
ਫਰੀਦਕੋਟ -ਸਮਾਜ ਸੇਵਾ ਵਿੱਚ ਜੁਟੀ ਸੰਸਥਾ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਪੰਜਾਬ ਵੱਲੋਂ ਫਰੀਦਕੋਟ ਵਿਖੇ ਇਮਤਿਹਾਨਾਂ ਦੌਰਾਨ ਸਰਕਾਰੀ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਮੁਫਤ ਐਂਬੂਲੈਂਸ ਸੇਵਾ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਸਬੰਧੀ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ ਵਿਖੇ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਵਿਕਾਸਦੀਪ ਸਿੰਘ ਵਿੱਕੀ ਗਰੋਵਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਇਸ ਸਮੇਂ ਦੌਰਾਨ ਜਦੋਂ ਇਮਤਿਹਾਨਾਂ ਦਾ ਮੌਸਮ ਆ ਰਿਹਾ ਹੈ ਤਾਂ ਮਹਾਂਮਾਰੀ ਨੂੰ ਦੇਖਦਿਆਂ ਫਾਊਂਡੇਸ਼ਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਫਰੀਦਕੋਟ ਸ਼ਹਿਰ ਅਤੇ ਨਾਲ ਲੱਗਦੇ ਖੇਤਰਾਂ ਦੀਆਂ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਇਮਤਿਹਾਨ ਦੇ ਰਹੇ ਵਿਦਿਆਰਥੀਆਂ ਨੁੰ ਜੇਕਰ ਐਮਰਜੈਂਸੀ ਸਮੇਂ ਲੋੜ ਪੈਂਦੀ ਹੈ, ਤਾਂ ਨੇੜਲੇ ਸਿਹਤ ਕੇਂਦਰਾਂ ਤੱਕ ਪਹੁੰਚਾਉਣ ਲਈ ਮੁਫਤ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ‘ਤੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਕਰੋਨਾ ਕਾਲ ਸਮੇਂ ਕਰਫਿਊ ਅਤੇ ਜਿੰਦਾਬੰਦੀ ਦੌਰਾਨ ਵੀ ਫਾਊਂਡੇਸ਼ਨ ਵੱਲੋਂ ਰਾਸ਼ਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਇਲਾਜ ਵਿੱਚ ਸੇਵਾ ਕੀਤੀ ਗਈ ਸੀ ਅਤੇ ਬਹੁਤ ਸਾਰੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਦੇ ਦਵਾਈ ਵਿਕ੍ਰੇਤਾਵਾਂ ਕੋਲ ਦਵਾਈ ਖਰੀਦਣ ਬਦਲੇ ਗਹਿਣੇ ਪਏ ਮੋਬਾਈਲ ਅਤੇ ਵਹੀਕਲ ਛੁਡਵਾਏ ਗਏ ਸਨ। ਉਹਨਾਂ ਸਰਕਾਰੀ ਵਿਦਿਅਕ ਅਦਾਰਿਆਂ ਦੇ ਮੁਖੀ ਸਾਹਿਬਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਂਬੂਲੈਂਸ ਸੇਵਾਵਾਂ ਲੈਣ ਲਈ ਮੋਬਾਈਲ ਨੰਬਰਾਂ 98786 59007 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ‘ਤੇ ਜੰਗਬੀਰ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਹਾਜਰ ਸਨ।