ਪੰਜਾਬ ਦੇ ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਰਾਤਰੀ ਭੋਜ ਉਤੇ ਕੀਤੀਆਂ ਪ੍ਰਵਾਸੀਆਂ ਨਾਲ ਵਿਚਾਰਾਂ

ਸ੍ਰੀ ਰੰਜੈ ਸਿੱਕਾ ਹੋਰਾਂ ਰੱਖਿਆ ਸੀ ਪਾਪਾਕੁਰਾ ਵਿਖੇ ਵਿਸ਼ੇਸ਼ ਸਮਾਗਮ

(ਔਕਲੈਂਡ):-ਨਿਊਜ਼ੀਲੈਂਡ ਪੰਜਾਬੀ ਭਾਈਚਾਰਾ ਪੰਜਾਬ ਦੀ ਰਾਜਨੀਤੀ ਦੇ ਵਿਚ ਇਕ ਪਾਸੜ ਨਾ ਹੁੰਦਿਆ ਹਮੇਸ਼ਾਂ ਇਥੇ ਆਏ ਨੇਤਾਵਾਂ ਨਾਲ ਰਾਬਤੇ ਵਿਚ ਰਹਿੰਦਾ ਹੈ ਅਤੇ ਬਣਦਾ ਮਾਣ ਸਤਿਕਾਰ ਦਿੰਦਾ ਹੈ। ਅੰਮ੍ਰਿਤਸਰ ਉਤਰੀ ਹਲਕੇ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ ਅਤੇ ਸਾਬਕਾ ਅੰਮ੍ਰਿਤਸਰ ਦੇ ਮੇਅਰ ਦੇ ਨਾਲ ਅੱਜ ਇੰਡੀਅਨ ਈਟਰੀ ਪਾਪਾਕੁਰਾ ਵਿਖੇ ਇਕ ਵਿਸ਼ੇਸ਼ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ। ਸ੍ਰੀ ਰੰਜੈ ਸਿੱਕਾ ਦੇ ਸੱਦੇ ਉਤੇ ਕਮਿਊਨਿਟੀ ਦੇ ਕੁਝ ਚੋਣਵੇਂ ਵਿਅਕਤੀ ਇਥੇ ਪਹੁੰਚੇ। ਸਵਾਗਤੀ ਸ਼ਬਦ ਸ੍ਰੀ ਨਵਤੇਜ ਰੰਧਾਵਾ ਨੇ  ਅੰਮ੍ਰਿਤਰ ਜ਼ਿਲ੍ਹੇ ਦੀ ਇਤਿਹਾਸਕ ਅਤੇ ਸਰਹੱਦੀ ਮਹੱਤਤਾ ਦਸਦਿਆਂ ਕੀਤੀ ਅਤੇ ਸ੍ਰੀ ਸੁਨੀਲ ਦੱਤੀ ਹੋਰਾਂ ਨੂੰ ਸਾਰਿਆਂ ਵੱਲੋਂ ਜੀ ਆਇਆਂ ਆਖਿਆ। ਇਸ ਤੋਂ ਬਾਅਤ ਔਕਲੈਂਡ ਦੇ ਆਨਰੇਰੀ ਭਾਰਤੀ ਕੌਂਸਿਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਉਨ੍ਹਾਂ ਦੀ ਆਮਦ ਉਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅਤੇ ਪ੍ਰਵਾਸੀਆਂ ਦਾ ਰਿਸ਼ਤਾ ਸਦਾ ਕਾਇਮ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੁਨੀਲ ਦੱਤੀ ਹੋਰਾਂ ਦੀ ਭਾਵੇਂ ਇਥੇ ਗੂੜੀ ਰਿਸ਼ਤੇਦਾਰੀ ਹੈ, ਪਰ ਸਮੁੱਚੇ ਪ੍ਰਵਾਸੀਆਂ ਦੇ ਮਹਿਮਾਨ ਹਨ। ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਸ੍ਰੀ ਰੰਜੈ ਸਿੱਕਾ ਹੋਰਾਂ ਦੀ ਸਖਸ਼ੀਅਤ ਦਾ ਵੇਰਵਾ ਦਿੰਦਿਆ ਕਿਹਾ ਕਿ ਉਹ ਹਮੇਸ਼ਾਂ ਇਸ ਤਰ੍ਹਾਂ ਦੇ ਮੌਕਿਆਂ ਉਤੇ ਆ ਕੇ ਖੁਸ਼ ਹੁੰਦੇ ਹਨ। ਅੰਮ੍ਰਿਤਸਰ ਜ਼ਿਲ੍ਹਾ ਪ੍ਰਵਾਸੀਆਂ ਦੇ ਲਈ ਧਾਰਮਿਕ ਸਥਲ ਹੈ ਅਤੇ ਇਥੇ ਦਾ ਵਿਕਾਸ ਹਮੇਸ਼ਾਂ ਸਾਰੇ ਲੋਚਦੇ ਹਨ। ਸੁਪਰੀਮ ਸਿੱਖ ਸੁਸਾਇਟੀ ਤੋਂ ਬੁਲਾਰੇ ਭਾਈ ਦਲਜੀਤ ਸਿੰਘ ਹੋਰਾਂ ਵੀ ਆਪਣਾ ਵਿਚਾਰ ਰੱਖਦਿਆਂ ਕਿਹਾ ਕਿ ਇਥੇ ਆਉਣ ਵਾਲਾ ਮਹਿਮਾਨ ਕਿਸੇ ਰਾਜਨੀਤਕ ਪੱਧਰ ਤੋਂ ਉਪਰ ਉਠ ਕੇ ਜੇਕਰ ਪ੍ਰਵਾਸੀਆਂ ਦੇ ਨਾਲ ਮਿਲਣਾ ਚਾਹੁੰਦਾ ਹੈ ਤਾਂ ਉਹ ਹਮੇਸ਼ਾਂ ਨਾਲ ਖੜੇ ਹੁੰਦੇ ਹਨ। ਪ੍ਰਵਾਸੀਆਂ ਦੇ ਮਸਲੇ ਸਾਂਝੇ ਹੁੰਦੇ ਹਨ ਅਤੇ ਮਸਲਿਆਂ ਦੇ ਹੱਲ ਲਈ ਕਿਸੇ ਪੱਖਪਾਤ ਨੂੰ ਇਥੇ ਨਹੀਂ ਵਿਚਾਰਿਆ ਜਾਂਦਾ। ਕਾਂਗਰਸ ਪਾਰਟੀ ਨਿਊਜ਼ੀਲੈਂਡ ਦੇ ਹਰਮਿੰਦਰ ਚੀਮਾ ਹੋਰਾਂ ਵੀ ਆਖਿਆ ਕਿ ਸ੍ਰੀ ਸੁਨੀਲ ਦੱਤੀ ਦਾ ਕਾਦੀਆਂ ਨਾਲ ਗਹਿਰਾ ਰਿਸ਼ਤਾ ਹੈ ਅਤੇ ਉਹ ਵੀ ਕਾਦੀਆਂ ਦੇ ਜੰਮਪਲ ਹਨ। ਕਾਂਗਰਸ ਪਾਰਟੀ ਦੇ ਕੰਮਾਂ ਵਿਚ ਉਹ ਹਮੇਸ਼ਾਂ ਉਨ੍ਹਾਂ ਦਾ ਸਾਥ ਲੈਂਦੇ ਰਹਿਣਗੇ। ਨੈਸ਼ਨਲ ਪਾਰਟੀ ਤੋਂ ਸੰਨੀ ਕੌਸ਼ਿਲ, ਸ੍ਰੀ ਨਰਿੰਦਰ ਸਿੰਗਲਾ, ਸ੍ਰੀ ਸੇਠੀ ਜੀ, ਸ੍ਰੀ ਰਾਹੁਲ ਵਰਮਾ, ਸ੍ਰੀ ਰੰਜੇ ਸਿੱਕਾ ਅਤੇ ਸ. ਦਾਰਾ ਸਿੰਘ ਨੇ ਵੀ ਦੋ-ਦੋ ਲਾਈਨਾਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਅੰਤ ਸ੍ਰੀ ਸੁਨੀਲ ਦੱਤੀ ਹੋਰਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਮੇਰੀ ਨਿੱਜੀ ਰਿਸ਼ਤੇਦਾਰੀ ਤਾਂ ਹੈ ਹੀ, ਪਰ ਮੈਨੂੰ ਇਥੇ ਆ ਕੇ ਸਾਰੇ ਆਪਣੇ ਰਿਸ਼ਤੇਦਾਰ ਹੀ ਜਾਪਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪੰਜਾਬੀ ਹਾਂ, ਭਾਰਤੀ ਹਾਂ ਅਤੇ ਸਾਰੇ ਆਪਣੇ ਵਤਨ ਲਈ ਫਿਕਰਮੰਦ ਹਾਂ। ਸਰਕਾਰਾਂ ਤੋਂ ਜਿਹੋ ਜਿਹੀ ਆਸ ਪ੍ਰਵਾਸੀ ਰੱਖਦੇ ਹਨ, ਉਹੀ ਜਿਹੀ ਕਾਰਗੁਜ਼ਾਰੀ ਅਜੇ ਕਿਸੇ ਵੀ ਸਰਕਾਰ ਕੋਲੋਂ ਨਹੀਂ ਮਿਲ ਸਕੀ ਹੈ, ਇਸਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਦਾ ਹੱਲ ਇਕ ਵਿਅਕਤੀ ਕੋਲ ਨਹੀਂ ਹੁੰਦਾ। ਪਰ ਇਸਦੇ ਬਾਵਜੂਦ ਉਨ੍ਹਾਂ ਕਿਹਾ ਪੰਜਾਬੀ ਐਨੇ ਕੁ ਮਿਹਨਤੀ ਹਨ ਭਾਰਤ ਦੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬੀ ਜਨ ਸੰਖਿਆ ਮੁਤਾਬਿਕ ਕਾਫੀ ਵਿਕਾਸ ਦੇ ਵਿਚ ਹੈ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਪ੍ਰਵਾਸੀਆਂ ਨੂੰ ਫਿਕਰ ਹੈ ਤਾਂ ਹੀ ਬਾਹਰ ਬੈਠੇ ਪੰਜਾਬ ਦੀਆਂ ਗੱਲਾਂ ਕਰਦੇ ਹਨ।  ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਨਾਲ ਹਮੇਸ਼ਾਂ ਰਾਬਤਾ ਕਾਇਮ ਰੱਖਣਗੇ ਅਤੇ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਸਾਰਿਆਂ ਦੇ ਨਾਵਾਂ ਦਾ ਜ਼ਿਕਰ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੂੰ ਇਕ ਨਿਊਜ਼ੀਲੈਂਡ ਕਾਂਗਰਸ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।