ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਕਲੀ ਸਟਾਫ ਮੈਂਬਰ ਬਣ ਕੇ ਲੋਕਾਂ ਨੂੰ ਫੋਨ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਵੀਜ਼ਾ ਸ਼ਰਤਾਂ ਦਾ ਉਲੰਘਣ ਕਰਕੇ ਕਾਨੂੰਨ ਦੀ ਅਵੱਗਿਆ ਕੀਤੀ ਹੈ, ਜਿਸ ਕਰਕੇ ਤੁਹਾਨੂੰ ਤੁਰੰਤ ਬਣਦੀ ਫੀਸ ਦਾ ਭੁਗਤਾਨ ਕਰਨਾ ਹੋਏਗਾ ਨਹੀਂ ਤਾਂ ਤੁਹਾਨੂੰ ਅਦਾਲਤ ਦੇ ਵਿਚ ਪੇਸ਼ ਹੋ ਕੇ ਹੋਰ ਜਿਆਦਾ ਫੀਸ ਦੇਣੀ ਹੋਵੇਗੀ। ਇਮੀਗ੍ਰੇਸ਼ਨ ਸਲਾਹਕਾਰ ਮੈਡਮ ਸੋਨੀਆ ਅਰੋੜਾ (ਸਨਸ਼ਾਈਲ ਇਮੀਗ੍ਰੇਸ਼ਨਜ਼) ਕੋਲੋਂ ਵੀ ਇਸ ਸਬੰਧੀ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਅਜਿਹਾ ਗਰੋਹ ਇਨੀਂ ਦਿਨੀਂ ਸਰਗਰਮ ਹੈ ਅਤੇ ਲੋਕਾਂ ਨੂੰ ਫੋਨ ਕਾਲਾਂ ਆ ਰਹੀਆਂ ਹਨ। ਉਨ੍ਹਾਂ ਦੇ ਇਕ ਗਾਹਕ ਨੂੰ ਵੀ ਅਜਿਹੀ ਕਾਲ ਆਈ ਸੀ। ਫੋਨ ਕਰਨ ਵਾਲੇ ਆਪਣੇ ਆਪ ਨੂੰ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਸਟਾਫ ਮੈਂਬਰ ਦਸਦੇ ਹਨ ਅਤੇ ਕੁਝ ਨਿੱਜੀ ਜਾਣਕਾਰੀ ਦਾ ਹਵਾਲਾ ਵੀ ਦਿੰਦੇ ਹਨ ਜਿਵੇਂ ਫਾਈਲ ਰੈਫਰੈਂਸ ਨੰਬਰ ਭਾਵੇਂ ਕਿ ਇਹ ਨੰਬਰ ਅਸਲੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਐਪਲੀਕੇਸ਼ਨ ਨੰਬਰ ਨਾਲ ਮੇਲ ਨਹੀਂ ਖਾਂਦੇ ਹੁੰਦੇ। ਇਸ ਸਬੰਧੀ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਕੇਸਾਂ ਵਿਚ ਆਪਣੇ ਕ੍ਰੈਡਿਟ ਜਾਂ ਵੀਜਾ ਕਾਰਡਾਂ ਦੀ ਜਾਣਕਾਰੀ ਨਾ ਮੁਹੱਈਆ ਕੀਤੀ ਜਾਵੇ। ਇਸ ਸਬੰਧੀ ਪੁਲਿਸ ਜਾਂ ਕੰਜ਼ਿਊਮਰ ਅਫੇਅਰਜ਼ ਨੂੰ ਸੂਚਿਤ ਕੀਤਾ ਜਾ ਸਕਦਾ ਹੈ।
ਏ.ਐਨ.ਜ਼ੈਡ. ਬੈਂਕ ਦੀ ਵੀ ਹੈ ਨਕਲੀ ਵੈਬਸਾਈਟ ਆਈ. ਡੀ.: ਇਸ ਧੋਖਾਧੜੀ ਦੇ ਚਲਦਿਆਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਬੈਂਕ-ਖਾਤਾ ਧਾਰਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਏ. ਐਨ. ਜ਼ੈਡ. ਬੈਂਕ ਦੀ ਨਕਲੀ ਵੈਬਸਾਈਟ ਬਣਾ ਕੇ ਫਿਰ ਉਸਦਾ ਵੈਬ ਲਿੰਕ ਟੈਕਸਟ ਮੈਸੇਜ ਰਾਹੀਂ ਲੋਕਾਂ ਨੂੰ ਭੇਜਿਆ ਜਾਂਦਾ ਹੈ। ਜਦੋਂ ਇਹ ਵੈਬਲਿੰਕ ‘ਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਉਹ ਯੂ. ਆਰ. ਐਲ. ਸਿੱਧਾ ਤੁਹਾਨੂੰ ਨਕਲੀ ਬੈਂਕ ਦੀ ਵੈਬ ਸਾਈਟ ਉਤੇ ਲੈ ਜਾਂਦਾ ਹੈ। ਇਹ ਵੈਬਸਾਈਟ ਬਿਲਕੁਲ ਅਸਲੀ ਦੀ ਤਰ੍ਹਾਂ ਜਾਪਦੀ ਹੈ। ਜੇਕਰ ਅਜਿਹੀ ਕਿਸੀ ਨਾਲ ਵਾਪਰਦਾ ਹੈ ਤਾਂ ਸਕੈਮ-ਵਾਚ ਉਤੇ ਰਿਪੋਰਟ ਕੀਤੀ ਜਾ ਸਕਦੀ ਹੈ ਜਾਂ ਫਿਰ ਨਕਲੀ ਮੈਸੇਜ ਨੂੰ 7726 ਉਤੇ ਭੇਜਿਆ ਸਕਦਾ ਹੈ।
ਇਸ ਤੋਂ ਇਲਾਵਾ ਚੈਰਿਟੀ ਸਕੈਮ, ਕੰਪਿਊਟਰ ਵਾਇਰਸ ਸਕੈਮ, ਡੋਰ-ਟੂ-ਡੋਰ ਸਕੈਮ, ਫਲੈਟ ਮੇਟ ਸਕੈਮ, ਇਨਵੈਸਟਮੈਂਟ ਸਕੈਮ, ਹੈਲਥ ਅਤੇ ਮੈਡੀਕਲ ਸਕੈਮ ਅਤੇ ਹੋਲੀਡੇਅ ਐਂਡ ਟ੍ਰੈਵਲ ਸਕੈਮ ਆਦਿ ਵੀ ਨਾਲੋ-ਨਾਲ ਚੱਲ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।