
(ਦ ਏਜ ਮੁਤਾਬਿਕ) ਗ੍ਰੇਟਰ ਸਿਡਨੀ ਤੋਂ ਕੁਈਨਜ਼ਲੈਂਡ ਦੇ ਗੋਲਡ ਕੋਸਟ ਵਿਖੇ ਛੁੱਟੀਆਂ ਬਿਤਾਉਣ ਆਏ 5 ਯਾਤਰੀ ਕੁਈਨਜ਼ਲੈਂਡ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਕਤ ਯਾਤਰੀਆਂ ਨੇ ਆਪਣੇ ਬਾਰਡਰ ਪਾਸਾਂ ਰਾਹੀਂ ਝੂਠ ਦਾ ਸਹਾਰਾ ਲੈ ਕੇ ਕੁਈਨਜ਼ਲੈਂਡ ਵਿੱਚ ਦਾਖਲਾ ਲਿਆ ਸੀ। ਪੁਲਿਸ ਮੁਖੀ ਸੁਪਰੀਨਟੈਂਡੈਂਟ ਮਾਰਕ ਵ੍ਹੀਲਰ ਦਾ ਕਹਿਣਾ ਹੈ ਕਿ ਇਨ੍ਹਾਂ ਪੰਜਾਂ ਵਿਅਕਤੀਆਂ ਨੂੰ 4003 ਡਾਲਰ ਦਾ ਜੁਰਮਾਨਾ (ਹਰ ਇੱਕ) ਨੂੰ ਲਗਾਇਆ ਗਿਆ ਹੈ ਅਤੇ 5 ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਬਾਰਡਰ ਤੇ ਦਾਖਲਾ ਲੈਣ ਸਮੇਂ ਕਿਹਾ ਸੀ ਕਿ ਇਹ ਬੀਤੇ 14 ਦਿਨਾਂ ਅੰਦਰ, ਨਿਊ ਸਾਊਥ ਵੇਲਜ਼ ਦੇ ਕਿਸੇ ਵੀ ਹਾਟ ਸਪਾਟ ਤੇ ਨਹੀਂ ਗਏ ਅਤੇ ਬਾਅਦ ਦੀ ਪੜਤਾਲ ਰਾਹੀਂ ਪਾਇਆ ਗਿਆ ਕਿ ਇਹ ਲੋਕ ਝੂਠ ਬੋਲਦੇ ਹਨ ਅਤੇ ਤੁਰੰਤ ਪੁਲਿਸ ਨੇ ਐਕਸ਼ਨ ਲੈਂਦਿਆਂ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀਆਂ ਵਿੱਚ 3 ਔਰਤਾਂ ਅਤੇ 2 ਆਦਮੀ ਸ਼ਾਮਿਲ ਹਨ ਅਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਸਰਫਰਜ਼ ਪੈਰਾਡਾਈਸ ਵਿਖੇ ਲੋਕੇਟ ਕਰ ਲਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 543,000 ਲੋਕਾਂ ਨੂੰ ਬਾਰਡਰ ਦੀਆਂ ਡੈਕਲੇਰੇਸ਼ਨਜ਼ ਪਾਸ ਜਾਰੀ ਕੀਤੇ ਗਏ ਹਨ ਜੋ ਕਿ ਅੰਤਰ-ਰਾਜੀਏ ਬਾਰਡਰਾਂ ਨੂੰ ਪਾਰ ਕਰਕੇ ਕੁਈਨਜ਼ਲੈਂਡ ਵਿੱਚ ਆਏ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਨਵੇਂ ਨਾਕਿਆਂ ਦੌਰਾਂਨ ਪੁਲਿਸ ਨੇ 300 ਵਾਹਨਾਂ ਦੀ ਚੈਕਿੰਗ ਦੌਰਾਨ 700 ਲੋਕਾਂ ਨੂੰ ਕੁਈਨਜ਼ਲੈਂਡ ਦੇ ਬਾਰਡਰਾਂ ਤੋਂ ਵਾਪਿਸ ਵੀ ਭੇਜਿਆ ਹੈ ਅਤੇ 10 ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਕਿ ਮਾਪਦੰਢਾਂ ਦੀ ਉਲੰਘਣਾ ਕੀਤਾ ਹੈ, ਨੂੰ 4003 ਡਾਲਰਾਂ ਦਾ ਜੁਰਮਾਨਾ ਵੀ ਕੀਤਾ ਹੈ।