 ਹਜ਼ਾਰ ਰੁਪਏ ਮਹੀਨਾ ਮਿਥੀ ਹੈ ਜੋ ਭਗਤ ਜੀ ਨੂੰ ਘੱਟ ਲੱਗੀ ਹੈ। ਉਹ ਇਕ ਲੱਖ ਰੁਪਏ ਦੀ ਮੰਗ ਕਰ ਰਹੇ ਹਨ।
ਸਰਕਾਰ ਗਊਆਂ ਪ੍ਰਤੀ ਹਮਦਰਦ ਹੈ ਤਾਂ ਭਗਤ ਜੀ ਨੂੰ ਵੀ ਤਨਖਾਹ ਅੱਵਲ ਤਾਂ ਲੈਣੀ ਨਹੀਂ ਚਾਹੀਦੀ, ਜੇ ਸਰਦਾ ਨਹੀਂ ਤਾਂ ਸਰਕਾਰ ਨੂੰ ਆਖਦੇ 50 ਨਹੀਂ 25 ਹਜ਼ਾਰ ਦਿਉ। ਉਨ੍ਹਾਂ ਵਲੋਂ ਕੀਤੀ ਸੇਵਾ ਦਾ ਪੁੰਨ ਲਗਦਾ। ਪਰ ਥੋੜੇ ਦਿਨ ਹੋਰ ਬੀਤਣ ਦਿਉ, ਇਕ ਲੱਖ ਰੁਪਏ ਮਹੀਨੇ ਦਾ ਐਲਾਨ ਹੋ ਜਾਵੇਗਾ।
ਸਾਨੂੰ ਸਰਕਾਰ ਦੀ ਤੰਗ ਦਿਲੀ ਜਾਂ ਫਰਾਖ ਦਿਲੀ ਨਾਲ ਕੀ ਸਰੋਕਾਰ? ਅਸੀਂ ਤਾਂ ਇਹੋ ਅਰਜ਼ ਕਰਨੀ ਹੈ ਕਿ ਅਵਾਰਾਂ ਗਊਆਂ ਤੇ ਸਾਨ੍ਹ ਖੇਤਾਂ ਅਤੇ ਸੜਕਾਂ ਉਪਰ ਫਿਰਨੋ ਰੋਕੋ। ਚਾਹੀਦਾ ਤਾਂ ਇਹ ਸੀ ਕਿ ਗਊ ਭਗਤ ਖੇਤਾਂ ਵਿਚਲੀਆਂ ਅਵਾਰਾ ਗਾਵਾਂ ਫੜ ਕੇ ਗਊਸ਼ਾਲਾ ਵਿਚ ਲੈ ਆਉਣ ਪਰ ਜਦੋਂ ਕਿਸਾਨ ਆਪ ਲੈ ਆਉਂਦੇ ਹਨ, ਸੇਵਕ ਗਊਸ਼ਾਲਾ ਨੂੰ ਜੰਦਰਾ ਮਾਰ ਦਿੰਦੇ ਹਨ। ਹਿੰਸਕ ਝੜਪਾਂ ਹੋ ਚੁਕੀਆਂ ਹਨ। ਮੁਫਤ ਸਹੂਲਤਾਂ ਦੇਣ ਵਕਤ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਗਊ, ਸਾਨ੍ਹ ਅਵਾਰਾ ਨਾ ਫਿਰੇ। ਹਾਦਸਿਆਂ ਵਿਚ ਪਸ਼ੂਆਂ ਅਤੇ ਮਨੁਖਾਂ ਦੋਹਾਂ ਦੀਆਂ ਮੌਤਾਂ ਹੁੰਦੀਆਂ ਹਨ, ਅਪਾਹਜ ਹੁੰਦੇ ਹਨ।

ਡਾ. ਹਰਪਾਲ ਸਿੰਘ ਪੰਨੂ
ਪੰਜਾਬੀ ਯੂਨੀਵਰਸਿਟੀ, ਪਟਿਆਲਾ