ਟਰਾਪੀਕਲ ਅਸਮਾਨਤਾ ਕਾਰਨ ਕਈ ਰਾਜਾਂ ਵਿੱਚ ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ

ਉਤਰੀ ਆਸਟ੍ਰੇਲੀਆ ਵਿੱਚ ਇਸ ਹਫ਼ਤੇ, ਖੰਡੀ ਅਸਮਾਨਤਾ ਕਾਰਨ, ਮੌਸਮ ਦਾ ਮਿਜਾਜ਼ ਵਿਗੜਿਆ ਹੋਇਆ ਹੈ ਅਤੇ ਨਾਰਦਰਨ ਟੈਰਿਟਰੀ ਦੇ ਨਾਲ ਨਾਲ ਕੁਈਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਅੰਦਰ, ਮੌਸਮ ਵਿਭਾਗ ਵੱਲੋਂ ਹੜ੍ਹ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਚੁਕੀਆਂ ਹਨ। ਮੌਸਮ ਦੇ ਇਸ ਪ੍ਰਭਾਵ ਅਧੀਨ ਪੱਛਮੀ ਅਸਟ੍ਰੇਲੀਆ ਦੇ ਕਿੰਬਰਲੇਅ ਖੇਤਰ ਵਿੱਚ ਹੜ੍ਹਾਂ ਦੇ ਨਾਲ ਨਾਲ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਭਾਰੀ ਤੂਫ਼ਾਨਾਂ ਕਾਰਨ ਜੀਵਨ ਪ੍ਰਭਵਿਤ ਹੋ ਸਕਦਾ ਹੈ।
ਟਰਾਪੀਕਲ ਅਸਮਾਨਤਾ ਕਾਰਨ ਭਾਰੀ ਵਰਖਾ ਅਤੇ ਤੂਫ਼ਾਨ ਦਾ ਆਗਮਨ, ਮੌਸਮ ਵਿਗਿਆਨੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਤੂਫ਼ਾਨ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ।
ਇਸ ਕਾਰਨ ਦੇਸ਼ ਦੇ ਪੱਛਮੀ ਖੇਤਰ ਅਤੇ ਮੱਧ ਭਾਗ ਅੰਦਰ, ਆਉਣ ਵਾਲੇ 4-5 ਦਿਨਾਂ ਅੰਦਰ, 50 ਤੋਂ 150 ਮਿਲੀ ਮੀਟਰ ਤੱਕ ਵਰਖਾ ਹੋਣ ਦੀਆਂ ਸੰਭਾਵਨਾਵਾਂ ਹਨ। ਇਸੇ ਕਾਰਨ ਹੜ੍ਹਾਂ ਦੀਆਂ ਚਿਤਾਵਨੀਆਂ -ਪ੍ਰਭਾਵਿਤ ਹੋਣ ਵਾਲੇ ਅਨੁਮਾਨਿਤ ਖੇਤਰਾਂ ਵਿੱਚ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਚੇਤੰਨ ਰਹਿਣ ਨੂੰ ਕਿਹਾ ਜਾ ਰਿਹਾ ਹੈ।
ਮੌਸਮ ਸਬੰਧੀ ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।