
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 4 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 3 ਤਾਂ ਬੈਰਾਲਾ ਕਲਸਟਰ ਨਾ ਜੁੜੇ ਹਨ ਅਤੇ ਇੱਕ ਵਿਅਕਤੀ ਦਾ ਮਾਮਲਾ ਪੱਛਮੀ ਸਿਡਨੀ ਹਸਪਤਾਲ ਦੇ ਆਪਾਤਕਾਲੀਨ ਵਿਭਾਗ ਨਾਲ ਜਾ ਜੁੜਿਆ ਹੈ ਜਿੱਥੇ ਕਿ ਉਸਨੇ ਆਪਣਾ ਇਲਾਜ ਕਰਵਾਇਆ ਸੀ ਅਤੇ ਇਸੇ ਇਲਾਜ਼ ਦੌਰਾਨ ਉਕਤ 40ਵਿਆਂ ਸਾਲਾਂ ਵਿਚਲਾ ਵਿਅਕਤੀ ਕਰੋਨਾ ਸਥਾਪਿਤ ਹੋ ਗਿਆ। ਇੱਕ ਹੋਰ ਮਾਮਲਾ ਜਿਹੜਾ ਕਿ ਬੀਤੀ ਰਾਤ 8 ਵਜੇ ਤੋਂ ਬਾਅਦ ਆਇਆ ਉਸ ਦੀ ਹਿਸਟਰੀ ਦਰਸਾਉਂਦੀ ਹੈ ਕਿ ਉਹ ਬੀਤੇ ਸ਼ਨਿਚਰਵਾਰ ਨੂੰ ਆਪਣੀ ਸਾਹ ਦੀ ਤਕਲੀਫ ਦੇ ਇਲਾਜ ਵਾਸਤੇ ਮਾਊਂਟ ਡਰੂਟ ਹਸਪਤਾਲ ਅੰਦਰ ਗਿਆ ਸੀ ਜਿੱਥੇ ਕਿ ਉਸਦਾ ਕਰੋਨਾ ਟੈਸਟ ਹੋਇਆ ਅਤੇ ਉਹ ਕਰੋਨਾ ਪਾਜ਼ਿਟਿਵ ਪਾਇਆ ਗਿਆ ਅਤੇ ਉਸਨੂੰ ਵੈਸਟਮੀਡ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ। ਅਧਿਕਾਰੀ ਇਸ ਮਾਮਲੇ ਪ੍ਰਤੀ ਕਾਫੀ ਗੰਭੀਰ ਹਨ ਅਤੇ ਲਗਾਤਾਰ ਇਸ ਦੇ ਮੁੱਖ ਸ੍ਰੋਤ ਦੀ ਭਾਲ ਵਿੱਚ ਲੱਗੇ ਹਨ। ਇਸ ਤੋਂ ਬਾਅਦ ਮਾਊਂਟ ਡਰੂਟ ਹਸਪਤਾਲ ਦੇ ਆਪਾਤਕਾਲੀਨ ਵਿਭਾਗ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਈਜ਼ ਵੀ ਕੀਤਾ ਗਿਆ। ਅਧਿਕਾਰੀ ਇਸ ਮਾਮਲੇ ਕਾਰਨ ਸਮੁੱਚੇ ਸਟਾਫ ਅਤੇ ਉਥੇ ਮੌਜੂਦ ਮਰੀਜ਼ਾਂ ਉਪਰ ਵੀ ਨਜ਼ਰ ਟਿਕਾਈ ਬੈਠੇ ਹਨ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 18,500 ਟੈਸਟ ਵੀ ਕੀਤੇ ਗਏ ਹਨ ਅਤੇ ਸਰਕਾਰ ਅਤੇ ਅਧਿਕਾਰੀ ਲਗਾਤਾਰ ਲੋਕਾਂ ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਦੀਆਂ ਹਦਾਇਤਾਂ ਜਾਰੀ ਕਰ ਰਹੇ ਹਨ। ਉਤਰੀ ਬੀਚਾਂ ਨਾਲ ਸਬੰਧਤ ਹਜ਼ਾਰਾਂ ਹੀ ਲੋਕਾਂ ਨੇ ਬੀਤੇ ਐਤਵਾਰ ਨੂੰ ਲਾਕਡਾਊਨ ਖੁਲ੍ਹਣ ਕਾਰਨ ‘ਆਜ਼ਾਦੀ ਦਿਹਾੜਾ’ ਵੀ ਮਨਾਇਆ ਪਰੰਤੂ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਦੀ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ।