
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੁਨੀਆ ਦੀ ਵਿਰਾਸਤੀ ਸੂਚੀ ਵਿੱਚ ਦਰਜ ‘ਫ੍ਰੇਜ਼ਰ ਆਈਲੈਂਡ’ ਵਿੱਚ ਲੱਗੀ ਅੱਗ ਕਾਰਨ ਲੱਗਭਗ ਅੱਧਾ ਟਾਪੂ ਹੀ ਅੱਗ ਦੀ ਚਪੇਟ ਵਿੱਚ ਆ ਗਿਆ ਸੀ ਅਤੇ ਇਸ ਅੱਗ ਦੇ ਕਾਰਨਾਂ ਦੀ ਪੜਤਾਲ ਕਰਦਿਆਂ ਚਾਰ ਆਦਮੀ (ਤਿੰਨ 20ਵਿਆਂ ਸਾਲਾਂ ਵਿੱਚ) ਨੂੰ ਪੁਲਿਸ ਵੱਲੋਂ ਮੈਰੀਬੋਰੌ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਇੱਕ 17 ਸਾਲਾਂ ਦਾ ਲੜਕਾ ਵੀ ਸ਼ਾਮਿਲ ਹੈ। ਇਨ੍ਹਾਂ ਉਪਰ ਇਲਜ਼ਾਮ ਹੈ ਕਿ ਇਨ੍ਹਾਂ ਨੇ ਹੀ ਅਕਤੂਬਰ ਦੀ 14 ਤਾਰੀਖ ਨੂੰ ਇਸ ਅੱਗ ਨੂੰ ਲਗਾਇਆ ਸੀ ਜੋ ਕਿ ਆਨਨ ਫਾਨਨ ਵਿੱਚ ਹੀ ਜੰਗਲ ਵਿੱਚ ਫੈਲ ਗਈ। ਇਸ ਬਾਬਤ ਕੁਈਨਜ਼ਲੈਂਡ ਪਾਰਕ ਅਤੇ ਵਾਈਲਡਲਾਈਫ ਸੇਵਾਵਾਂ ਨੂੰ ਸੂਚਿਤ ਵੀ ਕੀਤਾ ਗਿਆ ਸੀ ਪਰੰਤੂ ਅੱਗ ਇੰਨੀ ਭਿਆਨਕ ਸੀ ਕਿ ਕੁੱਝ ਦੇਰ ਅੰਦਰ ਹੀ ਬੇਕਾਬੂ ਹੋ ਗਈ। ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਲੱਗੀ ਇਸ ਅੱਗ ਕਾਰਨ 87,000 ਹੈਕਟੇਅਰ ਜੰਗਲੀ ਜ਼ਮੀਨ ਤਬਾਹ ਹੋ ਗਈ ਅਤੇ ਇਸ ਅੱਗ ਨੇ ਪੂਰੇ ਦੋ ਮਹੀਨੇ ਤੱਕ ਤਾਂਡਵ ਮਚਾਈ ਰੱਖਿਆ ਜਿਸ ਵਿੱਚ ਕਿ ਕਰੋੜਾਂ ਹੀ ਜੰਗਲੀ ਜੀਵਾਂ ਦੇ ਨਾਲ ਨਾਲ ਹੋਰ ਥਾਵਾਂ ਵੀ ਇਸ ਅੱਗ ਦੀ ਭੇਟ ਚੜ੍ਹ ਗਈਆਂ। ਪਾਣੀ ਦੇ ਟੈਂਕਰਾਂ ਵਾਲੇ ਹਵਾਈ ਜਹਾਜ਼ਾਂ ਨੇ ਇਸ ਅੱਗ ਉਪਰ ਕਾਬੂ ਪਾਉਣ ਲਈ ਤਿੰਨ ਮਿਲੀਅਨ ਲਿਟਰ ਪਾਣੀ ਅਤੇ ਅੱਗ ਬੁਝਾਊ ਜੈਲ ਦਾ ਇਸਤੇਮਾਲ ਕੀਤਾ ਅਤੇ 9 ਹਫ਼ਤਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਅੱਗ ਉਪਰ ਕਾਬੂ ਪਾਇਆ ਗਿਆ। ਇਹ ਟਾਪੂ ਬ੍ਰਿਸਬੇਨ ਤੋਂ ਕਰੀਬ 250 ਕਿਲੋ ਮੀਟਰ ਉਤਰ ਵੱਲ ਨੂੰ ਸਥਿਤ ਹੈ ਅਤੇ ਇਸ ਟਾਪੂ ਉਪਰ 180,000 ਹੈਕਟੇਅਰ ਦੀ ਭੂਮੀ ਹੈ। ਉਕਤ ਨਾਮਜ਼ਦ ਕੀਤੇ ਗਏ ਚਾਰ ਆਦਮੀਆਂ ਨੂੰ ਜਨਵਰੀ ਦੀ 21 ਤਾਰੀਖ ਨੂੰ ਹਾਰਵੇ ਬੇਅ ਮੈਜਿਸਟ੍ਰੇਟ ਕੋਰਟ ਅੰਦਰ ਪੇਸ਼ ਕੀਤਾ ਜਾਵੇਗਾ ਅਤੇ 17 ਸਾਲਾਂ ਦੇ ਲੜਕੇ ਨੂੰ ਸਬੰਧਤ ਨਿਆਂ ਪਾਲਿਕਾ ਵਿੱਚ ਪੇਸ਼ ਕੀਤਾ ਜਾਵੇਗਾ।