ਮਾਨਯੋਗ ਜਸਟਿਸ ਅਜੇ ਕੁਮਾਰ ਮਿੱਤਲ ਤੇ ਡਾ. ਸ਼ੇਖਰ ਧਵਨ ਵਲੋਂ ਤਰਨਤਾਰਨ ਦੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ

ttpawanphoto 02ਤਰਨਤਾਰਨ ਵਿਖੇ 44.97 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ ਅੱਜ ਮਾਨਯੋਗ ਸ੍ਰੀ ਜਸਟਿਸ ਅਜੇ ਕੁਮਾਰ ਮਿੱਤਲ, ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਨਾਲ ਮਾਨਯੋਗ ਸ੍ਰੀ ਜਸਟਿਸ ਡਾ. ਸ਼ੇਖਰ ਧਵਨ, ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਉਦਘਾਟਨ ਤੋਂ ਬਾਅਦ ਕੰਪਲੈਕਸ ਅੰਦਰ ਆਯੋਜਿਤ ਕੀਤੇ ਗਏ ਉਦਘਾਟਨੀ ਸਮਾਗਮ ਸਮੇਂ ਬੋਲਦਿਆਂ ਸ੍ਰੀ ਅਜੇ ਕੁਮਾਰ ਮਿੱਤਲ ਨੇ ਕਿਹਾ ਕਿ ਅੱਜ ਦਾ ਦਿਨ ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਨਾਲ ਦਰਜ ਹੋ ਗਿਆ ਹੈ ਕਿਉਂਕਿ ਅੱਜ ਜ਼ਿਲ੍ਹੇ ਨੂੰ ਆਪਣਾ ਨਵਾਂ ਜੁਡੀਸ਼ੀਅਲ ਕੋਰਟ ਕੰਪਲੈਕਸ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਦਾ ਇਹ ਕੋਰਟ ਕੰਪਲੈਕਸ ਪੰਜਾਬ ਭਰ ਦੇ ਕੋਰਟ ਕੰਪਲੈਕਸਾਂ ਵਿਚੋਂ ਸਭ ਤੋਂ ਖੂਬਸੂਰਤ ਹੈ ਅਤੇ ਇਨਸਾਫ ਦਾ ਇਹ ਮੰਦਰ ਲੋਕਾਂ ਨੂੰ ਨਿਆਂ ਦੇਣ ਵਿਚ ਅਹਿਮ ਸਹਾਈ ਹੋਵੇਗਾ।
ਮਾਨਯੋਗ ਜਸਟਿਸ ਸ੍ਰੀ ਮਿੱਤਲ ਨੇ ਕਿਹਾ ਕਿ ਅਪ੍ਰੈਲ ਮਹੀਨੇ ਤੱਕ ਤਰਨਤਾਰਨ ਵਿਖੇ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਤਾਇਨਾਤੀ ਵੀ ਕਰ ਦਿੱਤੀ ਜਾਵੇਗੀ ਅਤੇ ਇਸ ਸੰਬੰਧੀ ਲੋੜੀਂਦੀਆਂ ਪ੍ਰੀਕਿਰਿਆਵਾਂ ਤੇਜੀ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਖੂਬਸੂਰਤ ਇਮਾਰਤ ਵਿਚ ਜੱਜ ਸਾਹਿਬਾਨ ਅਤੇ ਵਕੀਲ ਬੇਹਤਰ ਅਤੇ ਅਰਾਮਦਾਇਕ ਮਾਹੌਲ ਵਿਚ ਵਧੀਆ ਕੰਮ ਕਰ ਸਕਣਗੇ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਮਾਨਯੋਗ ਜਸਟਿਸ ਸ੍ਰੀ ਅਜੇ ਕੁਮਾਰ ਮਿੱਤਲ ਨੇ ਦੱਸਿਆ ਕਿ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਦੇਣ ਵਿਚ ਪੰਜਾਬ ਦੇਸ਼ ਭਰ ਵਿਚੋਂ ਮੋਹਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਿਕਾਰਡ ਸਮੇਂ ਵਿਚ ਕੇਸਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੇਠਲੀਆਂ ਅਦਾਲਤਾਂ ਵਿਚ ਵੀ ਨਿਆਂ ਪ੍ਰੀਕਿਰਿਆ ਵਿਚ ਤੇਜੀ ਲਿਆਂਦੀ ਜਾ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੱਜ ਸਾਹਿਬਾਨ ਦੀ ਘਾਟ ਨੂੰ ਪੂਰਿਆਂ ਕਰਨ ਲਈ ਜੱਜਾਂ ਦੀ ਭਰਤੀ ਪ੍ਰੀਕਿਰਿਆ ਚੱਲ ਰਹੀ ਹੈ ਅਤੇ ਜਲਦੀ ਹੀ ਨਵੇਂ ਜੱਜ ਸਾਹਿਬਾਨ ਵੱਖ ਵੱਖ ਅਦਾਲਤਾਂ ਵਿਚ ਤਾਇਨਾਤ ਕਰ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਜ਼ਿਲਾ ਵਾਸੀਆਂ, ਜੱਜ ਸਾਹਿਬਾਨ, ਵਕੀਲਾਂ ਨੂੰ ਇਸ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਉਦਘਾਟਨ ਦੀ ਵਧਾਈ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਮਾਨਯੋਗ ਸ੍ਰੀ ਜਸਟਿਸ ਡਾ. ਸ਼ੇਖਰ ਧਵਨ ਨੇ ਕਿਹਾ ਕਿ ਇਸ ਕੋਰਟ ਕੰਪਲੈਕਸ ਦੇ ਬਣਨ ਨਾਲ ਲੋਕਾਂ ਨੂੰ ਇੱਕੋ ਛੱਤ ਹੇਠਾਂ ਨਿਆਂਇਕ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆਂ ਦੇਣਾ ਸਾਡਾ ਮੁੱਖ ਮਕਸਦ ਹੈ ਜਿਸ ਉਪਰ ਖਾਸ ਤਵੱਜੋ ਦਿੱਤੀ ਜਾ ਰਹੀ ਹੈੇ। ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਖੂਬਸੂਰਤ ਇਮਾਰਤ ਦੇ ਰੱਖ ਰਖਾਵ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਦੀ ਖੂਬਸੂਰਤੀ ਇਸੇ ਤਰ੍ਹਾਂ ਕਾਇਮ ਰਹੇ। ਇਸੇ ਦੌਰਾਨ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਅੰਮ੍ਰਿਤਸਰ, ਸ੍ਰੀ ਗੁਰਬੀਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਆਏ ਹੋਏ ਮਾਨਯੋਗ ਜੱਜ ਸਾਹਿਬਾਨਾਂ ਦਾ ਇਸ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ ਕਰਨ ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 12 ਏਕੜ ਤੋਂ ਵੱਧ ਰਕਬੇ ਵਿਚ ਬਣੇ ਇਸ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਉਸਾਰੀ ਉਪਰ 44.97 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸਦੀ ਇਕ ਬੇਸਮੈਂਟ ਅਤੇ ਚਾਰ ਉਪਰ ਦੀਆਂ ਮੰਜਲਾਂ ਤਿਆਰ ਕੀਤਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਖੂਬਸੂਰਤ ਇਮਾਰਤ ਵਿਚ ਹਰ ਆਧੁਨਿਕ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਵਿਚ 12 ਅਦਾਲਤਾਂ ਬਣਾਈਆਂ ਗਈਆਂ ਹਨ। ਇਸਤੋਂ ਇਲਾਵਾ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਸਹੂਲਤ ਵਾਸਤੇ ਵੀ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਕੋਰਟ ਕੰਪਲੈਕਸ ਦੇ ਨਾਲ ਹੀ ਜੱਜ ਸਾਹਿਬਾਨਾਂ ਦੀ ਰਿਹਾਇਸ਼ ਲਈ 10 ਰਿਹਾਇਸ਼ੀ ਕੋਠੀਆਂ ਵੀ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹ ਕਿ ਵਕੀਲ ਸਾਹਿਬਾਨ ਲਈ ਵੱਖਰੇ ਚੈਂਬਰ ਬਣਾ ਕੇ ਦੇਣ ਦਾ ਕੰਮ ਜਾਰੀ ਹੈ ਅਤੇ ਛੇਤੀ ਹੀ ਇਨ੍ਹਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਆਏ ਹੋਏ ਜੱਜ ਸਾਹਿਬਾਨ ਅਤੇ ਹੋਰ ਪ੍ਰਮੁੱਖ ਹਸਤੀਆਂ ਦਾ ਧੰਨਵਾਦ ਕਰਦਿਆਂ ਕੋਰਟ ਕੰਪਲੈਕਸ ਦਾ ਉਦਘਾਟਨ ਹੋਣ ਤੇ ਆਪਣੀ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਿਵਲ ਦੇ ਵੱਖ ਵੱਖ ਵਿਭਾਗਾਂ ਵਲੋਂ ਦਿਨ ਰਾਤ ਮਿਹਨਤ ਕਰਕੇ ਇਸ ਖੂਬਸੂਰਤ ਇਮਾਰਤ ਦੀ ਉਸਾਰੀ ਕੀਤੀ ਹੈ ਜਿਸ ਲਈ ਉਨ੍ਹਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਦੇ ਜੋ ਥੋੜੇ ਬਹੁਤ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਇਕ ਹਫਤੇ ਦੇ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਤੇ ਡੀ.ਆਈ.ਜੀ. ਬਾਰਡਰ ਰੇਂਜ ਕੁੰਵਰ ਵਿਜੇਪ੍ਰਤਾਪ ਸਿੰਘ, ਐਸ.ਐਸ.ਪੀ. ਸ੍ਰੀ ਮਨਮੋਹਨ ਕੁਮਾਰ ਸ਼ਰਮਾ, ਅਵਤਾਰ ਸਿੰਘ ਬਾਰਦਾ ਸੀ.ਜੇ.ਐਮ., ਐਸ.ਡੀ.ਐਮ. ਡਾ. ਅਨੂਪ੍ਰੀਤ ਕੌਰ, ਸ. ਅਮਰਇੰਦਰ ਸਿੰਘ ਟਿਵਾਣਾ ਜੀ.ਏ., ਸ. ਅਰਵਿੰਦਰਪਾਲ ਸਿੰਘ ਜ਼ਿਲ੍ਹਾ ਮਾਲ ਅਫਸਰ, ਸ. ਅੰਗਰੇਜ਼ ਸਿੰਘ ਡੀ.ਟੀ.ਓ. , ਸ. ਬਲਦੇਵ ਸਿੰਘ ਗਿੱਲ ਪ੍ਰਧਾਨ ਬਾਰ ਐਸੋਸੀਏਸ਼ਨ ਤਰਨਤਾਰਨ ਤੋਂ ਜੱਜ ਸਾਹਿਬਾਨ ਤੇ ਵਕੀਲ ਸਾਹਿਬਾਨ ਹਾਜਰ ਸਨ।

ਤਰਨਤਾਰਨ, 12 ਮਾਰਚ (ਪਵਨ ਕੁਮਾਰ  ਬੁੱਗੀ)-

pawan5058@gmail.com

Install Punjabi Akhbar App

Install
×