ਫੈਡਰਲ ਸਰਕਾਰ ਵੱਲੋਂ ਨਿਊ ਸਾਊਥ ਵੇਲਜ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫੌਰਨ ਮਾਲੀ ਰਾਹਤ ਮਨਜ਼ੂਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਐਲਾਨ ਨਾਮੇ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਰਾਜ ਅੰਦਰ ਹੋ ਰਹੀ ਹੜ੍ਹਾਂ ਕਾਰਨ ਤਬਾਹੀ ਵਿੱਚ ਜਿਹੜੇ ਲੋਕ ਪ੍ਰਭਾਵਿਤ ਹੋਏ ਹਨ ਉਨ੍ਹਾਂ ਲਈ ਫੈਡਰਲ ਸਰਕਾਰ ਨੇ ਫੌਰਨ ਮਾਲੀ ਮਦਦ (Australian Government Disaster Recovery Payment and Disaster Recovery Allowance) ਦਾ ਐਲਾਨ ਕੀਤਾ ਹੈ। ਇੱਕੋ ਵਾਰੀ ਦਿੱਤੀ ਜਾਣ ਵਾਲੀ ਇਹ ਮਾਲੀ ਮਦਦ ਬਾਲਿਗਾਂ ਲਈ 1,000 ਡਾਲਰ ਅਤੇ ਬੱਚਿਆਂ ਵਾਸਤੇ 400 ਡਾਲਰਾਂ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ ਅਤੇ ਇਹ ਰਕਮ ਹੁਣ ਡੀ.ਆਰ.ਏ. ਵੱਲੋਂ ਵੀ ਲਈ ਜਾ ਸਕਦੀ ਹੈ ਅਤੇ ਅਗਲੇ 13 ਹਫ਼ਤਿਆਂ ਤੱਕ ਇਹ ਜਾਰੀ ਰਹੇਗੀ। ਪ੍ਰਧਾਨ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਕਤ ਰਕਮ ਰਾਜ ਦੇ 18 ਸਥਾਨਕ ਖੇਤਰਾਂ (ਅਰਮੀਡੇਲ, ਬੈਲਿੰਗੇਨ, ਸੈਂਟਰਲ ਕੋਸਟ, ਸੇਸਨੋਕ ਸਿਟੀ, ਕਲੇਰੈਂਸ ਵੈਲੀ, ਕਾਫਸ ਹਾਰਬਰ, ਡੰਗੋਗ, ਹਾਕਸਬਰੀ, ਕੈਂਪਸੀ, ਲੇਕ ਮੈਕੁਰੀ, ਮੈਟਲੈਂਡ ਸਿਟੀ, ਮਿਡ-ਕੋਸਟ, ਨੈਂਬੁਕਾ ਵੈਲੀ, ਨਿਊਕਾਸਲ ਸਿਟੀ, ਪੋਰਟ ਮੈਕੂਰੀ-ਹੇਸਟਿੰਗਜ਼, ਪੈਨਰਿਥ, ਪੋਰਟ ਸਟੀਫਨਜ਼ ਅਤੇ ਟੈਂਟਰਫੀਲਡ) ਲਈ ਜਾਰੀ ਕੀਤੀ ਗਈ ਹੈ ਜਿੱਥੇ ਕਿ ਲੋਕਾਂ ਦੇ ਕਾਫੀ ਨੁਕਸਾਨ ਹੋਇਆ ਹੈ -ਹੜ੍ਹ ਕਾਰਨ ਘਰ ਟੁੱਟ ਗਏ ਹਨ ਜਾਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਹਨ।
ਉਨ੍ਹਾਂ ਜਨਤਕ ਤੌਰ ਤੇ ਆਪਣੇ ਉਕਤ ਐਲਾਨਨਾਮੇ ਵਿੱਚ ਇਹ ਵੀ ਕਿਹਾ ਲੋਕ 180 22 66 ਉਪਰ ਕਾਲ ਕਰਕੇ ਵੀ ਆਪਣੇ ਨੁਕਸਾਨ ਬਾਰੇ ਵਿਸਤਾਰ ਸਹਿਤ ਜਾਣਕਾਰੀ ਦੇ ਸਕਦੇ ਹਨ ਅਤੇ ਮਿਲ ਰਹੀ ਉਕਤ ਰਕਮ ਨੂੰ ਪ੍ਰਾਪਤ ਕਰ ਸਕਦੇ ਹਨ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੀ ਇਸ ਕੰਮ ਵਿੱਚ ਹੀ ਲੱਗਿਆ ਹੈ ਕਿ ਲੋਕਾਂ ਨੂੰ ਇਹ ਮਦਦ ਬਿਨ੍ਹਾਂ ਕਿਸੇ ਦੇਰੀ ਦੇ ਫੌਰਨ ਪ੍ਰਦਾਨ ਕੀਤੀ ਜਾ ਸਕੇ ਅਤੇ ਇਸ ਵਾਸਤੇ ਹਰ ਤਰ੍ਹਾਂ ਦੇ ਵਾਜਿਬ ਕਦਮ ਚੁੱਕੇ ਵੀ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਪਰੋਕਤ ਜੋ 18 ਖੇਤਰ ਫੈਡਰਲ ਸਰਕਾਰ ਨੇ ਮਦਦ ਲਈ ਸੂਚੀ ਵਿੱਚ ਲਏ ਹਨ, ਉਨ੍ਹਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ।
ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੇਵਿਡ ਲਿਟਲਪਰਾਉਡ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਉਕਤ ਮਦਦ ਨਾਲ ਆਪਣਾ ਘਰ ਗਵਾ ਚੁਕੇ ਅਤੇ ਜਾਂ ਫੇਰ ਹੋਰ ਮਾਲੀ ਨੁਕਸਾਨ ਝੇਲਣ ਵਾਲੇ ਲੋਕਾਂ ਨੂੰ ਫੌਰੀ ਤੌਰ ਤੇ ਰਾਹਤ ਮਿਲੇਗੀ ਅਤੇ ਨੁਕਸਾਨ ਵਿੱਚੋਂ ਉਭਰਨ ਦਾ ਜ਼ਰੀਆ ਮਿਲੇਗਾ।

Install Punjabi Akhbar App

Install
×