ਸਾਬਕਾ ਕਰੈਕਟਿਵ ਸੇਵਾਵਾਂ ਦੇ ਕਮਿਸ਼ਨਰ, ਰਾਨ ਵੂਧਾਮ ਦੇ ਚਲਾਣੇ ਉਪਰ ਦੁੱਖ ਪ੍ਰਗਟ

(ਸਾਬਕਾ ਕਮਿਸ਼ਨਰ ਕਰੈਕਟਿਵ ਸੇਵਾਵਾਂ -ਸ੍ਰੀ ਰਾਨ ਵੂਧਾਮ)

ਨਿਊ ਸਾਊਥ ਵੇਲਜ਼ ਕਰੈਕਟਿਵ ਸੇਵਾਵਾਂ ਅਤੇ ਆਤੰਕਵਾਦ ਆਦਿ ਦੇ ਖ਼ਾਤਮੇ ਵਾਲੇ ਵਿਭਾਗਾਂ ਦੇ ਮੰਤਰੀ ਐਂਥਨੀ ਰਾਬਰਟਸ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ, ਸਾਬਕਾ ਕਮਿਸ਼ਨਰ ਕਰੈਕਟਿਵ ਸੇਵਾਵਾਂ ਸ੍ਰੀ ਰਾਨ ਵੂਧਾਮ ਦੇ ਅਕਾਲ ਚਲਾਣੇ ਉਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਰਾਜ ਅਤੇ ਜਨਤਕ ਭਲਾਈਆਂ ਲਈ ਬਹੁਤ ਕੰਮ ਕੀਤੇ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਦੇ ਕਿੱਸੇ ਹਰ ਰੋਜ਼ ਕਿਸੇ ਨਾ ਕਿਸੇ ਵੱਲੋਂ ਸੁਣਾਏ ਜਾਂਦੇ ਹਨ ਅਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਦੀ ਗੱਲਬਾਤ ਚਲਦੀ ਰਹੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਰਹੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਰਾਨ ਨੇ ਜਾਨਵਰਾਂ ਦੀ ਭਲਾਈ ਵਾਲੇ ਪ੍ਰੋਗਰਾਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਅਜਿਹੇ ਪ੍ਰੋਗਰਾਮਾਂ ਨੂੰ ਲੀਡ ਵੀ ਕੀਤਾ।
ਉਨ੍ਹਾਂ ਵੱਲੋਂ ਪ੍ਰਸਤਾਵਿਤ ਅਤੇ ਤਿਆਰ ਕਰਵਾਈ ਗਈ ਮਹਿਲਾਵਾਂ ਦੀ ਜੇਲ੍ਹ (ਵਿੰਡਸਰ ਦੀ ਡਿਲਵੇਨੀਆ ਕਰੈਕਸ਼ਨਲ ਸੈਂਟਰ) ਨੇ ਤਾਂ ਸੰਸਾਰ ਪੱਧਰ ਉਪਰ ਪ੍ਰਸਿੱਧੀ ਹਾਸਿਲ ਕੀਤੀ।
ਮੰਤਰੀ ਜੀ ਨੇ ਯਾਦ ਤਾਜ਼ੀ ਕਰਦਿਆਂ ਦੱਸਿਆ ਕਿ ਉਹ ਜਦੋਂ ਵੀ ਉਕਤ ਜੇਲ੍ਹ ਦੇ ਦੌਰੇ ਉਪਰ ਜਾਂਦੇ ਹਨ ਤਾਂ ਹਾਲੇ ਵੀ ਦੀਵਾਰ ਉਪਰ ਸ੍ਰੀ ਰਾਨ ਦੀਆਂ ਫੋਟੋਆਂ ਨੂੰ ਬੜੇ ਹੀ ਸਤਿਕਾਰ ਨਾਲ ਲਗਾਇਆ ਹੋਇਆ ਹੈ ਅਤੇ ਹਰ ਕੋਈ ਉਨ੍ਹਾਂ ਦੀ ਇਸ ਸੰਸਾਰ ਤੋਂ ਰਵਾਨਗੀ ਦੇ ਚਲਦਿਆਂ ਆਪਣਾ ਆਪਣਾ ਦੁੱਖ ਜ਼ਾਹਿਰ ਕਰ ਰਿਹਾ ਹੈ।

Install Punjabi Akhbar App

Install
×