ਕੁਈਨਜ਼ਲੈਂਡ ਵਿੱਚ ਅੱਜ ਹੋ ਰਹੀਆਂ ਚੋਣਾਂ ਵਿੱਚ ਚਾਰ ਭਾਰਤੀਆਂ ਦੀ ਖ਼ੂਬ ਚਰਚਾ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਅੱਜ ਸ਼ਨਿਚਰਵਾਰ ਨੂੰ ਕੁਈਨਜ਼ਲੈਂਡ ਵਿਚ ਹੋ ਰਹੀਆਂ ਚੋਣਾਂ ਵਿੱਚ ਲੇਬਰ ਪਾਰਟੀ, ਦ ਐਲ.ਐਨ.ਪੀ., ਗਰੀਨਜ਼ ਅਤੇ ਪਾਲੀਨ ਹੈਨਸਨ ਦੀ ਵਨ ਨੈਸ਼ਨ ਪਾਰਟੀ ਸਾਰਿਆਂ ਨੇ ਹੀ ਮੈਦਾਨ ਵਿੱਚ ਭਾਰਤੀ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਹੋਇਆ ਹੈ ਅਤੇ ਜੇ ਇਹ ਜਿੱਤ ਜਾਂਦੇ ਹਨ ਤਾਂ ਫੇਰ ਬੀਤੇ 25 ਸਾਲਾਂ ਵਿਚੋਂ ਇਹ ਪਹਿਲੇ ਭਾਰਤੀ ਹੋਣਗੇ ਜਿਹੜੇ ਕਿ ਐਮ.ਪੀ. ਬਣ ਕੇ ਪਾਰਲੀਮੈਂਟ ਅੰਦਰ ਜਾਣਗੇ। ਵੈਸੇ ਸੰਸਾਰ ਦੇ ਦੂਸਰੇ ਦੇਸ਼ਾਂ ਜਿਵੇਂ ਕਿ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਆਦਿ ਵਿੱਚ ਕਾਫੀ ਭਾਰਤੀ ਲੋਕ ਸੰਸਦ ਦਾ ਹਿੱਸਾ ਹਨ ਪਰੰਤੂ ਹੁਣ ਆਸਟ੍ਰੇਲੀਆਈ ਰਾਜਨੀਤੀ ਵਿੱਚ ਵੀ ਭਾਰਤੀਆਂ ਦੀ ਸ਼ਮੂਲੀਅਤ ਵੱਧਦੀ ਜਾ ਰਹੀ ਹੈ। ਭਾਰਤੀ ਮੂਲ ਦੇ ਤਾਮਿਲ ਨਾਡੂ ਤੋਂ ਪਲਾਨੀ ਥੇਵਰ ਨੂੰ ਲੇਬਰ ਪਾਰਟੀ ਨੇ ਮਾਇਵਾਰ ਸੀਟ ਤੋਂ ਟਿਕਟ ਦਿੱਤੀ ਹੋਈ ਹੈ। ਸ੍ਰੀ ਪਲਾਨੀ, ਕੁਈਨਜ਼ਲੈਂਡ ਅੰਦਰ ਭਾਰਤੀ ਮੂਲ ਦੇ ਭਾਈਚਾਰੇ ਦੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਵੀ ਰਹੇ ਹਨ। ਦ ਐਲ.ਐਨ.ਪੀ. ਨੇ ਪੰਜਾਬ ਦੀ ਜੰਮ-ਪਲ਼ ਪਿੰਕੀ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ ਅਤੇ ਮੈਕਕੋਨਲ ਤੋਂ ਟਿਕਟ ਦਿੱਤੀ ਹੋਈ ਹੈ। ਜ਼ਿਕਰਯੋਗ ਹੈ ਕਿ ਬ੍ਰਿਸਬੇਨ ਵਿੱਚ 2016 ਵਿਚ ਹੋਏ ਮਨਮੀਤ ਅਲੀਸ਼ੇਰ ਦੀ ਦਰਦਨਾਕ ਕਤਲ ਵਾਲੇ ਮਾਮਲੇ ਵਿੱਚ ਪਿੰਕੀ ਸਿੰਘ ਨੇ ਬੁਲੰਦ ਆਵਾਜ਼ ਉਠਾਈ ਸੀ। ਪੰਜਾਬ ਦੇ ਹੀ ਜੰਮ-ਪਲ਼ ਨਵਦੀਪ ਸਿੰਘ ਨੂੰ ਗਰੀਨਜ਼ ਪਾਰਟੀ ਨੇ ਆਪਣਾ ਉਮੀਦਵਾਰ ਜੋਰਡਨ ਇਲਾਕੇ ਤੋਂ ਐਲਾਨਿਆ ਹੋਇਆ ਹੈ ਅਤੇ ਨਵਦੀਪ ਸਿੰਘ ਕਿਸੇ ਪਹਿਚਾਣ ਦੇ ਮੁਥਾਜ ਨਹੀਂ ਅਤੇ ਬਹੁਤ ਹੀ ਹਰਮਨ ਪਿਆਰੇ ਨੇਤਾ ਹਨ। ਪੌਲਿਨ ਹੈਨਸਨ ਦੀ ਵਨ ਨੇਸ਼ਨਜ਼ ਪਾਰਟੀ ਨੇ ਹੈਦਰਾਬਾਦ ਦੇ ਜੰਮ-ਪਲ਼ ਨਿਕ ਅਲੀ ਰੈਡੀ ਨੂੰ ਬੈਂਕਰੋਫਟ ਤੋਂ ਚੋਣ ਲੜਾਈ ਹੋਈ ਹੈ ਜੋ ਕਿ ਪਹਿਲਾਂ ਭਾਰਤੀ ਮੂਲ ਦੇ ਭਾਈਚਾਰੇ ਦੀ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਥੇਵਰ ਦੇ ਵਧੀਕ ਹੋਇਆ ਕਰਦੇ ਸਨ।

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਐਨੇ ਵਾਰਨਰ ਨੇ 1983 ਵਿੱਚ ਕੁਈਨਜ਼ਲੈਂਡ ਦੀ ਧਰਤੀ ਉਪਰ ਪਹਿਲੇ ਭਾਰਤੀ ਐਮ.ਪੀ. ਹੋਣ ਦਾ ਮਾਣ ਹਾਸਿਲ ਕੀਤਾ ਸੀ।

Install Punjabi Akhbar App

Install
×