ਦੱਖਣੀ ਆਸਟ੍ਰੇਲੀਆ ਦੀ ਮੁਰੇ ਨਦੀ ਵਿੱਚ ਪਾਣੀ ਦਾ ਲਗਾਤਾਰ ਵਾਧਾ, ਸਥਾਨਕ ਖੇਤਰਾਂ ਵਿੱਚ ਹੜ੍ਹਾਂ ਦਾ ਕਾਰਨ ਬਣਿਆ ਹੋਇਆ ਹੈ ਅਤੇ ਇਸ ਕਾਰਨ ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਜਾਣਾ ਪੈ ਰਿਹਾ ਹੈ ਅਤੇ ਸਥਿਤੀਆਂ ਬਹੁਤ ਜ਼ਿਆਦਾ ਨਾਜ਼ੁਕ ਬਣੀਆਂ ਹੋਈਆਂ ਹਨ।
ਐਡੀਲੇਡ ਤੋਂ 80 ਕਿਲੋ ਮੀਟਰ ਦੀ ਦੂਰ ਤੇ ਸਥਿਤ ਮੈਨਮ ਵਰਗੇ ਟਾਊਨ ਵਿੱਚ ਤਾਂ ਸਥਿਤੀਆਂ ਅਜਿਹੀਆਂ ਹਨ ਕਿ ਕਈ ਖੇਤਰਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਵਾਸਤੇ ਗਲੀਆਂ ਪੁੱਟੀਆਂ ਜਾ ਰਹੀਆਂ ਹਨ ਅਤੇ ਆਰਜ਼ੀ ਤੌਰ ਤੇ ਮਿੱਟੀ ਦੇ ਬੰਨ੍ਹ ਬਣਾਏ ਜਾ ਰਹੇ ਹਨ ਤਾਂ ਕਿ ਹੜ੍ਹਾਂ ਦੇ ਪਾਣੀ ਨੂੰ ਸਥਾਨਕ ਖੇਤਰ ਵਿੱਚ ਵੜਨ ਹੀ ਨਾ ਦਿੱਤਾ ਜਾਵੇ ਅਤੇ ਕਿਸੇ ਹੋਰ ਵਾਸੇ ਛੱਡਿਆ ਜਾ ਸਕੇ।
ਪ੍ਰੀਮੀਅਰ ਪੀਟਰ ਮੈਲੀਨਾਸਕਸ ਨੇ ਹਾਲੇ ਬੀਤੇ ਕੱਲ੍ਹ ਹੀ 51.6 ਮਿਲੀਅਨ ਡਾਲਰਾਂ ਦੀ ਮਦਦ ਦੇ ਪੈਕੇਜ ਦਾ ਐਲਾਨ ਕੀਤਾ ਹੈ ਪਰੰਤੂ ਹੜ੍ਹਾਂ ਵਾਲੀ ਸਥਿਤੀ ਹੋਰ ਵੀ ਵਿਗੜਦੀ ਜਾ ਰਹੀ ਹੈ।
ਪ੍ਰੀਮੀਅਰ ਨੇ ਇਹ ਵੀ ਕਿਹਾ ਹੈ ਕਿ ਸਥਾਨਕ ਨਦੀਆਂ ਵਿੱਚ ਹਾਲੇ ਅਗਲੇ ਸਾਲ 2023 ਤੱਕ ਪਾਣੀ ਵਧਿਆ ਹੀ ਰਹੇਗਾ ਅਤੇ ਇਸ ਕਾਰਨ ਹੜ੍ਹਾਂ ਵਾਲੀਆਂ ਹੋਰ ਵੀ ਨਾਜ਼ੁਕ ਸਥਿਤੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਵਾਸਤੇ ਸਰਕਾਰ ਨੇ ਮਾਲ਼ੀ ਮਦਦ ਦੇਣ ਦਾ ਐਲਾਨ ਵੀ ਕੀਤਾ ਹੈ ਤਾਂ ਜੋ ਆਪਣੇ ਘਰਾਂ ਆਦਿ ਦੀ ਸੁਰੱਖਿਆ ਸਮਾਂ ਰਹਿੰਦਿਆਂ ਕੀਤਾ ਜਾ ਸਕੇ।
ਜ਼ਿਕਰਯੋਗ ਇਹ ਵੀ ਹੈ ਕਿ ਰਾਜ ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਤੋਂ ਹੀ ਅਜਿਹੇ ਰਾਹਤ ਕਾਰਜਾਂ ਵਿੱਚ ਰੁਝਿਆ ਹੋਇਆ ਹੈ ਅਤੇ ਇਸ ਉਪਰ ਵੀ ਸਰਕਾਰ ਦੇ ਕਈ ਮਿਲੀਅਨ ਡਾਲਰਾਂ ਦੇ ਬਜਟ ਦਾ ਖਰਚਾ ਹੋ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।