ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਗੁਆਂਢੀ ਪਿੰਡ ਮੰਗੂਵਾਲ ਨੇ ਪਿੰਡ ਦੇ ਖੇਡ ਮੇਲਿਆਂ ਤੋਂ ਯੂਨੀਵਰਸਿਟੀਆਂ, ਇੰਟਰ-ਯੂਨੀਵਰਸਿਟੀਆਂ, ਪੰਜਾਬ,ਪ੍ਰਸਿੱਧ ਕਲੱਬਾਂ ਅਤੇ ਭਾਰਤ ਲਈ ਨਾਮਵਰ ਫ਼ੁੱਟਬਾਲ ਖਿਡਾਰੀ ਪੈਦਾ ਕੀਤੇ ਹਨ। ਅਜਿਹੇ ਮਾਹੌਲ ਕਰਕੇ ਉਠ ਰਹੇ ਪਿੰਡ ਦੇ ਨਵੇਂ ਖਿਡਾਰੀਆਂ ਨੂੰ ਉਤਸ਼ਾਹ ਮਿਲਦੈ ਰਿਹੈ। ਤੇਜ਼ ਤਰਾਰ ਫ਼ੁੱਟਬਾਲ ਖਿਡਾਰੀ ਨਿਰੰਜਨ ਦਾਸ ਨੇ ਵੀ ਇਸੇ ਪਿੰਡ ਜਨਮ ਲਿਆ।ਖੇਡ-ਜਗਤ ਅਤੇ ਯਾਰਾਂ-ਬੇਲੀਆਂ ‘ਚ ਉਹ ਨੰਜੂ ਭਗਤ ਕਰਕੇ ਵੀ ਜਾਣਿਆਂ ਜਾਂਦਾ ਸੀ।ਉਹ ਸਕੂਲ, ਕਾਲਜ਼,ਯੂਨੀਵਰਸਿਟੀ ਤੋਂ ਹੁੰਦਾ ਹੋਇਆ, ਜੇ ਸੀ ਟੀ, ਲੀਡਰ ਅਤੇ ਪੰਜਾਬ ਦਾ ਮਸ਼ਹੂਰ ਖਿਡਾਰੀ ਬਣਿਐ।
ਇਕ ਗਰੀਬ ਮਿਹਨਤਕਸ਼ ਪਰਿਵਾਰ ‘ਚ ਜਨਮ ਲੈ ਕੇ ਨਿਰੰਜਨ ਨੇ ਮੁੱਢਲੀ ਪੜ੍ਹਾਈ ਪਿੰਡੋਂ ਅਤੇ ਦਸਵੀਂ ਹਾਈ ਸਕੂਲ ਬੰਗਾ ਤੋਂ ਕੀਤੀ।ਪਿੰਡ ‘ਚ ਆਪ ਤੋਂ ਵੱਡਿਆਂ ਨੂੰ ਗਰਾਂਊਂਡ ਵਿੱਚ ਖੇਡਦੇ ਵੇਖ ਉਹਨੇ ਵੀ ਗਰਾਂਊਡ ਜਾਣਾ ਸ਼ੁਰੂ ਕਰ ਦਿਤਾ।ਫ਼ੁੱਟਬਾਲ ਖੇਡਣ ਲੱਗਾ।ਦਸਵੀਂ ਕਲਾਸ ‘ਚ ਚੰਗੀ ਖੇਡ ਸਦਕਾ ਉਸ ਨੂੰ ਐਸ. ਐਨ. ਕਾਲਜ਼ ਬੰਗਾ ਵਾਲੇ ਲੈ ਗਏ।ਚਾਰ ਸਾਲ ਬੰਗਾ ਕਾਲਜ਼ ਵਲੋਂ ਖੇਡਿਆ ਤੇ ਗੇਂਮ ਦਾ ਵਧੀਆ ਪ੍ਰਦਰਸ਼ਨ ਕੀਤਾ। 1968-69 ਵਿੱਚ ਪੰਜਾਬ ਯੂਨੀਵਰਸਿਟੀ ਵਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਅਲੀਗੜ੍ਹ ਖੇਡਿਆ।ਅਲੀਗੜ੍ਹ ਤੋਂ ਉਪਰੰਤ ਉਜੈਨ (ਮੱਧ ਪ੍ਰਦੇਸ਼)ਖੇਡਣ ਗਿਆ ਤੇ ਨਾਰਥ, ਸਾਊਥ, ਈਸਟ, ਵੈਸਟ ਚਾਰੇ ਟੀਮਾਂ ਨੇ ਇਕ ਦੂਜੇ ਨਾਲ ਚੈਪੀਂਅਨਸ਼ਿਪ ਖੇਡੀ।
ਉਲੰਪੀਂਅਨ ਜਰਨੈਲ ਸਿੰਘ ਪਨਾਮ ਟੀਮ ਦਾ ਮੁੱਖ ਕੋਚ ਬਣ ਕੇ ਨਾਲ ਗਿਆ ਸੀ।ਮੁੱਖ ਮਹਿਮਾਨ ਵੀ ਉਥੇ ਜਰਨੈਲ ਸਿੰਘ ਹੀ ਸੀ।ਉਸ ਚੈਪੀਂਅਨਸ਼ਿਪ ਵਿੱਚੋਂ ਨਿਰੰਜਨ ਹੁਣਾਂ ਦੀ ਟੀਮ ਦੂਜੇ ਨੰਬਰ ‘ਤੇ ਰਹੀ ।ਗੁਰਦੇਵ ਸਿੰਘ ਗਿੱਲ (ਅਰਜਨ ਐਵਾਰਡੀ), ਜੋਗਿੰਦਰ ਝੁੱਟੀ,ਪ੍ਰਮਿੰਦਰ ਕੋਚ ਤੇ ਮਨਜੀਤ ਸਿੰਘ ਖਰੜ-ਅੱਚਰਵਾਲ ਸਾਥੀ ਖਿਡਾਰੀ ਸਨ। 1967 ‘ਚ ਜਦੋਂ ਬੰਗਲੌਰ ਖੇਡਣ ਗਏ ਤਾਂ ਮਨਜੀਤ ਵੀ ਸੀ।ਚੰਗੀ ਖੇਡ ਸਦਕਾ ਮਨਜੀਤ ਲੀਡਰ ਕਲੱਬ, ਪੰਜਾਬ ਪੁਲਿਸ,ਬੀ ਐਸ ਐਫ਼, ਪੰਜਾਬ ਰਾਜ ਬਿਜਲੀ ਬੋਰਡ ਹੁਸ਼ਿਆਰ,ਈਸਟ ਬੰਗਾਲ(ਮੋਹਣ ਬਗਾਨ) ਖੇਡਿਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੋਚ ਲੱਗਾ।ਵਧੀਆ ਗੇਂਮ ਕਰਕੇ ਵੱਖ ਵੱਖ ਮਹਿਕਮਿਆਂ ਵਾਲੇ ਉਸ ਦੀ ਡਿਮਾਂਡ ਕਰਦੇ ਸਨ ।ਹਰ ਪਾਸੇ ਮਨਜੀਤਮਨਜੀਤ..ਹੁੰਦੀ ਸੀ। ਅਫ਼ਸੋਸ..ਉਹ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੇ ਤੁਰ ਜਾਣ ਨਾਲ ਖੇਡ ਜਗਤ ਨੂੰ ਬਹੁਤ ਘਾਟਾ ਪਿਆ।
ਮਨਜੀਤ ਤੋਂ ਇਲਾਵਾ ਟਾਪ ਖਿਡਾਰੀ ਹਰਜਿੰਦਰ ਵੀ ਨਾਲ ਹੁੰਦਾ।ਬੰਗਾ-ਨਵਾਂ ਸ਼ਹਿਰ ਇਲਾਕੇ ‘ਚੋਂ ਸਿਰਫ਼ ਨਿਰੰਜਨ ਹੀ ਟੀਮ ਦਾ ਮੁੱਖ ਖਿਡਾਰੀ ਸੀ।ਕਦੇ ਉਹ ਲੈਫ਼ਟ ਹਾਫ਼ ਖੇਡਦਾ ਤੇ ਕਦੇ ਰਾਈਟ ਹਾਫ਼ ਬੈਕ।1969-70 ‘ਚ ਖਾਲਸਾ ਕਾਲਜ਼ ਵਿਖੇ ਇਕ ਸਾਲ ਲਾਇਆ ਤੇ ਖੇਡ ਨੂੰ ਹੋਰ ਚਮਕਾਇਆ।ਸੰਨ ’71-72 ਵਿੱਚ ਜੇ. ਸੀ. ਟੀ. ਫ਼ਗਵਾੜਾ ਵਾਲੇ ਲੈ ਗਏ।ਫਿਰ ਉਹ ਲੀਡਰ ਕਲੱਬ ਚਲੇ ਗਿਆ।ਲੀਡਰ ਕਲੱਬ ਵਾਲਿਆਂ ਦਾ ਕਦੇ ਪਿੱਤਲ ਦਾ ਵੱਡਾ ਕਾਰੋਬਾਰ ਹੁੰਦਾ ਸੀ।ਉਨ੍ਹਾਂ ਦੇ ਸ਼ਿਪ ਚਲਦੇ ਸਨ।ਡੇਅਰੀ-ਫ਼ਾਰਮ ਵੀ ਸੀ, ਜਿਥੋਂ ਰੋਜ਼ਾਨਾ ਖਾਣ ਨੂੰ ਦੁੱਧ ਤੇ ਅੰਡੇ ਮਿਲਦੇ। ਇਕ ਸਾਲ ਲੀਡਰ ਖੇਡਣ ਉਪਰੰਤ ਅਗਲੇ ਸਾਲ ਡੀ ਪੀ ਈ ਕਰਨ ਪਟਿਆਲੇ ਚਲਾ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ‘ਸਰਾਭਾ’ ਵਿਖੇ ਟੂਰਨਾਮੈਂਟ ਖੇਡਿਆ ਤੇ ਉਸ ਨੂੰ ‘ਵਧੀਆ ਖਿਡਾਰੀ ‘ ਦਾ ਖਿਤਾਬ ਦੇ ਕੇ ਨਿਵਾਜ਼ਿਆ ਗਿਆ।
ਜਦੋਂ ਉਹ ਪਟਿਆਲੇ ਐਮ. ਪੀ. ਐੱਡ ਕਰਨ ਗਿਆ ਤਾਂ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਵੀ ਨਾਲ ਹੀ ਐਮ. ਪੀ. ਐੱਡ. ਕੀਤੀ।ਸਟੇਜ਼ਾਂ ‘ਤੇ ਗੁਰਦਾਸ ਮਾਨ ਨਾਲ ਉਹਦਾ ਫ਼ਸਵਾਂ ਮੁਕਾਬਲਾ ਹੁੰਦਾ।ਗੁਰਦਾਸ ਮਾਨ ਇਛਕ-ਮਾਸ਼ੂਕੀ ਦੇ ਗੀਤ ਗਾਉਂਦਾ ਤੇ ਨਿਰੰਜਨ ਵਲੋਂ ਇਨਕਲਾਬੀ ਤੇ ਦੇਸ਼-ਭਗਤੀ ਦੇ ਗੀਤ ਗਾਏ ਜਾਂਦੇ। ਇਕੱਠੇ ਪੜ੍ਹਦੇ ਤੇ ਗਾਉਂਣ ਕਰਕੇ ਗੁਰਦਾਸ ਮਾਨ ਜੇ ਕਿਤੇ ਮਿਲ ਪੈਦਾਂ ਤਾਂ ਬੜੇ ਨਿੱਘ ਨਾਲ ਹੱਥ ਜੋੜ ਕੇ ਮਿਲਦਾ ।ਇਕ ਵਾਰ ਬੰਗੀਂ ਗੁਲਾਮੀਂ ਸ਼ਾਹ ਦੀ ਜਗ੍ਹਾ ‘ਤੇ ਗੁਰਦਾਸ ਮਾਨ ਪ੍ਰੋਗਰਾਮ ਕਰਨ ਗਿਆ।ਨਿਰੰਜਨ ਉਹਨੂੰ ਮਿਲਣਾ ਚਾਹੁੰਦਾ ਸੀ ਪਰ ਪੁਲਿਸ ਵਾਲੇ ਉਹਨੂੰ ਅੱਗੇ ਨਹੀਂ ਸਨ ਜਾਣ ਦੇ ਰਹੇ।ਗੁਰਦਾਸ ਮਾਨ ਦੀ ਅਚਾਨਕ ਨਜ਼ਰੀਂ ਪੈ ਗਿਆ। ਪੁਲਿਸ ਤੇ ਲੋਕਾਂ ਦੀ ਭੀੜ ਨੂੰ ਚੀਰਦਾ ਉਹ ਬੜੇ ਪਿਆਰ ਨਾਲ ਨਿਰੰਜਨ ਨੂੰ ਮਿਲਿਆ।ਉਹਦੀ ਉਚੀ ਅਵਾਜ਼ ਤੋਂ ਗੁਰਦਾਸ ਮਾਨ ਵੀ ਬੜਾ ਪ੍ਰਭਾਇਤ ਸੀ।
ਮੰਗੂਵਾਲ ਜੇ ਖਿਡਾਰੀਆਂ ਦਾ ਗੜ੍ਹ ਰਿਹੈ ਤਾਂ ਇਨਕਲਾਬੀਆਂ ਦਾ ਵੀ ਮੋਹਰੀ ਰਿਹੈ।ਇਥੇ ਭਾਈ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ,ਮਾਸਟਰ ਗਿਆਨ ਸਿੰਘ ਸੰਘਾ,ਪਰਮਜੀਤ ਕਾਹਮਾਂ,ਰਵਿੰਦਰ ਸਹਿਰਾਅ, ਜੈਮਲ ਪੱਡਾ, ਸੰਤ ਰਾਮ ਉਦਾਸੀ,ਪਾਸ਼ ਤੇ ਸ਼ਿਵ ਕੁਮਾਰ ਬਟਾਲਵੀ ਵੀ ਆਉਂਦੇ ਰਹੇ ਹਨ।ਅੰਗਰੇਜ਼ਾਂ ਸਮੇਂ ਦੀ ਵੱਡੀ ਕੋਠੀ ਵਿੱਚ ਖੇਡਾਂ ‘ਚ ਸ਼ੌਕ ਰੱਖਣ ਵਾਲੇ ਬਾਰੂ ਰਾਮ ਦੀ ਰਿਹਾਇਸ਼ ਸੀ ਤੇ ਉਸ ਵਲੋਂ ਹੀ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ। ਸਾਰੀ ਸਾਰੀ ਰਾਤ ਮਹਿਫ਼ਲ ਜੰਮਦੀ ਕਵੀ ਦਰਬਾਰ ਲੱਗਦੇ ਤੇ ਇਨਕਲਾਬੀ ਗੀਤ ਗਾਏ ਜਾਂਦੇ।ਨਿਰੰਜਨ ਦਾਸ ਜੈਮਲ ਪੱਡੇ ਤੇ ਸੰਤ ਰਾਮ ਉਦਾਸੀ ਨਾਲ ਉਚੀ ਸੁਰ ‘ਚ ਬਰਾਬਰ ਇਨਕਲਾਬੀ ਤੇ ਦੇਸ਼ ਭਗਤੀ ਦੇ ਗੀਤ ਗਾਉਂਦਾ।ਇਸ ਪਿੰਡ ‘ਚ ਹਰ ਵਰਗ ਤੇ ਖੁਲ੍ਹੇ-ਖਿਆਲਾਂ ਦੇ ਲੋਕ ਵਸਦੇ ਹਨ। ਨਾ ਕੋਈ ਮਜ਼੍ਹਬ ਨੂੰ ਮੰਨਦਾ ਹੈ ਤੇ ਨਾ ਹੀ ਕਿਸੇ ਜਾਤ ਨੂੰ।ਹਰ ਕੋਈ ਮੌਢੇ ਨਾਲ ਮੌਢਾ ਡਾਹ ਕੇ ਬਰਾਬਰ ਜਾ ਖੜ੍ਹਦਾ।ਭਾਈ ਗੁਰਸ਼ਰਨ ਸਿੰਘ ਦੇ ਰਾਹਾਂ ‘ਤੇ ਚਲਦੇ ਜਸਵੰਤ ਖਟਕੜ, ਨਰਿੰਦਰ ਕੌਰ, ਨਿਰੰਜਨ ਦਾਸ, ਕਮਲਜੀਤ ਕੌਰ(ਨਿਰੰਜਨ ਦੀ ਪਤਨੀ ਕਮਲਜੀਤ ਨੇ ’79 ਤੋਂ 81 ਤੱਕ ਸਾਥ ਦਿਤਾ) ਤੇ ਜਰਨੈਲ ਸਿੰਘ ਰਾਹੀ,ਰਾਜਿੰਦਰ ਖਹਿਰਾ ਤੇ ਕਸ਼ਮੀਰੀ ਲਾਲ ਨੇ ਸੰਨ ’75 ‘ਚ ‘ਦੋਆਬਾ ਕਲਾ ਮੰਚ’ ਸਥਾਪਤ ਕਰਕੇ ਪੰਜਾਬ ਦੇ ਪਿੰਡਾਂ ‘ਚ ਇਨਕਲਾਬੀ ਨਾਟਕ ਸ਼ੁਰੂ ਕੀਤੇ।ਜਸਵੰਤ ਖਟਕੜ ਤੇ ਪਾਸ਼ ਦੀ ਆਪਸੀ ਬੜੀ ਯਾਰੀ ਸੀ।ਪਾਸ਼ ਅਕਸਰ ਜਸਵੰਤ ਕੋਲ ਮੰਗੂਵਾਲ ਆਇਆ ਰਹਿੰਦਾ।ਪੰਜਾਬ ਸਟੂਡੈਂਟਸ ਯੂਨੀਅਨ ਜਲੰਧਰ ਦਾ ਸਕੱਤਰ ਅਤੇ ਸੂਬਾ ਪ੍ਰਧਾਨ ਰਵਿੰਦਰ ਸਹਿਰਾਅ ਨੇ ਨਿਰੰਜਨ ਨੂੰ ਪਟਿਆਲੇ ਪੜ੍ਹਦੇ ਅਤੇ ਖੇਡਦੇ ਨੂੰ ਵੇਖਿਆ ਅਤੇ ਗੁਰਦਾਸ ਮਾਨ ਨਾਲ ਹੁੰਦੇ ਮੁਕਾਬਲੇ ਵੇਖੇ।ਜਦੋਂ ਕਦੇ ਇਨਕਲਾਬੀ ਸਟੇਜ਼ਾਂ’ਤੇ ਗਾਉਂਣ ਲਈ ਜੈਮਲ ਪੱਡੇ ਨੂੰ ਸੱਦਣ ਜਾਣਾ ਤਾਂ ਉਹਨੇ ਕਹਿਣਾ-”ਮੈਂ ਉਥੇ ਕੀ ਕਰਨਾ,ਤੁਹਾਡੇ ਕੋਲ ਨਿਰੰਜਨ ਤਾਂ ਹੈ..!” ਲੋਕੀ ਅਕਸਰ ਨਿਰੰਜਨ ਨੂੰ -”ਸਾਡੀ ਵੀਹੀ ਵਿੱਚ ਚੂੜੀਆਂ ਦਾ ਹੌਕਾ ਨਾ ਦੇਈ ਵੇ ਵੀਰਾ ਵਣਜਾਰਿਆ” ਗੀਤ ਦੀ ਫਰਮਾਇਸ਼ ਕਰਦੇ ਰਹਿੰਦੇ।
ਪਿੰਡ ਦੇ ਜਿਨ੍ਹਾਂ ਪੁਰਾਣੇਂ ਖਿਡਾਰੀਆਂ ਨੂੰ ਵੇਖ ਕੇ ਨਿਰੰਜਨ ਨੇ ਖੇਡਣਾ ਸ਼ੁਰੂ ਕੀਤਾ ਉਹ ਸਨ:-ਚੌਧਰੀ ਚੈਨ ਸਿੰਘ,ਰਤਨ ਸਿੰਘ ਖਟਕੜ,ਹਰਬਲਾਸ,ਭਗਤ ਰਾਮ,ਗੁਰਦੇਵ ਖਹਿਰਾ,ਗੁਰਦੇਵ ਖਟਕੜ ਵੈਟਨਰੀ,ਗੁਰਬਖਸ਼ ਖਟਕੜ,ਗੁੱਜਰ ਸਿੰਘ ਖਟਕੜ,ਮਹਿੰਦਰ ਸਿੰਘ ਖਟਕੜ,ਅਜੀਤ ਰਾਮ ਗੁਰੂ,ਕ੍ਰਿਸ਼ਨ ਸਿੰਘ ਖਟਕੜ,ਇਕਬਾਲ ਸਿੰਘ ਖਰੜ ਵਾਲਾ,ਸ਼ਾਦੀ ਰਾਮ,ਕੈਪਟਨ ਗੁਰਮੀਤ ਸਿੰਘ ਖਟਕੜ,ਹੀਰਾ ਸਿੰਘ ਖਟਕੜ ਤੇ ਕੇਵਲ ਖਟਕੜ। ਉਪਰੋਕਤ ਖਿਡਾਰੀ ’55 ਤੋਂ 69 ਦੇ ਤਕੜੇ ਫ਼ੁੱਟਬਾਲ ਖਿਡਾਰੀ ਹੋਏ।
ਸੰਨ ’64 ਤੋਂ ’75 ਤੱਕ ਦੇ ਖਿਡਾਰੀਆਂ ਵਿੱਚ ਨਿਰੰਜਨ ਦਾਸ ,ਮਲਕੀਤ ਖਟਕੜ ਕੈਨੇਡਾ, ਬਲਿਹਾਰ ਖਟਕੜ ਕੈਨੇਡਾ,ਅਜੀਤ ਸਿੰਘ ਯੂ ਕੇ,ਪਰਮਲ ਖਹਿਰਾ, ਰਾਜਿੰਦਰ ਖਹਿਰਾ, ਹਰੀ ਦੇਵ, ਇਕਬਾਲ ਖਟਕੜ,ਹਰਭਜਨ ਖਟਕੜ ਉਰਫ਼ ਤਾਇਆ,ਰਾਮ ਕਿਸ਼ਨ,ਸੋਹਣ ਲਾਲ, ਬਾਰੂ ਰਾਮ,ਸੈਕਟਰੀ ਇਕਬਾਲ ਸਿੰਘ,ਕਸ਼ਮੀਰ ਸਿੰਘ ਖਰੜ,ਮੋਹਣ ਲਾਲ ,ਬੀਰੂ ਰਾਮ, ਰਾਮ ਲਾਲ ਤੇ ਦਰਸ਼ਣ ਖਟਕੜ ਸਾਥੀ ਖਿਡਾਰੀ ਸਨ।ਦਰਸ਼ਣ ਖਟਕੜ ਸਰਬ-ਸੰਮਤੀ ਨਾਲ ਕਈ ਸਾਲ ਪਿੰਡ ਦਾ ਸਰਪੰਚ ਵੀ ਰਿਹੈ।ਅੱਜਕੱਲ੍ਹ ਉਹ ਪਟਿਆਲੇ ਹੈ।
ਸੰਨ ’75 ਤੋਂ ’85 ਤੱਕ ਗੁਰਪਾਲ ਫ਼ੌਜ਼ੀ,ਸਰਬਜੀਤ ਸਰਬਾ,ਮਨਜੀਤ ਸਿੰਘ ਬਾਜਵਾ,ਸੁਰਜੀਤ ਸਿੰਘ ਢੀਡਸਾਂ,ਬਲਵੀਰ ਸਿੰਘ ਖਹਿਰਾ,ਅਸ਼ੋਕ ਸ਼ਰਮਾ,ਮਿੰਟੂ ਪੰਡਿਤ,ਦੇਸ ਰਾਜ, ਨਰਿੰਦਰ, ਬਖਸ਼ੀਸ਼ ਰਾਮ,ਰਾਮ ਲਾਲ,ਹੁਸਨ ਲਾਲ,ਬਲਵਿੰਦਰ ਰਾਣਾ ਡੀ ਪੀ ਈ,ਤੀਰਥ ਰਾਮ ਗੁਰੂ , ਗੁਰਨਾਮ ਸਿੰਘ ਗਾਮਾ, ਕੁਲਵੰਤ ਸਿੰਘ ਡਿਪਟੀ, ਮਨਜੀਤ ਸਿੰਘ, ਮਨਦੀਪ ਸਿੰਘ ਜੁਗਨੂੰ ਤੇ ਰੁਪਿੰਦਰ ਕੌਰ ਸੋਨੂੰ(ਨਿਰੰਜਨ ਦਾਸ ਦੇ ਬੇਟਾ ਤੇ ਬੇਟੀ),ਮੱਖਣ ਸਿੰਘ ਤੇ ਗੁਰਮੀਤ ਸਿੰਘ।ਨਿਰੰਜਨ ਦੀਆਂ ਪੈੜਾਂ ‘ਤੇ ਪੈਰ ਧਰਦੇ ਪਿੰਡ ਦੇ ਇਹ ਖਿਡਾਰੀ ਤਿਆਰ ਹੋਏ।ਜਰਮਨ ਦੀ ਧਰਤੀ ‘ਤੇ ਲੰਮੀਆਂ ਰੇਸਾਂ ਲਾਉਂਣ ਵਾਲਾ ਸੁੱਚਾ ਸਿੰਘ ਨਰ ਵੀ ਮੰਗੂਵਾਲ ਦਾ ਜੰਮ ਪਲ ਹੈ।
1995 ਤੋਂ 2005 ਦੇ ਇੰਦਰਜੀਤ ਬੱਬੂ, ਸੁਨੀਲ ਗੋਲਡੀ,ਮਨਦੀਪ ਸਿੰਘ ਜੁਗਨੂੰ, ਜਸਵੀਰ ਜੱਸੀ, ਸੰਨ੍ਹੀ ਤੇ ਮਨਜੀਤ ਮਨੀ(ਸਰਬਜੀਤ ਦੇ ਬੇਟੇ),ਵਿਜੈ ਕੁਮਾਰ, ਯਾਦਵਿੰਦਰ ਗੁਰੂ ਤੇ ਗੁਰਜਿੰਦਰ ਗੁਰੂ (ਦੋਵੇਂ ਗੁਰਪਾਲ ਫ਼ੌਜ਼ੀ ਦੇ ਬੇਟੇ) ਗੁਰਜਿੰਦਰ ਗੁਰੂ ਇਸ ਵੇਲੇ ਭਾਰਤੀ ਫ਼ੁੱਟਬਾਲ ਟੀਮ ਦਾ ਅਹਿਮ ਖਿਡਾਰੀ ਹੈ।ਉਹ ਟਾਟਾ ਫ਼ੁੱਟਬਾਲ ਅਕੈਡਮੀਂ ਝਾਰਖੰਡ,ਪੂਨਾ ਕਲੱਬ, ਗੋਆ ਦੇ ਸਲਗੋਕਰ ਕਲੱਬ ਤੇ ਭਾਰਤੀ ਕੈਂਪਾਂ ਵਿੱਚ ਖੇਡ ਰਿਹੈ।(ਗੁਰਜਿੰਦਰ ਗੁਰੂ ਦਾ ਲੇਖ ਵੀ ਜਲਦੀ ਲਿਖ ਰਿਹਾ ਹਾਂ)-ਲੇਖਕ।ਗੁਰਪਾਲ ਫ਼ੌਜ਼ੀ ਇਸ ਵੇਲੇ ਕਾਹਮਾ ਫ਼ੁੱਟਬਾਲ ਅਕੈਡਮੀਂ ਦਾ ਮੁੱਖ ਕੋਚ ਹੈ ਤੇ ਉਹ ਪਿੰਡ ਅਤੇ ਇਲਾਕੇ ‘ਚੋਂ ਵਧੀਆ ਵਧੀਆ ਖਿਡਾਰੀ ਪੈਦਾ ਕਰ ਰਿਹੈ।ਪਿੰਡ ਦੇ ਪੁਰਾਣੇਂ ਖਿਡਾਰੀ ਫ਼ੁੱਟਬਾਲ ਦੇ ਨਾਲ ਨਾਲ ਕਬੱਡੀ ਵੀ ਵਧੀਆ ਖੇਡਦੇ ਸਨ।ਉਪਰੋਕਤ ਸਾਰੇ ਖਿਡਾਰੀ ਪੰਜਾਬ ਅਤੇ ਭਾਰਤੀ ਟੀਮ ਦੇ ਤਕੜੇ ਖਿਡਾਰੀ ਹੋਏ ਹਨ ਤੇ ਨਿਰੰਜਨ ਦਾ ਆਸ਼ੀਰਵਾਦ ਸਮਝਦੇ ਹਨ।
ਨਿਰੰਜਨ ਨੇ ਦਿਨ ਰਾਤ ਗਰਾਂਊਡ ਵਿੱਚ ਸਖਤ ਤਪੱਸਿਆ ਕੀਤੀ।ਗੇਂਮ ਦੇ ਆਧਾਰ ‘ਤੇ ਪੰਜਾਬ ਪੁਲਿਸ ਮਹਿਕਮੇਂ ਨੇ ਉਹਨੂੰ ਨੌਕਰੀ ਦੀ ਪੇਸ਼ਕਸ ਕੀਤੀ ਪਰ ਬਹੁਤੀ ਤਰੱਕੀ ਨਾ ਮਿਲਦੀ ਵੇਖ ਨਾਂਹ ਕਰ ਦਿਤੀ।ਕਾਹਮੇਂ ਵਾਲਾ ਬਿਹਾਰੀ, ਹੈਡਮਾਸਟਰ ਗਿਆਨ ਸਿੰਘ ਜੱਬੋਵਾਲ ਤੇ ਮਹਾਲੋਂ ਵਾਲਾ ਵੀਰੀ੍ਹ ਉਹਦੇ ਨਾਲ ਖੇਡਦੇ ਰਹੇ।ਵੀਰ੍ਹੀ ਉਹਨੂੰ ਉਸਤਾਦ ਕਹਿ ਕੇ ਬੁਲਾਉਂਦਾ ਸੀ।ਪੰਜਾਬ ਦਾ ਕੋਈ ਹੀ ਅਜਿਹਾ ਖਿਡਾਰੀ ਹੋਵੇਗਾ ਜੇਹੜਾ ਨਿਰੰਜਨ ਨਾਲ ਨਾ ਖੇਡਿਆ ਹੋਵੇ।ਸ਼ਗਿਰਦਾਂ ਵਿੱਚੋਂ ਕੈਨੇਡਾ ਰਹਿੰਦੇ ਜੱਬੋਵਾਲ ਦੇ ਗਿਆਨ ਨਾਗਰਾ ਤੇ ਜੋਗਿੰਦਰ ਸਿੰਘ ਵੀ ਹਨ।ਨਿਰੰਜਨ ਦੀ ਤਕੜੀ ਗੇਂਮ ਸਦਕਾ ਸਾਰੇ ਖਿਡਾਰੀ ਬੜਾ ਮਾਣ ਦਿੰਦੇ ਤੇ ਹਰ ਤਰ੍ਹਾਂ ਨਾਲ ਖੜ੍ਹਦੇ।ਕਾਹਮੇਂ ਵਾਲੇ ਬਿਹਾਰੀ ਨੂੰ ਜਦੋਂ ਨਿਰੰਜਨ ਦੇ ਘਰ ਦੀ ਖਸਤਾ ਹਾਲਤ ਦਾ ਪਤਾ ਲੱਗਾ ਤਾਂ ਉਹਨੂੰ ਉਹਨੇ ਉਹਨਾਂ ਦੇ ਭੱਠੇ ਤੋਂ ਜਿੰਨੀਆਂ ਮਰਜ਼ੀ ਇੰਟਾਂ ਲੈ ਆਉਂਣ ਲਈ ਕਹਿ ਦਿਤਾ।ਗਰੀਬੀ ਵੀ ਰੱਜ ਕੇ ਵੇਖੀ। ਸਾਇਕਲ ਨਹੀਂ ਸੀ ਹੁੰਦਾ।ਕਈ ਵਾਰ ਤੁਰ ਕੇ ਬੰਗੀ ਪੜ੍ਹਨ ਜਾਣਾ ਤੇ ਕਈ ਵਾਰ ਬਿਨਾਂ ਕਿਰਾਇਆ ਖਟਕੜਾਂ ਤੋਂ ਟਰੇਨ ਫੜ ਬੰਗੀ ਜਾ ਉਤਰਨਾ।ਪੈਸੇ ਦੀ ਬੜੀ ਤੰਗੀ ਸੀ।
ਮੇਰੇ ਗੁਆਂਢੀ ਪਿੰਡ ਭੀਣ ਦੇ ਹਾਈ ਸਕੂਲੇ ਉਹਨੇ 1979 ‘ਚ ਸਰੀਰਕ ਸਿਖਿਆ ਵਿਭਾਗ ਦੀ ਨੌਕਰੀ ਸੰਭਾਲੀ।ਮੈਂ ਪਿੰਡੋਂ ਨਵੇਂ ਸ਼ਹਿਰ ਨੂੰ ਘੁੰਮਣ-ਫਿਰਨ ਨਿਕਲਣਾ ਤੇ ਉਹਨੇ ਮੇਰੇ ਪਿੰਡ ਵਿੱਚੋਂ ਲੰਘ ਕੇ ਮੰਗੂਵਾਲ ਨੂੰ ਜਾਣਾ।ਲਹਿਰਾਉਦੀਆਂ ਫ਼ਸਲਾਂ ‘ਚੀ ਉਹਨੇ ਉਚੀ ਉਚੀ ਹੇਕਾਂ ਲਾਉਦੇਂ ਸੰਤ ਰਾਮ ਉਦਾਸੀ ਦੇ ਗੀਤ ਗਾਉਂਦੇ ਜਾਣਾ।ਮੈਨੂੰ ਵੇਖ “ਛੋਟੇ ਕੀ ਹਾਲ ਐ…?” ਕਹਿ ਕੇ ਫਿਰ ਗੀਤ ਸ਼ੁਰੂ ਕਰ ਦੇਣਾ।ਗੋਰਾ ਚਿੱਟਾ ਰੰਗ।ਭੂਰੀਆਂ ਮੁੱਛਾਂ-ਦਾਹੜੀ ।ਵਧੀਆ ਸੇਹਿਤ।ਕਾਲੀ ਪੱਗ ਹੇਠ ਲਾਲ ਪੱਟੀ ਬੰਨ੍ਹੀ ਕੇ ਬਣਦਾ ਫ਼ਬਦਾ ਜੁਆਨ ਸੀ।
ਕੁਝ ਸਾਲ ਉਥੇ ਪੜ੍ਹਾਉਂਣ ਤੋਂ ਬਾਅਦ ਫਿਰ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਨੌਕਰੀ ਦੀ ਸੇਵਾ ਸੰਭਾਲੀ।ਉਥੇ ਹੀ 1991 ਤੋਂ ਲੈਕਚਰਾਰ ਪ੍ਰਮੋਟ ਹੋਇਆ ਤੇ ਅਠਾਈ ਸਾਲ ਨੌਕਰੀ ਕਰਨ ਤੋਂ ਬਾਅਦ 2006 ‘ਚ ਰਿਟਾਇਰ ਹੋਇਆ।ਜਿਸ ਹਾਈ ਸਕੂਲੋਂ ਉਹਨੇ ਕਦੇ ਦਸਵੀਂ ਕੀਤੀ ਸੀ, ਉਥੇ ਹੀ ਲੈਕਚਰਾਰ ਲੱਗਾ ਤੇ ਉਥੋਂ ਹੀ ਸੇਵਾ ਮੁੱਕਤ ਹੋਇਆ।
5 ਮਾਰਚ ’78 ‘ਚ ਬੱਸੀ-ਮੁੱਦਾ (ਨਜ਼ਦੀਕ ਹੁਸ਼ਿਆਰਪੁਰ)ਦੀ ਕਮਲਜੀਤ ਕੌਰ ਨਾਲ ਆਪ ਸ਼ਾਦੀ ਦੇ ਬੰਦਨ ‘ਚ ਬੰਨ੍ਹੇ ਗਏ।ਆਪ ਦੇ ਮਿਸਿਜ਼ ਕਮਲਜੀਤ ਕੌਰ ਵੀ ਲੈਕਚਰਾਰ ਸਨ।ਆਪ ਦੇ ਦੋ ਬੱਚੇ, ਲੜਕਾ ਤੇ ਲੜਕੀ।ਬੇਟੇ ਮਨਦੀਪ ਸਿੰਘ ‘ਜੁਗਨੂੰ’ ਨੂੰ ਉਹ ਨਾਮਵਰ ਫ਼ੁੱਟਬਾਲ ਖਿਡਾਰੀ ਬਣਾਉਂਣਾ ਚਾਹੁੰਦਾ ਸੀ।ਗਰਾਂਊਂਡ ਵਿੱਚ ਲਿਜਾ ਕੇ ਬੇਟੀ, ਬੇਟੇ ਦੀ ਆਪ ਤਿਆਰੀ ਕਰਾਉਂਦਾ।ਬੇਟਾ ਚਾਰ ਵਾਰ ਨੈਸ਼ਨਲ ਖੇਡਣ ਤੋਂ ਇਲਾਵਾ ਆਲ ਇੰਡੀਆ ਇੰਟਰ-ਯੂਨੀਵਰਸਿਟੀ ਲਾਇਲਪੁਰ ਖਾਲਸਾ ਕਾਲਜ਼ ਵਲੋਂ ਖੇਡਿਆ ਅਤੇ ਸਪੋਰਟਸ ਵਿੰਗ ਮਾਹਿਲਪੁਰ ਤੋਂ + 2 ਕੀਤੀ।ਬੇਟੀ ਰੁਪਿੰਦਰ ਕੌਰ ਸੋਨੂੰ ਯੂਨੀਵਰਸਿਟੀ ਦੀ ਤਕੜੀ ਅਥਲੀਟ ਬਣੀ।ਬੇਟੀ ਬੇਟਾ ਦੋਨੋਂ ਟਰਾਂਟੋਂ ਪਹੁੰਚ ਗਏ।ਰਿਟਾਇਰਮੈਂਟ ਤੋਂ ਬਾਅਦ ਪਤੀ-ਪਤਨੀ ਪੱਕੇ ਤੌਰ ‘ਤੇ ਬੇਟੀ,ਬੇਟੇ ਕੋਲ ਕੈਨੇਡਾ ਆ ਗਏ।
ਵੱਡੇ ਵੀਰ ਗਿਆਨ ਸਿੰਘ ਨਾਲ ‘ਕੱਠੇ ਖੇਡਦੇ ਤੇ ਪਿਆਰ ਕਰਕੇ ਦੋ ਕੁ ਸਾਲ ਪਹਿਲਾਂ ਟਰਾਂਟੋ ਕਿਸੇ ਵਿਆਹ-ਸਮਾਗਮ ‘ਤੇ ਗਇਆ ਹੋਣ ਕਰਕੇ ਮੈਂ ਤੇ ‘ਪਿਸਟੂ ਸਟੂਡੀਓੁ” ਵਾਲਾ ਗੁਰਸ਼ਿੰਦਰ ਸ਼ਿੰਦਾ ਨਿਰੰਜਨ ਨੂੰ ਮਿਲਣ ਗਏ।ਨਿਰੰਜਨ ਨੂੰ ਵੇਖ ਕੇ ਹੈਰਾਨ ਰਹਿ ਗਿਆ।ਕਿਥੇ ਉਹ ਤੇ ਕਿਥੇ ਆਹ ਨਿਰੰਜਨ।ਕਮਜ਼ੋਰ ਸੇਹਿਤ ਵੇਖ ਕੇ ਮਨ ਬਹੁਤ ਦੁਖੀ ਹੋਇਆ।ਸ਼ਿੰਦਾ ਤੇ ਨਿਰੰਜਨ ਪੁਰਾਣੇ ਖਿਡਾਰੀਆਂ ਦੀਆਂ ਗੱਲਾਂ ਕਰੀ ਗਏ।ਮੈਂ ਸੁਣੀਂ ਗਿਆ:-“ਇਕਬਾਲ ਸਿੰਹਾਂ, ਤੇਰਾ ਵੀਰਾ ਗਿਆਨ ਸੁੰਹ ਵੀ ਤਕੜਾ ਖਿਡਾਰੀ ਸੀ, ਇਕ ਵਾਰ ਉਹਨਾਂ ਨਾਲ ਨਵਾਂ-ਸ਼ਹਿਰ ਦੀ ਗਰਾਂਊਂਡ ਵਿੱਚ ਬੜਾਂ ਫ਼ਸਵਾਂ ਮੈਚ ਹੋਇਆ, ਗਿਆਨ ਸਟਾਪਰ ਖੇਡਦਾ ਸੀ ਮਜ਼ਾਲ ਐ ਕੋਈ ਨੇੜੇ ਫ਼ੜਕ ਵੀ ਜਾਂਦਾ, ਬਰਾਬਰ ਰਿਹਾ ਸੀ ਉਹ ਮੈਚ।” ਬੜੇ ਧਿਆਨ ਨਾਲ ਸੁਣੀਆਂ ਮੈਂ ਉਹਦੀਆਂ ਗੱਲਾਂ।ਪਤਾ ਨਹੀਂ ਸੀ ਕਿ ਏਹ ਆਖਰੀ ਮੁਲਾਕਾਤ ਹੈ।
ਉਮਰ ਦੇ ਲਿਹਾਜ਼ ਨਾਲ ਨਿਰੰਜਨ ਨੂੰ ਬੀਮਾਰੀਆਂ ਘੇਰਨ ਲੱਗ ਪਈਆਂ।ਹਸਪਤਾਲ ‘ਚ ਇਲਾਜ਼ ਚੱਲਣ ਲੱਗ ਪਿਆ।ਜਿੰਦਗੀ ਦੀਆਂ ਤੰਗੀਆਂ, ਉਤਰਾ-ਚੜ੍ਹਾਅ ਤੇ ਹਰ ਰੰਗ ਵੇਖਣ ਵਾਲਾ ਨਿਰੰਜਨ ਦਾਸ 5 ਅਕਤੂਬਰ 2016 ਨੂੰ 70 ਸਾਲ ਦੀ ਉਮਰ ਭੋਗ ਕੇ ਭਰੇ ਪਰਿਵਾਰ,ਯਾਰਾਂ-ਦੋਸਤਾਂ ਤੇ ਖੇਡ ਦੁਨੀਆਂ ਤੋਂ ਹਮੇਸ਼ਾਂ ਹਮੇਸ਼ਾਂ ਲਈ ਚਲਦਾ ਬਣਿਆ।
(ਇਕਬਾਲ ਸਿੰਘ ਜੱਬੋਵਾਲੀਆ)