ਪੰਜਾਬ ਤੇ ਹਰਿਆਣਾ ‘ਚ ਠੰਢ ਤੇ ਧੁੰਦ ਦਾ ਜ਼ੋਰ ਬਰਕਰਾਰ; 15 ਫਰਵਰੀ ਤੱਕ ਪੰਜ ਰੇਲ ਗੱਡੀਆਂ ਰੱਦ

fogdsds

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿਚ ਠੰਢੀਆਂ ਹਵਾਵਾਂ ਦਾ ਜ਼ੋਰ ਬਰਕਰਾਰ ਹੈ ਜਦੋਂ ਕਿ ਸੰਘਣੀ ਧੁੰਦ ਦੀ ਚਾਦਰ ਕਾਰਨ ਦੋਹਾਂ ਸੂਬਿਆਂ ਵਿਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਸੰਘਣੀ ਧੁੰਦ ਕਾਰਨ ਸੜਕੀ, ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਅੰਮ੍ਰਿਤਸਰ 1.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸੰਘਣੀ ਧੁੰਦ ਕਾਰਨ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਕਰਨਾਲ ਅਤੇ ਅੰਬਾਲਾ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਰਿਆਣਾ ਨਾਰਨੌਲ 1.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ ਜੋ ਕਿ ਆਮ ਨਾਲੋਂ ਚਾਰ ਦਰਜੇ ਘੱਟ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿਚ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹਾਲਾਂਕਿ ਸੂਰਜ ਚਮਕਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਲੁਧਿਆਣਾ ਵਿਚ ਘੱਟੋ ਘੱਟ ਤਾਪਮਾਨ 5 ਡਿਗਰੀ ਜਦੋਂ ਕਿ ਪਟਿਆਲਾ ਵਿਚ 5.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦੋਂਕਿ ਹਿਸਾਰ ਅਤੇ ਕਰਨਾਲ ਵਿਚ ਘੱਟੋ ਘੱਟ ਤਾਪਮਾਨ 3.4 ਅਤੇ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਵਿਚ ਘੱਟੋ ਘੱਟ ਤਾਪਮਾਨ 5.2 ਡਿਗਰੀ ਰਿਕਾਰਡ ਕੀਤਾ ਗਿਆ। ਦੋਹਾਂ ਸੂਬਿਆਂ ਵਿਚ ਵੱਧ ਤੋਂ ਵੱਧ ਤਾਪਮਾਨ 12 ਤੋਂ 20 ਡਿਗਰੀ ਸੈਲਸੀਅਸ ਵਿਚਾਲੇ ਰਿਹਾ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿਚ ਵੀ ਸਵੇਰੇ ਸੰਘਣੀ ਧੁੰਦ ਪੈਣ ਕਾਰਨ ਹਵਾਈ, ਰੇਲ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ। ਸੰਘਣੀ ਧੁੰਦ ਕਾਰਨ ਇਥੇ 27 ਉਡਾਣਾਂ ਤੇ ਕਰੀਬ 90 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ। ਰਾਜਧਾਨੀ ਦਿੱਲੀ ਵਿਚ ਘੱਟੋ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਘੱਟ ਰਿਹਾ।

ਧੂਰੀ ਰੇਲਵੇ ਜੰਕਸ਼ਨ ਦੇ ਸਟੇਸ਼ਨ ਸੁਪਰਡੈਂਟ ਸ੍ਰੀ ਮਹੇਸ਼ ਪਟੇਲ ਨੇ ਦੱਸਿਆ ਕਿ ਚੱਲ ਰਹੇ ਖ਼ਰਾਬ ਮੌਸਮ ਤੇ ਧੁੰਦ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਵਿਭਾਗ ਵੱਲੋਂ 1 ਜਨਵਰੀ ਤੋਂ 15 ਫਰਵਰੀ ਤੱਕ ਧੂਰੀ ਰੇਲਵੇ ਜੰਕਸ਼ਨ ਤੋਂ ਲੰਘਣ ਵਾਲੀਆਂ ਪੰਜ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੱਡੀ ਨੰਬਰ 12037 ਸ਼ਤਾਬਦੀ ਐਕਸਪ੍ਰੈੱਸ ਨਵੀਂ ਦਿੱਲੀ ਤੋਂ ਲੁਧਿਆਣਾ ਵਾਇਆ ਧੂਰੀ ਤੇ 12038 ਸ਼ਤਾਬਦੀ ਐਕਸਪ੍ਰੈੱਸ ਲੁਧਿਆਣਾ ਤੋਂ ਦਿੱਲੀ ਵਾਇਆ ਧੂਰੀ, ਗੱਡੀ ਨੰਬਰ 14525 ਇੰਟਰਸਿਟੀ ਐਕਸਪ੍ਰੈੱਸ ਅੰਬਾਲਾ ਕੈਂਟ ਤੋਂ ਸ੍ਰੀ ਗੰਗਾਨਗਰ ਵਾਇਆ ਧੂਰੀ ਤੇ 14526 ਇੰਟਰਸਿਟੀ ਐਕਸਪ੍ਰੈੱਸ ਸ੍ਰੀ ਗੰਗਾਨਗਰ ਤੋਂ ਅੰਬਾਲਾ ਕੈਂਟ ਵਾਇਆ ਧੂਰੀ, ਗੱਡੀ ਨੰਬਰ 19613 ਅਜਮੇਰ ਤੋਂ ਅੰਮ੍ਰਿਤਸਰ ਵਾਇਆ ਧੂਰੀ ਤੇ 19614 ਅੰਮ੍ਰਿਤਸਰ ਤੋਂ ਅਜਮੇਰ ਐਕਸਪ੍ਰੈੱਸ ਵਾਇਆ ਧੂਰੀ, ਗੱਡੀ ਨੰਬਰ 54765 ਪੈਸੰਜ਼ਰ ਧੂਰੀ ਬਠਿੰਡਾ ਤੇ 54766 ਪੈਸੰਜਰ ਬਠਿੰਡਾ ਧੂਰੀ, ਗੱਡੀ ਨੰਬਰ 14713 ਸ੍ਰੀ ਗੰਗਾਨਗਰ ਤੋਂ ਜੰਮੂ ਤਵੀ ਬਰਾਸਤਾ ਧੂਰੀ ਤੇ ਗੱਡੀ ਨੰਬਰ 14714 ਜੰਮੂ ਤਵੀ ਤੋਂ ਸ੍ਰੀ ਗੰਗਾਨਗਰ ਬਰਾਸਤਾ ਧੂਰੀ ਰੱਦ ਕੀਤੀਆਂ ਗਈਆਂ ਹਨ।

Install Punjabi Akhbar App

Install
×