ਵਿਦੇਸ਼ਾਂ ਵਿੱਚ ਸਿੱਖ ਗੁਰਦਵਾਰਿਆਂ ਦੀ ਪ੍ਰਬੰਧਕ ਕਮੇਟੀਆਂ ਦੀਆਂ ਲੜਾਈਆਂ ਨੇ ਕੀਤਾ ਸਿੱਖਾਂ ਨੂੰ ਬਦਨਾਮ

Gurdwara Baba Makhan Shah Lubana Fight Richmond Hill New Yorkਸਿੱਖ ਧਰਮ ਜਿਸ ਨੂੰ ਗੁਰੂ ਸਾਹਿਬਾਨ ਜੀ ਨੇ ਮਨੁੱਖਤਾ ਦਾ ਧਰਮ ਕਹਿ ਕੇ ਸਥਾਪਿਤ ਕੀਤਾ ਅਤੇ ਇਸ ਧਰਮ ਵਿੱਚ ਹਰ ਵਰਗ ઠਦੇ ਲੋਕਾਂ ਨੂੰ ਸਤਿਕਾਰ ਅਤੇ ਸਮਾਨਤਾ ਦਿੱਤੀ। ਕਿਸੇ ਤਰਾਂ ਦੇ ਜਾਤੀ ਭੇਦ ਭਾਵ ਅਤੇ ਊਚ ਨੀਚ ਤੋਂ ਉੱਪਰ ਉੱਠ ਕੇ ਸਿੱਖੀ ਦੀ ਰੱਖੀ। ਪਰ ਅੱਜ ਸਿੱਖ ਖੁਦ ਹੀ ਸਿੱਖੀ ਨੂੰ ਅੰਦਰੋਂ ਅੰਦਰੀ ਖੋਖਲਾ ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਜਿਸ ਵਿੱਚ ਸਿੱਖਾਂ ਦੇ ਨੁਮਾਇੰਦਿਆਂ ਦਾ ਵੱਡਾ ਰੋਲ ਹੈ। ਕਿਉਂਕਿ ਸਿੱਖਾਂ ਦੇ ਨੁਮਾਇੰਦੇ ਆਪਸੀ ਖਹਿਬਾਜ਼ੀ ਜਾਂ ਪ੍ਰਧਾਨਗੀ ਖਾਤਿਰ ਸਿੱਖੀ ਦੇ ਨਿਯਮਾਂ, ਸਿੱਖੀ ਦੀ ਆਨ ਸ਼ਾਨ ਨੂੰ ਬਹੁਤ ਜਲਦੀ ਅੱਖੋਂ ਉਹਲੇ ਕਰਕੇ ਨੀਵੀਂ ਤੋਂ ਨੀਵੀਂ ਹਰਕਤ ਕਰਨ ਤੱਕ ਪੁੱਜ ਜਾਂਦੇ ਹਨ। ਇਹ ਲੋਕ ਆਪਣੀ ਚੌਧਰ ਬਦਲੇ ਕਿਸੇ ਤਰਾਂ ਦਾ ਵੀ ਸਮਝੌਤਾ ਕਰ ਸਕਦੇ ਹਨ। ਉਸ ਸਮਝੌਤੇ ਵਿੱਚ ਚਾਹੇ ਗੁਰਦਵਾਰਾ ਸਾਹਿਬ, ਸਿੱਖੀ ਜਾਂ ਸੰਗਤ ਦਾ ਕੋਈ ਵੀ ਨੁਕਸਾਨ ਹੁੰਦਾ ਹੋਵੇ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ। ਜੇਕਰ ਅਜੋਕੇ ਘਟਨਾ ਕ੍ਰਮ ਨੂੰ ਦੇਖਿਆ ਅਤੇ ਘੋਖਿਆ ਜਾਵੇ ਤਾਂ ਭਾਰਤ ਤੋਂ ਬਾਹਰ ਖਾਸ ਕਰੇ ਯੂਰਪ, ਕੈਨੇਡਾ, ਅਮਰੀਕਾ ਆਦਿ ਦੇ ਗੁਰਦਵਾਰਾ ਸਾਹਿਬ ਵਿੱਚ ਇਹ ਝਗੜੇ ਦੇਖਣ ਨੂੰ ਜਿਆਦਾ ਮਿਲਦੇ ਹਨ। ਸ਼ਾਇਦ ਇਸਦਾ ਕਾਰਨ ਇਹਨਾਂ ਮੁਲਕਾਂ ਵਿੱਚ ਸੰਗਤ ਵੱਲੋਂ ਜਿਆਦਾ ਝੜਾਵਾ ਵੀ ਹੋ ਸਕਦਾ ਹੈ। ਇਹਨਾਂ ਮੁਲਕਾਂ ਦੀਆਂ ਸੰਗਤਾਂ ਸਿੱਖੀ ਖਾਤਿਰ ਹਰ ਤਰਾਂ ਦਾ ਯੋਗਦਾਨ ਪਾਉਂਦੀਆਂ ਹਨ। ਪਰ ਚੰਦ ਲੋਕ ਸੰਗਤਾਂ ਦੇ ਇਸ ਪਿਆਰ ਨੂੰ ਗਲਤ ਤਰੀਕੇ ਨਾਲ ਵਰਤ ਕੇ ਸਿੱਖੀ ਨੂੰ ਢਾਹ ਲਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ।
ਮੈਨੂੰ ਇਟਲੀ ਵਿੱਚ ਰਹਿੰਦਿਆਂ ਬਹੁਤ ਸਾਲ ਹੋ ਚੁੱਕੇ ਹਨ ਅਤੇ ਮੇਰੇ ਦੇਖਣ ਵਿੱਚ ਬਹੁਤ ਵਾਰ ਆਇਆ ਹੈ ਕਿ ਇੱਥੇ ਵੀ ਬਹੁਤ ਸਾਰੇ ਗੁਰਦਵਾਰਾ ਸਾਹਿਬ ਦੇ ਮਾਮਲੇ ਅਦਾਲਤਾਂ ਵਿੱਚ ਕਈ ਵਾਰ ਜਾ ਚੁੱਕੇ ਹਨ। ਬਹੁਤ ਸਾਰੇ ਗੁਰਦਵਾਰਾ ਸਾਹਿਬ ਵਿੱਚ ਪੁਲਿਸ ਨੂੰ ਦਖਲ ਦੇਣਾ ਪਿਆ ਹੈ। ਇੱਥੋਂ ਤੱਕ ਕਿ ਜਦੋਂ ਭਾਰਤ ਤੋਂ ਗੁਰੂ ਗਰੰਥ ਸਾਹਿਬ ਦੇ ਸਰੂਪ ਇਟਲੀ ਵਿੱਚ ਲਿਆਂਦੇ ਗਏ ਸਨ ਤਾਂ ਇਟਲੀ ਵਿਚਲੀਆਂ ਦੋ ਧਿਰਾਂ ਆਹਮੋ ਸਾਹਮਣੇ ਆਉਣ ਕਰਕੇ ਸਮੁੰਦਰੀ ਬੰਦਰਗਾਹ ‘ਤੇ ਹੀ ઠਸਿੱਖ ਸੰਗਤਾਂ ਵਿੱਚ ਤਕਰਾਰ ਹੋ ਗਿਆ ਸੀ। ਹੁਣ ਦੇ ਤਾਜ਼ਾ ਘਟਨਾਕ੍ਰਮ ਦੌਰਾਨ ਇਟਲੀ ਵਿੱਚ ઠਧਰਮ ਰਜਿਸਟਰਡ ਨੂੰ ਲੈ ਕੇ ਵੀ ਦੋ ਧਿਰਾਂ ਇੱਕ ਸੁਰ ਨਹੀਂ ਹੋ ਸਕੀਆਂ। ਇੱਕ ਦੂਜੇ ਉੱਪਰ ਦੋਸ਼ ਲਗਾਉਣੇ ਅਤੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨਾ ਹੀ ਸ਼ਾਇਦ ਸਿੱਖ ਆਗੂਆਂ ਲਈ ਇੱਕ ਕੰਮ ਬਾਕੀ ਰਹਿ ਗਿਆ ਹੈ। ਜਿਸ ਕਰਕੇ ਇਟਲੀ ਵਿੱਚ ਧਰਮ ਰਜਿਸਟ੍ਰੇਸ਼ਨ ਦਾ ਮਸਲਾ ਇੱਕ ਗੰਭੀਰ ਅਤੇ ਨਾ ਸੁਲਝਣ ਵਾਲਾ ਮਸਲਾ ਬਣ ਕੇ ਰਹਿ ਗਿਆ ਹੈ।
ਅਮਰੀਕਾ ਵਰਗਾ ਵਿਕਸਤ ਅਤੇ ਅਗਾਂਹਵਦੂ ਦੇਸ਼ ਵੀ ਸਿੱਖ ਗੁਰਦਵਾਰਿਆਂ ਦੀ ਲੜਾਈ ਤੋਂ ਬਚ ਨਹੀਂ ਸਕਿਆ। ਜਿਸ ਦੀ ਤਾਜ਼ਾ ਮਿਸਾਲ ਤੁਸੀ ਆਮ ਹੀ ਸੋਸ਼ਲ ਮੀਡੀਆ, ਅਖਬਾਰਾਂ ਜਾਂ ਟੀਵੀ ਚੈਨਲਾਂ ‘ਤੇ ਦੇਖਦੇ ਹੋ। ਗੁਰਦਵਾਰਾ ਸਾਹਿਬ ਵਿੱਚ ਹੀ ਦੋ ਧਿਰਾਂ ਹੱਥੋ ਪਾਈ ਹੁੰਦੀਆਂ ਹਨ। ਜਿਸਦੇ ਹੱਥ ਜੋ ਆਉਂਦਾ ਹੈ ਉਹੀ ਲੈ ਕੇ ਹਮਲਾ ਕੀਤਾ ਜਾਂਦਾ ਹੈ। ਗੁਰੂ ਗਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਚੰਦ ਪਲਾਂ ਵਿੱਚ ਛਿੱਕੇ ਟੰਗ ਦਿੱਤਾ ਜਾਂਦਾ ਹੈ। ਕਿਰਪਾਨਾਂ ਉੱਛਲਦੀਆਂ ਹਨ, ਪੱਗਾਂ ਲਹਿ ਜਾਂਦੀਆਂ ਹਨ। ਜਦੋਂ ਅਜਿਹਾ ਕੁਝ ਹੁੰਦਾ ਹੈ ਉਦੋਂ ਸਾਡੀ ਸਿੱਖੀ ਕਿੱਥੇ ਰਹਿ ਜਾਂਦੀ ਹੈ। ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਦੁਨੀਆ ਵਿੱਚ ਇਸ ਦਾ ਕੀ ਸੁਨੇਹਾ ਜਾਵੇਗਾ। ਜਦੋਂ ਅਸੀਂ ਸਟੇਜਾਂ ਤੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਗੈਰ ਸਿੱਖ ਲੋਕਾਂ ਉੱਪਰ ਦੋਸ਼ ਲਾਉਂਦੇ ਹਾਂ, ਪਰ ਅਸੀਂ ਖੁਦ ਸਿੱਖ ਹੋ ਕੇ ਆਪਣੇ ਗੁਰੂ ਦਾ ਆਪਣੇ ਗੁਰੂ ਦੇ ਘਰ ਦਾ ਅਪਮਾਨ ਕਿਉਂ ਕਰਦੇ ਹਾਂ? ਕਿਉਂ ਸਾਡੀ ਜ਼ਮੀਰ ਸਾਨੂੰ ਝੰਜੋੜਦੀ ਨਹੀਂ। ਕਿਉਂ ਅਸੀਂ ਗੁਰੂ ਨਾਨਕ ਦੇ ਸਿੱਖ ਹੋ ਕੇ ਵੀ ਸਿੱਖੀ ਤੋਂ ਦੂਰ ਮੋਹ ਮਾਇਆ ਦੇ ਲਾਲਚੀ ਹੋ ਜਾਂਦੇ ਹਾਂ। ਕੀ ਸਾਡੇ ਗੁਰਦਵਾਰਿਆਂ ਦੇ ਮਸਲੇ ਇੰਨੇ ਗੰਭੀਰ ਹਨ ਕਿ ਅਸੀਂ ਗੱਲਬਾਤ ਦੁਆਰਾ ਹੱਲ ਨਹੀਂ ਕਰ ਸਕਦੇ? ਜਾਂ ਸਾਡੀ ਇਨਸਾਨੀਅਤ ਮਰ ਚੁੱਕੀ ਹੈ ਅਤੇ ਅਸੀਂ ਇੰਨੇ ਲਾਲਚੀ ਤੇ ਕਮੀਨੇ ਹੋ ਚੁੱਕੇ ਹਾਂ ਕਿ ਜਿਸ ਗੁਰੂ ਨੇ ਸਾਡੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅੱਜ ਅਸੀਂ ਉਸੇ ਗੁਰੂ ਦੇ ਸਿੱਖ ਅਖਵਾਉਣ ਦੇ ਵੀ ਕਾਬਿਲ ਨਹੀਂ ਰਹੇ। ਉਸੇ ਗੁਰੂ ਦਾ ਨਾਂ ਲੈ ਕੇ ਮਾਇਆ ਇਕੱਠੀ ਕਰਦੇ ਹਾਂ ਅਤੇ ਫਿਰ ਉਸੇ ਮਾਇਆ ਨੂੰ ਆਪਣੇ ਸਿੱਖ ਭਾਈਚਾਰੇ ਵਿਰੁਧ ਵਿਦੇਸ਼ੀ ਅਦਾਲਤਾਂ ਵਿੱਚ ਖਰਚ ਹੀ ਨਹੀਂ ਕਰਦੇ ਸਗੋਂ ਸਿੱਖੀ ਦਾ ਜਲੂਸ ਵੀ ਕੱਢਦੇ ਹਾਂ। ਸਿੱਖੀ ਦੇ ਸਿਧਾਂਤ ઠਸਮਝਣ ਲਈ ਸਾਨੂੰ ਕਿੰਨਾ ਸਮਾਂ ਲੱਗੇਗਾ ਅਤੇ ਕਦੋਂ ਹੋਰ ਲੋਕਾਂ ਨੂੰ ਸਮਝਾ ਸਕਣ ਵਿੱਚ ਕਾਮਯਾਬ ਹੋਵਾਂਗੇ।

ਬਲਵਿੰਦਰ ਸਿੰਘ ਚਾਹਲ *ਮਾਧੋ ਝੰਡਾ*
0039 320 217 6490

Install Punjabi Akhbar App

Install
×