ਵਿਕਟੋਰੀਆ ਨੇ ਹਾਟਸਪਾਟਾਂ ਉਪਰ 4 ਹਫ਼ਤਿਆਂ ਦਾ ਲੋਕਡਾਊਨ ਵਧਾਇਆ

(ਐਸ.ਬੀ.ਐਸ.) ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਕਰੋਨਾ ਦੇ ਲਗਾਤਾਰ ਵਾਧੇ ਦੇ ਮੱਦੇਨਜ਼ਰ, ਰਾਜ ਅੰਦਰ ਲੋਕਾਂ ਨੂੰ ਹਾਲੇ ਵੀ ਘਰਾਂ ਵਿੱਚ ਹੀ ਰਹਿਣ ਦੀ ਜ਼ਰੂਰਤ ਹੈ ਅਤੇ ਤਕਰੀਬਨ 10 ਅਜਿਹੇ ਹਾਟਸਪਾਟ ਹਨ ਜਿਨ੍ਹਾਂ ਉਪਰ ਲਾਕਡਾਊਨ ਪੂਰਨ ਤੌਰ ਤੇ 4 ਹਫ਼ਤਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ। ਅੱਜ, ਯਾਨੀ ਕਿ ਬੁੱਧਵਾਰ ਰਾਤ ਨੂੰ ਸ਼ੁਰੂ ਹੋਣ ਵਾਲੇ ਨਵੇਂ ਲਾਕਡਾਊਨ ਅਨੁਸਾਰ ਲੋਕ ਸਿਰਫ ਅਤੇ ਸਿਰਫ ਜ਼ਰੂਰੀ ਕਾਰਨਾਂ ਕਰਕੇ ਹੀ ਘਰੋਂ ਬਾਹਰ ਨਿਕਲ ਸਕਦੇ ਹਨ ਅਤੇ ਇਨ੍ਹਾਂ ਜ਼ਰੂਰੀ ਕੰਮਾਂ ਵਿੱਚ ਕਸਰਤ, ਸਕੂਲ ਜਾਂ ਕੰਮ ਤੇ ਜਾਣਾ, ਕਿਸੇ ਦੀ ਦੇਖਭਾਲ ਕਰਨ ਦੀ ਜ਼ੁੰਮੇਵਾਰੀ, ਅਤੇ ਜਾਂ ਫੇਰ ਭੋਜਨ ਸਬੰਧੀ ਜਾਂ ਹੋਰ ਲੋੜੀਂਦੀਆਂ ਜ਼ਰੂਰਤਾਂ ਦਾ ਸਾਮਾਨ ਆਦਿ ਖ੍ਰੀਦਣਾ ਸ਼ਾਮਿਲ ਹਨ। ਮੈਲਬੋਰਨ ਦੇ ਪੱਛਮੀ ਅਤੇ ਉਤਰੀ ਖੇਤਰਾਂ ਦੇ ਪੋਸਟਲ ਕੋਡਾਂ ਅਨੁਸਾਰ ਚਾਰ ਹਫ਼ਤਿਆਂ ਦਾ ਲਾਕਡਾਊਨ ਲਗਾਇਆ ਗਿਆ ਹੈ ਜੋ ਕਿ ਇਸ ਪ੍ਰਕਾਰ ਹੈ: 3012, 3021, 3032, 3038, 3042, 3046, 3047, 3055, 3060 ਅਤੇ 3064. ਅੰਦਾਜ਼ੇ ਮੁਤਾਬਿਕ ਇਸ ਨਾਲ ਤਕਰੀਬਨ ਤਿੰਨ ਲੱਖ ਲੋਕਾਂ ਉਪਰ ਇਸ ਦਾ ਅਸਰ ਪਵੇਗਾ। ਪ੍ਰਮੀਅਰ ਨੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਮੈਲਬੋਰਨ ਤੋਂ ਘੱਟੋ ਘੱਟ 2 ਹਫ਼ਤਿਆਂ ਵਾਸਤੇ ਅੰਤਰ-ਰਾਸ਼ਟਰੀ ਉਡਾਣਾਂ ਬੰਦ ਕਰ ਦਿੱਤੀਆਂ ਜਾਣ ਤਾਂ ਜੋ ਵਾਪਿਸ ਆ ਰਹੇ ਯਾਤਰੀਆਂ ਕਰਕੇ ਥੋੜ੍ਹੀ ਸਿਰਦਰਦੀ ਘੱਟ ਹੋ ਸਕੇ।