ਨਿਊ ਸਾਊਥ ਵੇਲਜ਼ ਅੰਦਰ ਫਿਜੀ ਤੋਂ ਪਹਿਲੀ ਫਲਾਈਟ ਕਾਮਿਆਂ ਨੂੰ ਲੈ ਕੇ ਪਹੁੰਚੀ -ਜ਼ਿਆਦਾ ਅੰਤਰ-ਰਾਸ਼ਟਰੀ ਕਾਮਿਆਂ ਨੂੰ ਮਨਜ਼ੂਰੀ

ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਕਿ ਰਾਜ ਅੰਦਰ ਕਾਮਿਆਂ ਦੀ ਘਾਟ ਨੂੰ ਮਹਿਸੂਸ ਕਰਦਿਆਂ, ਸਰਕਾਰ ਨੇ ਬੀਤੇ ਮਹੀਨੇ 350 ਬਾਹਰੀ ਦੇਸ਼ਾਂ ਦੇ ਕਾਮਿਆਂ ਲਈ ਮਨਜ਼ੂਰੀ ਦਿੱਤੀ ਸੀ ਅਤੇ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਹੋਇਆਂ ਹੋਰ 160 ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਹ ਕਾਮੇ ਹੁਣ ਟਮਾਟਰ ਦੇ ਉਦਯੋਗ ਵਿੱਚ ਸਹਾਇਤਾ ਕਰਨਗੇ। ਇਹ ਕਾਮੇ ਸੋਲੋਮਨ ਆਈਲੈਂਡਜ਼, ਟੌਂਗਾ ਜਾਂ ਵੈਨੁਆਟਾ ਤੋਂ ਆ ਰਹੇ ਹਨ। ਅਜਿਹੇ ਹੀ ਕਾਮਿਆਂ ਨੂੰ ਲੈ ਕੇ ਅੱਜ ਪਹਿਲੀ ਫਲਾਈਟ ਫਿਜੀ ਤੋਂ ਪਹੁੰਚੀ ਹੈ ਅਤੇ ਕਾਮਿਆਂ ਨੂੰ ਲੋੜੀਂਦੇ ਕੁਆਰਨਟੀਨ ਲਈ ਹੋਟਲਾਂ ਵਿੱਚ ਰੱਖਿਆ ਗਿਆ ਹੈ। ਕੁਆਰਨਟੀਨ ਤੋਂ ਬਾਅਦ ਹੀ ਉਹ ਆਪਣੇ ਆਪਣੇ ਕੰਮਾਂ ਉਪਰ ਜਾਣ ਲਈ ਤਿਆਰ ਹੋਣਗੇ। ਮੰਤਰੀ ਜੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੰਮ ਅਤੇ ਤਿਉਹਾਰ ਦੋਹੇਂ ਹੀ ਜ਼ਰੂਰੀ ਹਨ ਅਤੇ ਦੋਹਾਂ ਵਾਸਤੇ ਹੀ ਲੇਬਰ ਦੀ ਲੋੜ ਪੈਂਦੀ ਹੈ ਅਤੇ ਇਸੇ ਦੇ ਮੱਦੇ-ਨਜ਼ਰ ਸਰਕਾਰ ਨੇ ਆਪਣੇ ਦਰਵਾਜ਼ੇ ਖੋਲ੍ਹੇ ਹਨ। ਅਗਲੇ 160 ਵਰਕਰਾਂ ਨੂੰ ਟਮਾਟਰ ਦੀ ਖੇਤੀਬਾੜੀ ਦੇ ਉਦਯੋਗ ਵਿੱਚ ਲਗਾਇਆ ਜਾਣਾ ਹੈ। ਜ਼ਿਕਰਯੋਗ ਹੈ ਕਿ ਰਾਜ ਦੀ ਅਰਥ-ਵਿਵਸਥਾ ਅੰਦਰ ਟਮਾਟਰਾਂ ਦਾ ਉਦਯੋਗ 50 ਮਿਲੀਅਨ ਡਾਲਰਾਂ ਦਾ ਯੋਗਦਾਨ ਵੀ ਪਾਉਂਦਾ ਹੈ ਸੋ ਇਸ ਕਾਰਨ ਇਸ ਖੇਤਰ ਵਿੱਚ ਫੌਰੀ ਤੌਰ ਤੇ ਕਾਮਿਆਂ ਦੀ ਕਮੀ ਨੂੰ ਦੇਖਦਿਆਂ ਹੋਇਆਂ ਬਾਹਰੀ ਦੇਸ਼ਾਂ ਤੋਂ ਕਾਮਿਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ। ਜ਼ਿਕਰਯਗੋ ਹੈ ਕਿ, ਇਸ ਵਾਸਤੇ ਜਿਹੜੀਆਂ ਚਾਰਟਰ ਫਲਾਈਟਾਂ ਦੀ ਮਦਦ ਲਈ ਜਾ ਰਹੀ ਹੈ ਉਨ੍ਹਾਂ ਦਾ ਖਰਚਾ ਉਦਯੋਗ ਵੱਲੋਂ ਹੀ ਉਠਾਇਆ ਜਾ ਰਿਹਾ ਹੈ।

Install Punjabi Akhbar App

Install
×