ਨਸ਼ੇ ਦੀ ਆਦਤ ਨੇ ਲੜਕੀ ਨੂੰ ਬਣਾਇਆ ਅੰਤਰਰਾਜੀ ਗਰੋਹ ਦੀ ਮੈਂਬਰ

  • ਨਸ਼ੇ ਦੀ ਤੋੜ ਕਾਰਨ ਹਸਪਤਾਲ ਦਾਖਲ
  • ਲੜਕੇ ਨੂੰ ਅਗਵਾ ਕਰਨ ਦੇ ਦੋਸ਼ ‘ਚ ਲੜਕੀ ਤੇ ਦੋ ਸਾਥੀ ਕਾਬੂ ਅਤੇ ਦੋ ਫਰਾਰ

drugs 180812
ਬਠਿੰਡਾ/ 11 ਅਗਸਤ/ — ਕੀ ਇਹ ਨਸ਼ੇ ਦੀ ਭੈੜੀ ਆਦਤ ਹੀ ਹੈ, ਜਿਸਨੇ ਇਸ ਜਿਲ੍ਹੇ ਨਾਲ ਸਬੰਧਤ ਇੱਕ ਲੜਕੀ ਨੂੰ ਨਾ ਸਿਰਫ਼ ਅੰਤਰਰਾਜੀ ਅਗਵਾਕਾਰ ਬਣਾ ਦਿੱਤਾ, ਬਲਕਿ ਇਲਾਜ ਲਈ ਅਧਿਕਾਰੀਆਂ ਨੂੰ ਉਸਨੂੰ ਜੇਲ੍ਹ ਚੋਂ ਸਿਰਸਾ ਦੇ ਸਿਵਲ ਹਸਪਤਾਲ ਲਈ ਤਬਦੀਲ ਵੀ ਕਰਨਾ ਪਿਆ।
ਜਿਲ੍ਹਾ ਸਿਰਸਾ ਅਧੀਨ ਪੈਂਦੇ ਥਾਨਾ ਡਿੰਗ ਦੀ ਪੁਲਿਸ ਅਨੁਸਾਰ ਇਸ ਜਿਲ੍ਹੇ ਨਾਲ ਸਬੰਧਤ ਅਰਪਣ ਨਾਂ ਦੀ ਇੱਕ ਲੜਕੀ ਨੇ ਅਗਸਤ ਮਹੀਨੇ ਦੇ ਸੁਰੂ ਵਿੱਚ ਹੀ ਹਰਿਆਣਾ ਦੇ ਕਸਬਾ ਫਤਿਆਬਾਦ ਦੇ ਵਸਨੀਕ ਇੱਕ ਨੌਜਵਾਨ ਦਿਕਸਾਂਤ ਨੂੰ ਵੱਟਸਅੱਪ ਕਾਲ ਕਰਕੇ ਦੋਸਤੀ ਦੀ ਪੇਸਕਸ ਕੀਤੀ। ਦਿਕਸਾਂਤ ਲੜਕੀ ਅਤੇ ਉਸਦੇ ਗਰੋਹ ਵੱਲੋਂ ਵਿਛਾਏ ਜਾਲ ਵਿੱਚ ਇਸ ਕਦਰ ਫਸ ਗਿਆ, ਕਿ ਉਸ ਵੱਲੋਂ ਬੁਲਾਉਣ ਤੇ ਉਹ ਉਸਨੂੰ ਫਤਿਆਬਾਦ ਦੇ ਬਤਰਾ ਹਸਪਤਾਲ ਕੋਲ ਜਾ ਮਿਲਿਆ। 8 ਅਗਸਤ ਦੇ ਇਸ ਘਟਨਾਕ੍ਰਮ ਦੇ ਅਸਲੀ ਨਾਟਕ ਦੀ ਸੁਰੂਆਤ ਉਦੋਂ ਹੋਈ, ਜਦ ਮਿੱਠੀਆਂ ਮਾਰਨ ਉਪਰੰਤ ਲੜਕੀ ਨੇ ਦਿਕਸਾਂਤ ਨੂੰ ਸਿਰਸਾ ਵੱਲ ਜਾਣ ਲਈ ਮਨਾ ਲਿਆ।
ਦਿਕਸਾਂਤ ਆਪਣੀ ਗੱਡੀ ਰਾਹੀਂ ਲੜਕੀ ਸਮੇਤ ਜਿਉਂ ਹੀ ਡਿੰਗ ਰੋੜ ਦੇ ਇਲਾਕੇ ਦੇ ਇੱਕ ਢਾਬੇ ਕੋਲ ਪੁੱਜਾ ਤਾਂ ਬਾਥਰੂਮ ਦਾ ਬਹਾਨਾ ਲਾ ਕੇ ਕੁੜੀ ਨੇ ਗੱਡੀ ਰੁਕਵਾ ਲਈ। ਬੱਸ ਫਿਰ ਕੀ ਸੀ ਪਹਿਲਾਂ ਤੋਂ ਹੀ ਉੱਥੇ ਮੌਜੂਦ ਚਾਰ ਨੌਜਵਾਨਾਂ ਨੇ ਉਸਨੂੰ ਆਪਣੀ ਸਕਾਰਪੀਓ ਗੱਡੀ ਵਿੱਚ ਸੁੱਟ ਲਿਆ, ਮਾਰਕੁਟਾਈ ਕਰਦਿਆਂ ਲੜਕੀ ਸਮੇਤ ਉਹ ਉਸਨੂੰ ਪੰਜਾਬ ਵਾਲੇ ਪਾਸੇ ਲੈ ਆਏ। ਕਿਸੇ ਅਗਿਆਤ ਥਾਂ ਤੇ ਅਰਪਣ ਅਤੇ ਦਿਕਸਾਂਤ ਦੀ ਅਸਲੀਲ ਵੀਡੀਓ ਬਣਾ ਕੇ ਉਹਨਾਂ ਉਸਤੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ, ਲੇਕਿਨ ਸੌਦਾ ਦਸ ਲੱਖ ਰੁਪਏ ਵਿੱਚ ਤਹਿ ਹੋ ਗਿਆ। ਕਿਉਂਕਿ ਦਿਕਸਾਂਤ ਕੋਲ ਉਸ ਸਮੇਂ ਏਡੀ ਵੱਡੀ ਰਕਮ ਨਹੀਂ ਸੀ, ਇਸ ਲਈ ਇਸ ਇਕਰਾਰ ਤੇ ਧਮਕੀ ਨਾਲ ਅਗਵਾਕਾਰਾਂ ਨੇ ਉਸਨੂੰ ਇਹ ਕਹਿੰਦਿਆਂ ਛੱਡ ਦਿੱਤਾ ਕਿ ਜਦੋਂ ਵੀ ਉਹਨਾਂ ਸੰਪਰਕ ਕੀਤਾ ਤਾਂ ਉਹ ਤੁਰੰਤ ਰਕਮ ਅਦਾ ਕਰ ਦੇਵੇ ਜੇਕਰ ਅਜਿਹਾ ਨਾ ਹੋਇਆ ਤਾਂ ਅਸਲੀਲ ਵੀਡੀਓ ਹੀ ਵੈਰਿਲ ਨਹੀਂ ਕੀਤੀ ਜਾਵੇਗੀ ਬਲਕਿ ਉਸਦਾ ਜਾਨੀ ਨੁਕਸਾਨ ਵੀ ਕੀਤਾ ਜਾਵੇਗਾ।
ਕੁਝ ਅਰਸ਼ਾ ਬੀਤਣ ਉਪਰੰਤ ਬੀਤੇ ਦਿਨੀਂ ਜਦ ਅਗਵਾਕਾਰਾਂ ਨੇ ਦਿਕਸਾਂਤ ਨੂੰ ਰਕਮ ਲੈ ਕੇ ਫਤਿਆਬਾਦ ਦੀ ਸੋਮਾ ਸਿਟੀ ਵਿਖੇ ਪੁੱਜਣ ਲਈ ਕਿਹਾ ਤਾਂ ਉਸਨੇ ਇਸਦੀ ਇਤਲਾਹ ਉੱਥੋਂ ਦੀ ਪੁਲਿਸ ਨੂੰ ਦੇ ਦਿੱਤੀ। ਥਾਨਾ ਡਿੰਗ ਅਤੇ ਸੀ ਆਈ ਏ ਸਟਾਫ ਦੀ ਪੁਲਿਸ ਨੇ ਲੜਕੀ ਅਰਪਣ ਜੋ ਇਸ ਜਿਲ੍ਹੇ ਦੇ ਸੰਗਤ ਕਲਾਂ ਪਿੰਡ ਨਾਲ ਸਬੰਧਤ ਹੈ ਤੋਂ ਇਲਾਵਾ ਹਰਿਆਣਾ ਦੇ ਹਜਰਾਵਾਂ ਕਲਾਂ ਪਿੰਡ ਜੋ ਫਤਿਆਬਾਦ ਜਿਲ੍ਹੇ ਅਧੀਨ ਪੈਂਦਾ ਹੈ ਦੇ ਵਸਨੀਕਾਂ ਲਖਵੀਰ ਸਿੰਘ ਤੇ ਗੁਰਦੀਪ ਸਿੰਘ ਨੂੰ ਕਾਬੂ ਕਰ ਲਿਆ। ਦਿਕਸਾਂਤ ਦੇ ਬਾਪ ਦਲੀਪ ਦੇ ਬਿਆਨ ਤੇ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਅਗਵਾ, ਬਲੈਕਮੇਲਿੰਗ, ਠੱਗੀ, ਫਿਰੌਤੀ ਮੰਗਣ ਅਤੇ ਅਸਲਾ ਐਕਟ ਦੇ ਵੱਖ ਵੱਖ ਦੋਸਾਂ ਅਧੀਨ ਗਿਰਫਤਾਰ ਕਰ ਲਿਆ।
ਤਿੰਨਾਂ ਨੂੰ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੋਂ ਅਰਪਣ ਨੂੰ ਤਾਂ ਜੁਡੀਸੀਅਲ ਰਿਮਾਂਡ ਤਹਿਤ ਜੇਲ੍ਹ ਭੇਜ ਦਿੱਤਾ, ਜਦ ਕਿ ਉਸਦੇ ਦੋ ਸਾਥੀਆਂ ਨੂੰ ਇੱਕ ਦਿਨ ਲਈ ਜਿਸਮਾਨੀ ਰਿਮਾਂਡ ਤਹਿਤ ਪੁਲਿਸ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਜਾਣ ਤੇ ਅਰਪਣ ਦੀ ਹਾਲਤ ਖਰਾਬ ਹੋ ਗਈ ਕਿਉਂਕਿ ਉਹ ਤੋੜ ਅਤੇ ਦਰਦਾਂ ਨਾਲ ਕਰਾਹ ਰਹੀ ਸੀ। ਪੁਲਿਸ ਸੂਤਰਾਂ ਅਨੁਸਾਰ ਉਹ ਸਮੈਕ ਵਗੈਰਾ ਵਰਗੇ ਕਿਸੇ ਖਤਰਨਾਕ ਨਸ਼ੇ ਦੀ ਆਦੀ ਹੈ, ਜੇਲ੍ਹ ਅਧਿਕਾਰੀਆਂ ਨੇ ਇਲਾਜ ਲਈ ਉਸਨੂੰ ਸਿਵਲ ਹਸਪਤਾਲ ਸਿਰਸਾ ਵਿਖੇ ਦਾਖਲ ਕਰਵਾ ਦਿੱਤਾ। ਇਸ ਸਮੁੱਚੇ ਘਟਨਾਕ੍ਰਮ ਦੀ ਪੁਸਟੀ ਕਰਦਿਆਂ ਥਾਨਾ ਡਿੰਗ ਦੇ ਐੱਸ ਐੱਚ ਓ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਲੋੜੀਂਦੇ ਪੰਜਾਬ ਨਾਲ ਸਬੰਧਤ ਦੋ ਹੋਰ ਨੌਜਵਾਨਾਂ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(ਬੀ ਐੱਸ ਭੁੱਲਰ)

bhullarbti@gmail.com

Install Punjabi Akhbar App

Install
×