ਵਿਕਟੌਰੀਆ ਅਤੇ ਦੱਖਣੀ ਆਸਟ੍ਰੇਲੀਆ ਰਾਜਾਂ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਹੜ੍ਹਾਂ ਕਾਰਨ ਆਪਾਤਕਾਲੀਨ ਸਥਿਤੀਆਂ ਬਣੀਆਂ ਹੋਈਆਂ ਹਨ। ਪ੍ਰਸ਼ਾਸਨ ਅਲਰਟ ਤੇ ਹੈ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਲਗਾਤਾਰ ਖਾਲੀ ਕਰਵਾਇਆ ਜਾ ਰਿਹਾ ਹੈ।
ਵਿਕਟੌਰੀਆ ਦੇ ਮਿਲਡੂਰਾ ਵਿੱਚ ਇਸ ਸਮੇਂ ਬੀਤੇ 70 ਸਾਲਾਂ ਨਾਲੋਂ ਵੀ ਮਾੜੀ ਸਥਿਤੀ ਚੱਲ ਰਹੀ ਹੈ ਅਤੇ ਇੱਥੇ ਨਦੀਆਂ ਦਾ ਪਾਣੀ 38.4 ਮੀਟਰ ਤੱਕ ਪਹੁੰਚ ਚੁਕਿਆ ਹੈ।
ਦੱਖਣੀ ਆਸਟ੍ਰੇਲੀਆ ਰਾਜ ਦੀਆਂ ਆਪਾਤਕਾਲੀਨ ਸੇਵਾਵਾਂ (The South Australian State Emergency Service (SASES)) ਵੀ ਇਸ ਸਮੇਂ ਪੂਰੇ ਅਲਰਟ ਤੇ ਹਨ ਅਤੇ ਵਿਭਾਗ ਦਾ ਕਹਿਣਾ ਹੈ ਕਿ ਮੁੱਰੇ ਨਦੀ ਵਿੱਚ ਪਾਣੀ ਦਾ ਸਤਰ ਵਧਣ ਕਾਰਨ ਇਸ ਵਾਰੀ ਕ੍ਰਿਸਮਿਸ ਦੇ ਤਿਉਹਾਰ ਤੋਂ ਲੈ ਕੇ ਨਵੇਂ ਸਾਲ ਜਨਵਰੀ ਦੇ ਮਹੀਨੇ ਤੱਕ ਵੀ ਹੜ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਭਾਗੀ ਸੂਚਨਾਵਾਂ ਮੁਤਾਬਿਕ, ਅੱਜ ਸ਼ਾਮ 7 ਵਜੇ ਤੋਂ ਮੁੱਰੇ ਨਦੀ ਵਿੱਚ ਪਾਣੀ ਹੋਰ ਵੀ ਵਧਣਾ ਸ਼ੁਰੂ ਹੋ ਜਾਵੇਗਾ ਅਤੇ ਇਯੇ ਕਾਰਨ ਮਾਈਪੋਲੌਂਗਾ ਤੋਂ ਲੈ ਕੇ ਟੇਲਮ ਬੈਂਡ ਤੱਕ ਦੇ ਖੇਤਰਾਂ ਵਿੱਚ ਹਾਈ ਅਲਰਟ ਰੱਖਿਆ ਗਿਆ ਹੈ ਅਤੇ ਇਸ ਵਿੱਚ ਮੁੱਰੇ ਬ੍ਰਿੱਜ ਦਾ ਖੇਤਰ ਵੀ ਖਾਸ ਤੌਰ ਤੇ ਆਉਂਦਾ ਹੈ।
ਇਸਤੋਂ ਇਲਾਵਾ ਰੈਨਮਾਰਕ (ਦਿਸੰਬਰ 24 ਤੋਂ 31 ਤੱਕ); ਬੈਰੀ (ਦਿਸੰਬਰ 25 ਤੋਂ ਜਨਵਰੀ 05 ਤੱਕ): ਵਾਇਕੇਰੀ (ਜਨਵਰੀ 1 ਤੋਂ 12 ਤੱਕ); ਸਵੈਨ ਰੀਚ (ਜਨਵਰੀ 5 ਤੋਂ 16 ਤੱਕ) ਅਤੇ ਮੁੱਰੇ ਬ੍ਰਿੱਜ (ਜਨਵਰੀ 6 ਤੋਂ 17 ਤੱਕ) ਹਾਈ ਅਲਰਟ ਤੇ ਰੱਖੇ ਗਏ ਹਨ।