….ਇਹ ਲੋਕ ਕੁਰਸੀ ਨਾਲ ਨਹੀਂ ਚਿੰਬੜਦੇ

– ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

– ਰੀਟਾਇਰ ਹੋ ਕੇ ਖੇਤੀਬਾੜੀ ਦੀਆਂ ਵੱਡੀਆਂ ਮਸ਼ੀਨਾਂ ਚਲਾਉਣ ਦਾ ਹੈ ਸ਼ੌਕ

( ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਜਿਨ੍ਹਾਂ ਰਾਜਨੀਤੀ ਤੋਂ ਸੰਨਿਆਸ ਲਿਆ ਤੇ ਐਲਾਨ ਕਰਨ ਵੇਲੇ ਨਾਲ ਖੜਾ ਹੈ ਉਨ੍ਹਾਂ ਦਾ ਪਰਿਵਾਰ)
(ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਜਿਨ੍ਹਾਂ ਰਾਜਨੀਤੀ ਤੋਂ ਸੰਨਿਆਸ ਲਿਆ ਤੇ ਐਲਾਨ ਕਰਨ ਵੇਲੇ ਨਾਲ ਖੜਾ ਹੈ ਉਨ੍ਹਾਂ ਦਾ ਪਰਿਵਾਰ)

ਔਕਲੈਂਡ -ਪਿਛਲੇ 9 ਸਾਲ ਲਗਾਤਾਰ ਰਾਜ ਕਰ ਚੁੱਕੀ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਜਿਹੜੀ ਕਿ ਇਸ ਵੇਲੇ ਵਿਰੋਧੀ ਧਿਰ ਵਜੋਂ ਪਾਰਲੀਮੈਂਟ ਦੇ ਵਿਚ ਵਿਚਰ ਰਹੀ ਹੈ, ਦੇ ਨੇਤਾ ਸ੍ਰੀ ਬਿੱਲ ਇੰਗਲਿਸ਼ ਸਾਬਕਾ ਪ੍ਰਧਾਨ ਮੰਤਰੀ ਨੇ ਅੱਜ ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ। ਉਹ ਆਪਣਾ ਰਸਮੀ ਅਸਤੀਫਾ 27 ਫਰਵਰੀ ਨੂੰ ਦੇ ਕੇ ਪਾਰਲੀਮੈਂਟ ਤੋਂ ਸਦਾ ਲਈ ਰੁਖਸੁਤ ਹੋ ਜਾਣਗੇ। ਉਹ ਪਿਛਲੇ 27 ਸਾਲਾਂ ਤੋਂ ਰਾਜਨੀਤੀ ਦੇ ਵਿਚ ਸਨ ਅਤੇ ਵੱਖ-ਵੱਖ ਮੰਤਰਾਲਿਆਂ ਤੋਂ ਇਲਾਵਾ ਉਹ ਉਪ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਆਪਣੇ ਸਾਰੇ ਸਹਿਯੋਗੀ ਕਰਮੀਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਪਿਛਲੇ 9 ਸਾਲਾਂ ਦੌਰਾਨ ਅਤੇ ਚੋਣਾ ਦੌਰਾਨ ਸਹਾਇਤਾ ਕੀਤੀ। ਉਨ੍ਹਾਂ ਖਾਸ ਕਰ ਆਪਣੀ ਪਤਨੀ ਮੈਰੀ ਅਤੇ 6 ਬੱਚਿਆਂ ਦਾ ਖਾਸ ਧੰਨਵਾਦ ਕੀਤਾ ਜਿਨ੍ਹਾਂ ਦੀ ਸਹਿਯੋਗ ਸਦਕਾ ਇਹ 27 ਸਾਲ ਪਾਰਲੀਮੈਂਟ ਦੇ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਉਹ ਹੁਣ ਕਿਹੜੀ ਨੌਕਰੀ ਕਰਨ ਦਾ ਸੋਚ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਤੀਜਾ ਸ਼ਾਇਦ ਇਕ ਨੌਕਰੀ ਦੀ ਪੇਸ਼ਕਸ਼ ਕਰੇ। ਉਹ ਖੇਤੀਬਾੜੀ ਦੀਆਂ ਵੱਡੀਆਂ ਮਸ਼ੀਨਾਂ, ਚਾਰਾ ਆਦਿ ਕੱਟਣ ਵਾਲੀਆਂ ਕੰਬਾਈਨ ਨੁਮਾ ਮਸ਼ੀਨਾ ਚਲਾਉਣ ਦਾ ਸ਼ੌਕ ਰੱਖਦੇ ਹਨ। ਸੋ ਇਹ ਲੋਕ ਰਾਜਨੀਤੀ ਦੀ ਕੁਰਸੀ ਨੂੰ ਚਿੰਬੜ ਕੇ ਰਹਿਣ ਦੀ ਬਜਾਏ ਆਪਣਾ ਨਿੱਜੀ ਜੀਵਨ ਵੀ ਆਪਣੀ ਆਜ਼ਾਦੀ ਨਾਲ ਜਿਊਣ ਦਾ ਹੌਂਸਲਾ ਰੱਖਦੇ ਹਨ। ਉਨ੍ਹਾਂ ਦੀ ਥਾਂ ਨੈਸ਼ਨਲ ਪਾਰਟੀ ਦਾ ਕਿਹੜਾ ਸੰਸਦ ਮੈਂਬਰ ਪਾਰਟੀ ਨੇਤਾ ਬਣੇਗਾ ਅਜੇ ਐਲਾਨ ਨਹੀਂ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੈਸ਼ਨਲ ਪਾਰਟੀ ਦੇ ਨੇਤਾ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ 5 ਦਸੰਬਰ 2016 ਨੂੰ ਪ੍ਰਧਾਨ ਮੰਤਰੀ ਪੱਦ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਆਪਣਾ ਸਮਾਂ ਪਰਿਵਾਰ ਨਾਲ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਫਿਰ ਅਪ੍ਰੈਲ 2017 ਦੇ ਵਿਚ ਰਾਜਨੀਤੀ ਤੋਂ ਪੂਰਨ ਰੂਪ ਵਿਚ ਸੰਨਿਆਸ ਲੈ ਲਿਆ ਸੀ।

Install Punjabi Akhbar App

Install
×