ਮੌਸਮ ਦੀ ਖਰਾਬੀ ਕਾਰਨ ਕਈ ਫਲਾਈਟਾਂ ਰੱਦ, ਹਵਾਈ ਅੱਡਿਆਂ ਤੇ ਜਮਾਂ ਹੋਈ ਭੀੜ….

ਮਹਾਰਾਣੀ ਐਲਿਜ਼ਾਬੈਥ-2 ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਆਸਟ੍ਰੇਲੀਆ ਅੰਦਰ ਕੌਮੀ ਪੱਧਰ ਉਪਰ ਸੋਗ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਛੁੱਟੀ ਵੀ ਕੀਤੀ ਗਈ ਹੈ। ਲੋਕ ਇਸ ਛੁੱਟੀ ਦਾ ਫਾਇਦਾ ਲੰਬਾ ਵੀਕਐਂਡ ਮਨਾਉਣ ਦੀਆਂ ਤਿਆਰੀਆਂ ਕਰਕੇ, ਉਠਾ ਰਹੇ ਹਨ ਅਤੇ ਆਪੋ ਆਪਣੇ ਟਿਕਾਣਿਆਂ ਤੋਂ ਆਵਾਗਮਨ ਕਰ ਰਹੇ ਹਨ।
ਇਸੇ ਆਵਾਗਮਨ ਵਾਸਤੇ ਹਵਾਈ ਯਾਤਰਾਵਾਂ ਹੁੰਦੀਆਂ ਹਨ ਅਤੇ ਐਨ ਮੋਕੇ ਤੇ ਮੌਸਮ ਖਰਾਬ ਹੋ ਜਾਣ ਕਾਰਨ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈਆਂ ਦੇ ਟਾਈਮ-ਟੇਬਲ ਬਦਲੇ ਜਾ ਰਹੇ ਹਨ। ਇਸ ਅਣ-ਇੱਛਤ ਕਿਰਿਆਵਾਂ ਕਾਰਨ ਸਮੁੱਚੇ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਹੀ ਹਵਾਈ-ਅੱਡਿਆਂ ਉਪਰ ਭੀੜ ਦਾ ਮਾਹੌਲ ਹੈ।
ਸਿਡਨੀ ਤੇ ਹਵਾਈ ਅੱਡੇ ਉਪਰ ਵੀ ਅੱਜ ਬਹੁਤ ਸਾਰੀਆਂ ਫਲਾਈਟਾਂ ਨੂੰ ਰੱਦ ਕਰਨਾ ਪਿਆ। ਇਸ ਦੀ ਵਜ੍ਹਾ ਮੋਸਮ ਦੀ ਖਰਾਬੀ ਅਤੇ ਤੇਜ਼ ਹਵਾਵਾਂ ਦੱਸੀਆਂ ਜਾ ਰਹੀਆਂ ਹਨ। ਜੇਕਰ ਮੌਸਮ ਇੱਦਾਂ ਦਾ ਹੀ ਰਿਹਾ ਤਾਂ ਇਸ ਵਾਸਤੇ ਅਧਿਕਾਰੀਆਂ ਵੱਲੋਂ ਕੇਵਲ ਇੱਕ ਹੀ ਹਵਾਈ ਪੱਟੀ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਫਲਾਈਟਾਂ ਦੇ ਸਮੇਂ ਬਦਲਦੇ ਰਹਿਣਗੇ।
ਕੱਲ੍ਹ ਰਾਤ ਤੋਂ ਹੀ ਏਅਰਪੋਰਟ ਅਧਿਕਾਰੀਆਂ ਵੱਲੋਂ ਯਾਤਰੀਆਂ ਨੂੰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਹ ਆਪਣੇ ਫਲਾਈਟਾਂ ਦੇ ਸਟੇਟਸ ਨੂੰ ਚੈਕ ਕਰਦੇ ਰਹਿਣ ਅਤੇ ਫਜ਼ੂਲ ਦੀ ਸਮਾਂ ਬਰਬਾਦੀ ਤੋਂ ਬਚਣ।
ਘਰੇਲੂ ਫਲਾਈਟਾਂ ਵਾਸਤੇ ਯਾਤਰੀਆਂ ਨੂੰ 2 ਘੰਟੇ ਪਹਿਲਾਂ ਆਉਣ ਦੀਆਂ ਹਦਾਇਤਾਂ ਹਨ ਜਦੋਂ ਕਿ ਅੰਤਰ-ਰਾਸ਼ਟਰੀ ਫਲਾਈਟਾਂ ਵਾਸਤੇ ਇਹ ਸਮਾਂ 3 ਘੰਟਿਆਂ ਦਾ ਹੈ।