ਸਿੱਖ ਆਗੂਆਂ ਵਾਸਤੇ ਇਕ ਵਿਚਾਰਨ ਵਾਲ਼ੀ ਗੱਲ

maxresdefault

– ਦੋ ਕੁ ਦਿਨ ਹੋਏ ਫ਼ੇਸ ਬੁੱਕ ਤੇ ਇਕ ਛੋਟੀ ਜਿਹੀ ਵੀਡੀਓ ਵੇਖੀ। ਇਸ ਵਿਚ ਨੂਰ ਮਹਿਲੀਆ ਅਸ਼ੂਤੋਸ਼ ਆਪਣੇ ਵਾਲ਼ ਖਿਲਾਰੀ ਕੁਰਸੀ ਉਪਰ ਬੈਠਾ ਹੈ ਤੇ ਇਕ ਚਿੱਟੇ ਬਸਤਰਾਂ ਤੇ ਚਿੱਟੇ ਦਾਹੜੇ ਵਾਲ਼ਾ ਬਜ਼ੁਰਗ ਗੁਰਸਿੱਖ ਉਸ ਦੇ ਅੱਗੇ ਹੱਥ ਜੋੜੀ, ਜ਼ਮੀਨ ਉਪਰ ਬੈਠ ਕੇ ਉਸ ਦੀ ਖ਼ੁਸ਼ਾਮਦ ਕਰ ਰਿਹਾ ਹੈ। ਉਸ ਨੂੰ ਸੰਬੋਧਨ ਕਰਕੇ “ਭਾਗੁ ਹੋਆ ਗੁਰਿ ਸੰਤੁ ਮਿਲਾਇਆ॥” ਸ਼ਬਦ ਵੀ ਪੜ੍ਹ ਰਿਹਾ ਹੈ। ਫਿਰ ਉਠਣ ਤੋਂ ਪਹਿਲਾਂ ਅਸ਼ੂਤੋਸ਼ ਅੱਗੇ ਝੁਕ ਕੇ, ਉਸ ਤੋਂ ਥਾਪੜੇ ਦੇ ਰੂਪ ਵਿਚ ਅਸ਼ੀਰਵਾਦ ਵੀ ਲੈ ਰਿਹਾ ਹੈ। ਉਠਣ ਸਮੇ ਅਸ਼ੂਤੋਸ਼ ਦਾ ਇਕ ਚੇਲਾ ਉਸ ਦੇ ਚਰਨਾਂ ਵਿਚ ਪਏ ਕੁਝ ਨੋਟ ਵੀ ਇਕੱਠੇ ਕਰਕੇ ਉਸ ਬਜ਼ੁਰਗ ਨੂੰ ਫੜਾ ਰਿਹਾ ਹੈ ਜੋ ਕਿ ਫੜ ਕੇ ਉਹਨਾਂ ਨੂੰ ਸੰਭਾਲ਼ ਰਿਹਾ ਹੈ। ਯਕੀਨਨ ਹੀ ਇਹ ਰੁਪਈਏ ਅਸ਼ੂਤੋਸ਼ ਦੇ ਪੈਰਾਂ ਵਿਚ ਉਸ ਦੇ ਸਰਧਾਲੂਆਂ ਨੇ ਹੀ ਚੜ੍ਹਾਏ ਹੋਣਗੇ ਕਿਉਂਕਿ ਉਸ ਦੇ ਪੈਰਾਂ ਵਿਚ ਬੈਠੇ ਹੋਏ ਬਜ਼ੁਰਗ ਨੂੰ ਤਾਂ ਅਸ਼ੂਤੋਸ਼ ਦੇ ਕਿਸੇ ਚੇਲੇ ਨੇ ਚੜ੍ਹਾਏ ਨਹੀਂ ਹੋਣੇ! ਇਹ ਬਜ਼ੁਰਗ ਵਿਅਕਤੀ ਮੈਨੂੰ ਕੋਈ ਜਾਣਿਆ ਪਛਾਣਿਆ ਜਿਹਾ ਲੱਗ ਰਿਹਾ ਹੈ। ਫਿਰ ਅਗਲੇ ਦਿਨ ਕਿਸੇ ਨੇ ਪੋਸਟ ਪਾਈ ਕਿ ਇਹ ਪ੍ਰਸਿਧ ਕੀਰਤਨੀਏ ਭਾਈ ਬਲਬੀਰ ਸਿੰਘ ਜੀ ਹਨ ਜੋ ਦਾਹਵਾ ਕਰਦੇ ਹਨ ਕਿ ਉਹ ੩੫ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦੇ ਰਹੇ ਹਨ। ਫਿਰ ਕਿਸੇ ਸੱਜਣ ਵੱਲੋਂ ਪੋਸਟ ਆਈ ਕਿ ਭਾਈ ਸਾਹਿਬ ਜੀ ਦੀ ਇਹ ਵੀਡੀਓ ਪੰਜ ਸਾਲ ਪੁਰਾਣੀ ਹੈ ਤੇ ਕੋਈ ਬਿਨਾ ਦੱਸੇ ਉਹਨਾਂ ਨੂੰ ਉਸ ਥਾਂ ਤੇ ਲੈ ਗਿਆ ਸੀ। ਉਸ ਨੂੰ ਨਹੀਂ ਸੀ ਪਤਾ ਕਿ ਉਹ ਸੱਜਣ ਉਹਨਾਂ ਨੂੰ ਕਿਸ ਥਾਂ ਤੇ ਲੈ ਕੇ ਜਾ ਰਿਹਾ ਹੈ! ਜੇਕਰ ਕਿਸੇ ਦੇ ਦਿਲ ਨੂੰ ਉਹਨਾਂ ਦੀ ਇਸ ਹਰਕਤ ਨਾਲ ਠੇਸ ਪਹੁੰਚੀ ਹੋਵੇ ਤਾਂ ਉਹ ਮੁਆਫ਼ੀ ਮੰਗਦੇ ਹਨ। ਮੁਆਫ਼ੀ ਮੰਗਣ ਜਾਂ ਨਾ ਮੰਗਣ ਨਾਲ਼ ਗੱਲ ਨਹੀਂ ਮੁੱਕਦੀ। ਭਾਈ ਸਾਹਿਬ ਜੀ ਵਰਗੀ ਹਸਤੀ ਨੂੰ, ਜੋ ਕਿ ਸਿੱਖ ਪੰਥ ਵਿਚ ਕਿਸੇ ਜਾਣ ਪਛਾਣ ਦੀ ਮੁਥਾਜ ਨਾ ਹੋ ਕੇ, ਸਰਬੱਤ ਦੀ ਪਛਾਣ ਵਿਚ ਹੈ, ਮੁਆਫ਼ੀ ਮੰਗਣ ਦੀ ਲੋੜ ਹੀ ਕਿਉਂ ਪਵੇ! ਵੈਸੇ ਤਾਂ ਸਾਰੇ ਹੀ ਕੀਰਤਨੀਏ ਸਾਡੇ ਸਤਿਕਾਰ ਦੇ ਯੋਗ ਹਨ ਪਰ ਭਾਈ ਸਾਹਿਬ ਜੀ ਤੋਂ ਵਧੇਰੇ ਸਤਿਕਾਰ ਯੋਗ, ਇਸ ਸਮੇ ਸਿੱਖ ਪੰਥ ਵਿਚ, ਮੇਰੀ ਜਾਣਕਾਰੀ ਅਨੁਸਾਰ ਹੋਰ ਕੋਈ ਕੀਰਤਨੀਆ ਹੀ ਨਹੀਂ ਹੈ। ਭਾਈ ਬਲਬੀਰ ਸਿੰਘ ਜੀ ਦਾ ਪਰਵਾਰ ਤਾਂ, ਜੇ ਮੈਂ ਭੁੱਲਦਾ ਨਹੀਂ ਤਾਂ ਕਈ ਪੀਹੜੀਆਂ ਤੋਂ ਕੀਰਤਨ ਕਰਦਾ ਆ ਰਿਹਾ ਹੈ। ਮੈਂ ਆਪਣੇ ਭਾਈਆ ਜੀ ਨਾਲ਼ ਜਦੋਂ ੧੯੫੫ ਵਾਲ਼ੇ ਸਾਲ ਦੀ ਬਸੰਤ ਰੁੱਤ ਨੂੰ ਤਰਨ ਤਾਰਨ ਗਿਆ ਸੀ ਤਾਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ‘ਸੋਦਰੁ’ ਦੀ ਚੌਂਕੀ ਤੋਂ ਬਾਅਦ ਲੱਗਣ ਵਾਲ਼ੀ ਕੀਰਤਨ ਦੀ ਚੌਂਕੀ, ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ‘ਕਲਿਆਣ ਦੀ ਚੌਂਕੀ’ ਆਖਿਆ ਜਾਂਦਾ ਹੈ, ਵਿਚ ਇਕ ਪਰਵਾਰ ਦੀਆਂ ਦੋ ਪੀਹੜੀਆਂ ਨੇ ਬੜਾ ਗੱਜ ਵੱਜ ਕੇ ਕੀਰਤਨ ਕੀਤਾ। ਪਿੱਛੋਂ ਪਤਾ ਲੱਗਾ ਕਿ ਇਹ ਭਾਈ ਬਲਬੀਰ ਸਿੰਘ ਜੀ ਦਾ ਜਥਾ ਹੈ। ਕੀਰਤਨ ਸਮੇ ਇਹਨਾਂ ਦੇ ਪਿਤਾ ਭਾਈ ਸੰਤਾ ਸਿੰਘ ਜੀ ਇਹਨਾਂ ਨਾਲ਼ ਜੋੜੀ ਉਪਰ ਸਾਥ ਦੇ ਰਹੇ ਸਨ। ਇਹਨਾਂ ਦੇ ਤਾਇਆ, ਭਾਈ ਸੋਹਣ ਸਿੰਘ ਜੀ ਵੀ ਓਹਨੀਂ ਦਿਨੀਂ ਓਥੇ ਪੱਕੇ ਤੌਰ ਤੇ ਕੀਰਤਨ ਦੀ ਸੇਵਾ ਕਰਦੇ ਸਨ। ਭਾਈ ਸਾਹਿਬ ਬਲਬੀਰ ਸਿੰਘ ਜੀ ਪ੍ਰੇਮ ਨਾਲ਼ ਵੈਸੇ ਹੀ ਹਾਜਰੀ ਭਰ ਰਹੇ ਸਨ। ਕਦੀ ਕਦਾਈਂ ਇਹਨਾਂ ਨੇ ਕੀਰਤਨ ਦੀ ਹਾਜਰੀ ਭਰਨੀ ਤੇ ਮੈਂ ਬੜੇ ਉਤਸ਼ਾਹ ਨਾਲ਼ ਇਹਨਾਂ ਦਾ ਕੀਰਤਨ ਸੁਣਨਾ। ੧੯੬੧ ਵਿਚ, ਮੈਂ ਕੁਝ ਮਹੀਨੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਕੀਰਤਨ ਦੀ ਸੇਵਾ ਕਰਦਾ ਸਾਂ ਤੇ ਪ੍ਰਕਰਮਾਂ ਵਿਚਲੀ ਸਰਾਂ ਦੇ ਇਕ ਕਮਰੇ ਵਿਚ ਰਹਿੰਦਾ ਸਾਂ। ਇਕ ਦਿਨ ਭਾਈ ਸਾਹਿਬ ਜੀ ਆਪਣੀ ਮੌਜ ਵਿਚ ਵਿਚਰਦੇ ਉਸ ਸਰਾਂ ਵਿਚ ਆ ਗਏ। ਮੈਂ ਉਹਨਾਂ ਨੂੰ ਆਪਣੇ ਕਮਰੇ ਵਿਚ ਸੱਦ ਕੇ ਉਚੇਚੀ, ਵਧ ਦੁਧ ਅਤੇ ਵਧੇਰੇ ਖੰਡ ਵਾਲ਼ੀ ਚਾਹ ਬਣਾ ਕੇ ਪਿਆਈ। ਬੜਾ ਮਾਣ ਮਹਿਸੂਸ ਕੀਤਾ ਕਿ ਅਜਿਹੀ ਮਹਾਨ ਸਖ਼ਸੀਅਤ ਨੇ ਮੇਰੇ ਕਮਰੇ ਵਿਚ ਆ ਕੇ ਚਾਹ ਪੀ ਕੇ, ਮੇਰਾ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਕਮਰੇ ਵਿਚ ਉਸ ਸਮੇ ਮੇਰੇ ਪਾਸ ਹੋਰ ਸੇਵਾ ਕਰਨ ਦੇ ਸਾਧਨ ਨਹੀਂ ਸਨ। ਫਿਰ ਭਾਈ ਸਾਹਿਬ ਜੀ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ, ਸ੍ਰੀ ਹਰਿਮੰਦਰ ਸਾਹਿਬ ਸਮੇਤ ਗੁਰਧਾਮਾਂ ਵਿਚ ਕੀਰਤਨ ਦੀ ਸੇਵਾ ਕਰਦਾ ਰਿਹਾ। ਕੀਰਤਨ ਵਿਚ ਸਹਾਇਕ ਵਜੋਂ ਇਹਨਾਂ ਦੇ ਇਕ ਭਰਾ, ਭਾਈ ਸਾਹਿਬ ਚਤਰ ਸਿੰਘ ਜੀ ਸਾਥ ਦਿਆ ਕਰਦੇ ਸਨ ਜੋ ਕਿ ਨਿਹੰਗ ਸਿੰਘਾਂ ਵਾਲ਼ਾ ਬਾਣਾ ਪਹਿਨਿਆ ਕਰਦੇ ਸਨ ਤੇ ਦੂਜੇ ਭਰਾ, ਭਾਈ ਸਾਹਿਬ ਮਹਿੰਦਰ ਸਿੰਘ ਜੀ ਜੋੜੀ ਉਪਰ ਸਾਥ ਦਿਆ ਕਰਦੇ ਸਨ ਜੋ ਕਿ ਪਖਾਵਜ ਵਿਚ ਖਾਸ ਮੁਹਾਰਤ ਰੱਖਦੇ ਸਨ। ਹੁਣ ਸ਼ਾਇਦ ਇਹਨਾਂ ਦੇ ਉਹ ਦੋਵੇਂ ਛੋਟੇ ਭਰਾ ਇਸ ਸੰਸਾਰ ਵਿਚ ਨਹੀਂ ਹਨ! ਭਾਈ ਸਾਹਿਬ ਜੀ ਕਲਾਸੀਕਲ ਗੁਰਮਤਿ ਸੰਗੀਤ ਦੇ ਮਾਹਰ ਹਨ। ਮੇਰੀ ਜਾਣਕਾਰੀ ਅਨੁਸਾਰ, ਪਰਲੋਕਵਾਸੀ ਗਿਆਨੀ ਗਿਆਨ ਸਿੰਘ ਅਲਮਸਤ ਜੀ ਤੋਂ ਬਾਅਦ ਭਾਈ ਸਾਹਿਬ ਜੀ ਹੀ ਇਕੋ ਇਕ ਕੀਰਤਨੀਏ ਹਨ ਜੋ ਕਿ ਇਸ ਪ੍ਰਕਾਰ ਦੇ ਕੀਰਤਨ ਵਿਚ ਸਭ ਤੋਂ ਵਧ ਮੁਹਾਰਤ ਰੱਖਦੇ ਹਨ। ਖਾਸ ਕਰਕੇ ਦਸਮ ਗ੍ਰੰਥ ਵਿਚ ਅੰਕਤ ਬਾਣੀ ਦੇ ਕੀਰਤਨ ਨੂੰ, ਕਲਾਸੀਕਲ ਰੰਗ ਵਿਚ ਜਦੋਂ ਗਾਉਂਦੇ ਹਨ ਤਾਂ ਜੁਝਾਰੂ ਦ੍ਰਿਸ਼ ਸੰਗਤਾਂ ਅੱਗੇ ਪ੍ਰਤੱਖ ਪਰਗਟ ਕਰ ਦਿੰਦੇ ਹਨ। ਮਾਰਚ ੧੯੭੩ ਵਿਚ ਮੇਰੇ ਅੰਮ੍ਰਿਤਸਰ ਤੋਂ ਪਰਦੇਸਾਂ ਵਿਚ ਆ ਜਾਣ ਕਰਕੇ ਮੈਨੂੰ ਭਾਈ ਸਾਹਿਬ ਜੀ ਦਾ ਪ੍ਰਤੱਖ ਕੀਰਤਨ ਸੁਣਨ ਜਾਂ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਕੈਸਿਟਾਂ ਰਾਹੀਂ, ਸਮੇ ਸਮੇ ਉਹਨਾਂ ਦੇ ਕੀਰਤਨ ਦਾ ਆਨੰਦ ਮਾਣਦਾ ਰਿਹਾ ਹਾਂ। ਇਕੀ ਫ਼ਰਵਰੀ ੨੦੧੪ ਵਾਲੇ ਦਿਨ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਸਾਲਾਨਾ ਸਮਾਗਮ ਸਮੇ, ਪਹਿਲੇ ਦਿਨ ਦੇ ਸੈਸ਼ਨ ਵਿਚ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸੀ। ਭਾਈ ਸਾਹਿਬ ਜੀ ਸਰੀਰਕ ਪੱਖੋਂ ਵਾਹਵਾ ਮੋਟੇ ਅਤੇ ਬਿਰਧ ਹੋ ਚੁੱਕੇ ਹਨ। ਮੇਰੀ ਸੋਚ ਵਿਚ ਤਾਂ ਉਹਨਾਂ ਦੀ ਤਸਵੀਰ ਬਹੁਤ ਪਹਿਲਾਂ ਦੀ ਸਮਾਈ ਹੋਈ ਹੋਣ ਕਰਕੇ, ਮੈਂ ਉਹਨਾਂ ਨੂੰ ਓਨਾ ਚਿਰ ਨਾ ਪਛਾਣ ਸਕਿਆ ਜਿੰਨਾ ਚਿਰ ਉਹਨਾਂ ਦਾ ਨਾਂ ਨਾ ਸਟੇਜ ਤੋਂ ਬੋਲਿਆ ਗਿਆ। ਸਟੇਜ ਉਪਰ ਵੀ ਕੁਝ ਸੱਜਣਾਂ ਨੇ ਉਹਨਾਂ ਨੂੰ ਸਹਾਇਤਾ ਦੇ ਕੇ ਹੀ ਚਾੜ੍ਹਿਆ ਸੀ। ਮੇਰੇ ਗੁਰਮਤਿ ਸੰਗੀਤ ਦੇ ਗੁਰਭਾਈ, ਪ੍ਰੋ. ਅਵਤਾਰ ਸਿੰਘ ਨਾਜ਼ ਜੀ ਦੇ ਸ਼ਾਗਿਰਦ ਅਤੇ ਸ਼ਹੀਦ ਸਿਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਵਿਦਿਆਰਥੀ, ਕਲਾਸੀਕਲ ਕੀਰਤਨ ਵਿਚ ਪ੍ਰਬੀਨ, ਪ੍ਰਸਿਧ ਕੀਰਤਨੀਏ, ਭਾਈ ਸਾਹਿਬ ਨਿਰਮਲ ਸਿੰਘ ਖ਼ਾਲਸਾ ਜੀ ਨੂੰ, ਜਦੋਂ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ਪਦਮਸ਼੍ਰੀ’ ਨਾਲ ਸਨਮਾਨਤ ਕੀਤਾ ਗਿਆ ਤਾਂ ਬਹੁਤ ਹੀ ਪ੍ਰਸੰਨਤਾ ਹੋਈ। ਗੁਰੂਘਰ ਦੇ ਕੀਰਤਨੀਆਂ ਵਿਚੋਂ ਅੱਜ ਤੱਕ ਇਕੋ ਇਹਨਾਂ ਨੂੰ ਹੀ ਇਹ ਮਾਣ ਪ੍ਰਾਪਤ ਹੋਇਆ ਹੈ ਤੇ ਉਹ ਵੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਰਾਗੀ ਸਿੰਘ ਨੂੰ। ਇਸ ਖ਼ੁਸ਼ਖ਼ਬਰੀ ਦੇ ਨਾਲ਼ ਇਹ ਵੀ ਖਿਆਲ ਆਇਆ ਕਿ ਦੇਰ ਪਹਿਲਾਂ ਇਸ ਸਨਮਾਨ ਦੇ ਹੱਕਦਾਰ ਭਾਈ ਬਲਬੀਰ ਸਿੰਘ ਜੀ ਵੀ ਸਨ/ਹਨ। ਵੈਸੇ ਸਿੱਖ ਸੰਗਤਾਂ ਵੱਲੋਂ ਭਰਪੂਰ ਮਾਣ ਮਿਲਣ ਦੇ ਨਾਲ਼ ਨਾਲ਼, ਭਾਈ ਸਾਹਿਬ ਬਲਬੀਰ ਸਿੰਘ ਜੀ ਨੂੰ ਪੰਥ ਅਤੇ ਪੰਜਾਬ ਸਰਕਾਰ ਵੱਲੋਂ, ਸ਼੍ਰੋਮਣੀ ਰਾਗੀ ਦੇ ਮਾਣ ਨਾਲ਼ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ। ਜਿਸ ਸੱਜਣ ਨੇ ਪੀਹੜੀ ਦਰ ਪੀਹੜੀ ਅਤੇ ਖ਼ੁਦ ਵੀ ਸਾਰੀ ਉਮਰ ਕੀਰਤਨ ਕਰਦਿਆਂ ਹੋਇਆਂ, ਜਿਸ ਵਿਚੋਂ ੩੫ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕੀਤੀ ਹੋਵੇ, ਨੂੰ ਇਸ ਬੁਢੇਪੇ ਵਾਲ਼ੀ ਅਵਸਥਾ ਵਿਚ, ਕਿਸੇ ਸਿੱਖ ਪੰਥ ਵਿਰੋਧੀ ਡੇਰੇਦਾਰ ਦੇ ਚਰਨਾਂ ਵਿਚ ਬੈਠ ਕੇ, ਉਸ ਦੀ ਖ਼ੁਸ਼ਾਮਦ ਕਰਨ ਅਤੇ ਉਸ ਨੂੰ ਸੰਬੋਧਨ ਕਰਕੇ, ਗੁਰਬਾਣੀ ਉਚਾਰਨ ਦੀ ਲੋੜ ਕਿਉਂ ਪਈ! ਸਾਡੀਆਂ ਧਾਰਮਿਕ ਸੰਸਥਾਵਾਂ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਅਜਿਹੇ ਕੀਰਤਨੀਏ, ਵਿਦਵਾਨ, ਕੌਮੀ ਸੇਵਕ ਆਦਿ ਬੁਢਾਪੇ ਸਮੇ ਰੁਲਣ ਨਾ।

Install Punjabi Akhbar App

Install
×