ਮਾਂ ਨੇ ਡਕਾਰੇ ਜਾਅਲੀ ਲਾਭ ਭੱਤੇ-ਭੁਗਤਣਾ ਪੈ ਗਿਆ ਧੀ ਨੂੰ

ਨਿਊਜ਼ੀਲੈਂਡ ਦੇ ਵਿਚ ਕੈਲਸਟਨ ਹਲਕੇ ਤੋਂ ਲੇਬਰ ਪਾਰਟੀ ਦੀ ਅਤੇ ਟੌਂਗਲ ਮੂਲ ਦੀ ਮੈਂਬਰ ਪਾਰਲੀਮੈਂਟ ਸ੍ਰੀਮਤੀ ਕੈਰਮਲ ਸੀਪੂਲੋਨੀ ਨੂੰ ‘ਸ਼ੋਸ਼ਲ ਡਿਵੈਲਪਮੈਂਟ’ ਦੇ ਅਹੁਦੇ ਤੋਂ ਹਾਲ ਦੀ ਘੜੀ ਇਸ ਕਰਕੇ ਪਰ੍ਹੇ ਕਰ ਦਿੱਤਾ ਗਿਆ ਹੈ ਕਿਉਂਕਿ ਉਸਦੀ ਮਾਂ ਦੇ ਉਤੇ ਜਾਅਲੀ ਲਾਭ ਭੱਤੇ ਲੈਣ ਦਾ ਦੋਸ਼ ਹੈ। ਇਸ ਸਬੰਧੀ ਲੇਬਰ ਪਾਰਟੀ ਦੇ ਨੇਤਾ ਸ੍ਰੀ ਐਂਡਰਿਊ ਲਿਟਲ ਨੇ ਕਿਹਾ ਹੈ ਕਿ ਸ੍ਰੀਮਤੀ ਕੈਰਮਲ ਨੂੰ ਇਸ ਕੇਸ ਬਾਰੇ ਨਹੀਂ ਸੀ ਪਤਾ। ਉਸਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਕ ਟੀ.ਵੀ. ਚੈਨਲ ਵਾਲੇ ਉਸ ਤੋਂ ਇਸ ਸਬੰਧੀ ਪੁੱਛਣ ਗਏ। ਲੇਬਰ ਪਾਰਟੀ ਨੇਤਾ ਨੇ ਕਿਹਾ ਕਿ ਉਸਦੀ ਮਾਂ ਵੱਲੋਂ ਕੀਤੇ ਗਏ ਧੋਖੇ ਦਾ ਲੇਬਰ ਐਮ. ਪੀ. ਨਾਲ  ਕੋਈ ਸਬੰਧ ਨਹੀਂ ਹੈ, ਪਰ ਫਿਰ ਵੀ ਜਦੋਂ ਤੱਕ ਮਾਮਲਾ ਸਾਫ ਨਹੀਂ ਹੋ ਜਾਂਦਾ ਉਸ ਨੂੰ ਅਹੁਦੇ ਤੋਂ ਪਰ੍ਹੇ ਰੱਖਿਆ ਜਾ ਰਿਹਾ ਹੈ। ਇਸ ਲੇਬਰ ਐਮ.ਪੀ. ਦੀ ਮਾਂ ਉਤੇ 19 ਵੱਖ-ਵੱਖ ਜਾਅਲਸਾਜ਼ੀ ਦੇ ਦੋਸ਼ ਹਨ। ਉਹ ਸਰਕਾਰ ਕੋਲੋਂ ਕਿਰਾਇਆ ਭੱਤਾ ਵੀ ਲੈਂਦੀ ਰਹੀ ਜਦ ਕਿ ਉਸਨੇ ਨਹੀਂ ਦੱਸਿਆ ਕਿ ਉਹ ਆਪਣੇ ਜੀਵਨ ਸਾਥੀ ਦੇ ਨਾਲ ਹੀ ਰਹਿ ਰਹੀ ਹੈ।