
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਮਹਿਲਾਵਾਂ ਹੁਣ ਵਾਰੀ ਵਾਰੀ ਕਰਕੇ ਰਾਜਨੀਤਿਕਾਂ ਅਤੇ ਹੋਰ ਬਿਊਰੋਕਰੇਟਾਂ ਦੇ ਗਲਤ ਵਿਵਹਾਰ ਅਤੇ ਪ੍ਰਤਾੜਨਾ ਦੇ ਇਲਜ਼ਾਮਾਂ ਨਾਲ ਹਰ ਰੋਜ਼ ਅੱਗੇ ਆ ਰਹੀਆਂ ਹਨ ਅਤੇ ਇਸ ਵਾਰੀ ਤਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਇਸ ਚਪੇਟੇ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ ਕਿਉਂਕਿ ਆਸਟ੍ਰੇਲੀਆਈ ਪੋਸਟ ਵਿਭਾਗ ਦੀ ਸਾਬਕਾ ਮੁਖੀ -ਕ੍ਰਿਸਟਿਨ ਹੋਲਗੇਟ, ਨੇ ਕੈਨਬਰਾ ਵਿੱਚ ਦਿਤੇ ਆਪਣੇ ਬਿਆਨਾਂ ਵਿੱਚ ਪ੍ਰਧਾਨ ਮੰਤਰੀ ਉਪਰ ਗੰਭੀਰ ਆਰੋਪ ਜੜ੍ਹ ਦਿੱਤੇ ਹਨ ਕਿ ਪ੍ਰਧਾਨ ਮੰਤਰੀ ਵੱਲੋਂ ਬਹੁਤ ਜ਼ਿਆਦਾ ਬੇਇੱਜ਼ਤੀ ਕਰਕੇ ਉਸਨੂੰ ਉਸਦੇ ਅਹੁਦੇ ਤੋਂ ਜ਼ਬਰਦਸਤੀ ਬਰਖਾਸਤ ਕੀਤਾ ਗਿਆ। ਆਪਣੇ ਬਿਆਨ ਵਿੱਚ ਕ੍ਰਿਸਟਿਨ ਹੋਲਗੇਟ ਨੇ ਪ੍ਰਧਾਨ ਮੰਤਰੀ ਤੋਂ ਇਲਾਵਾ ਆਸਟ੍ਰੇਲੀਆਈ ਪੋਸਟ ਦੀ ਮੌਜੂਦਾ ਚੇਅਰਮੈਨ ਲੂਸੀਓ ਬਾਰਟੋਲੋਮੀਓ ਨੂੰ ਵੀ ਲਪੇਟੇ ਵਿੱਚ ਲਿਆ ਹੈ।
ਜ਼ਿਕਰਯੋਗ ਹੈ ਕਿ ਕ੍ਰਿਸਟਿਨ ਹੋਲਗੇਟ ਨੂੰ ਮਹਿੰਗੀਆਂ ਘੜੀਆਂ, ਰਿਸ਼ਵਤ ਦੇ ਤੌਰ ਤੇ ਕਬੂਲ ਕਰਨ ਦੇ ਇਲਜ਼ਾਮਾਂ ਤਹਿਤ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ ਅਤੇ ਉਸ ਵਕਤ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕ੍ਰਿਸਟਿਨ ਹੋਲਗੇਟ ਬਾਬਤ, ਬਹੁਤ ਜ਼ਿਆਦਾ ਗੁੱਸਾ ਵੀ ਜਾਹਿਰ ਕੀਤਾ ਸੀ।
ਕ੍ਰਿਸਟਿਨ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਜੁਰਮ ਦੀ ਸਜ਼ਾ ਦਿੱਤੀ ਗਈ ਜਿਹੜਾ ਕਿ ਉਨ੍ਹਾਂ ਨੇ ਕੀਤਾ ਹੀ ਨਹੀਂ ਸੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਤਾੜਿਤ ਕਰਨ ਮਗਰੋਂ ਚੇਅਰਮੈਨ ਨੇ ਵੀ ਉਸ ਦੀ ਬਹੁਤ ਜ਼ਿਆਦਾ ਬੇਇਜ਼ਤੀ ਕੀਤੀ ਅਤੇ ਪ੍ਰਧਾਨ ਮੰਤਰੀ ਦੀਆਂ ਗੈਰ-ਕਾਨੂੰਨੀ ਅਤੇ ਗਲਤ ਬੇਬੁਨਿਦਾ, ਸਿਫਾਰਸ਼ਾਂ ਦੇ ਤਹਿਤ, ਅਹੁਦੇ ਤੋਂ ਬਰਖਾਸਤ ਕੀਤਾ। ਉਨ੍ਹਾਂ ਹੋਰ ਕਿਹਾ ਕਿ ਉਸ ਵਕਤ ਉਹ ਬਹੁਤ ਸਦਮੇ ਵਿੱਚ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਇੱਕਦਮ ਖਰਾਬ ਹੋ ਗਈ ਸੀ, ਇਸ ਵਾਸਤੇ ਉਹ ਉਸ ਸਮੇਂ ਕੁੱਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਸਨ, ਪਰੰਤੂ ਹੁਣ ਉਹ ਆਪਣੀ ਆਵਾਜ਼ ਬੁਲੰਦ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਉਨ੍ਹਾਂ ਨਾਲ ਇਨਸਾਫ ਕੀਤਾ ਜਾਵੇ।