ਸਿਡਨੀ ਅਤੇ ਦੱਖਣੀ ਪੱਛਮੀ ਮੈਟਰੋ ਵਿਚਾਲੇ ਵਿਛਾਇਆ ਪਹਿਲਾ ਟਰੈਕ

ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਸਿਡਨੀ ਸ਼ਹਿਰ ਅਤੇ ਦੱਖਣੀ-ਪੱਛਮੀ ਮੈਟਰੋ ਵਿਚਾਲੇ ਨਵਾਂ ਅਤੇ ਪਹਿਲਾ ਟਰੈਕ ਵਿਛਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸ ਨਾਲ ਹੀ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਜਨਤਕ ਟ੍ਰਾਂਸਪੋਰਟੇਸ਼ਨ ਵਾਲੇ ਪ੍ਰਾਜੈਕਟ ਦੇ ਪਹਿਲੇ ਚਰਣ ਦਾ ਕੰਮ ਪੂਰ ਚੜ੍ਹਿਆ ਹੈ। ਪ੍ਰੀਮੀਅਰ ਨੇ ਦੱਸਿਆ ਕਿ ਉਕਤ ਪ੍ਰਾਜੈਕਟ ਅਧੀਨ ਉਤਰੀ-ਪੱਛਮੀ ਖੇਤਰ ਨੂੰ ਮੈਟਰੋ ਰਾਹੀਂ ਸ਼ਹਿਰ ਅਤੇ ਬੈਂਕਸਟਾਊਨ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਸ ਨਾਲ ਬਹੁਤ ਸਾਰੇ ਰੋਜ਼ਗਾਰ ਦੇ ਸਾਧਨ ਵੀ ਪੈਦਾ ਹੋ ਰਹੇ ਹਨ। ਲੋਕ ਜਾਣਦੇ ਹਨ ਕਿ ਉਤਰ ਪੱਛਮ ਵਿੱਚ ਇਸ ਦੇ ਕਿੰਨਾ ਉਸਾਰੂ ਫਾਇਦੇ ਹੋਏ ਹਨ ਅਤੇ ਹੁਣ ਇਸ ਨੂੰ ਦੱਖਣੀ-ਪੱਛਮੀ ਹਿੱਸੇ ਨਾਲ ਜੋੜਨਾ ਵੀ ਬਹੁਤ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ। ਕੋਵਿਡ 19 ਦੀ ਮਾਰ ਤੋਂ ਬਾਅਦ ਹੁਣ ਵਾਪਿਸ ਅਰਥ ਵਿਵਸਥਾ ਨੂੰ ਸੁਧਾਰਨ ਅਤੇ ਉਭਾਰਨ ਵਾਸਤੇ ਵੀ ਸਰਕਾਰ ਦਾ ਇਹ 107 ਬਿਲੀਅਨ ਡਾਲਰ ਦਾ ਪ੍ਰਾਜੈਕਟ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਇੱਕ ਉਸਾਰੂ ਸੌਮੇ ਦੇ ਰੂਪ ਵਿੱਚ ਕੰਮ ਕਰਦਾ ਰਹੇਗਾ ਅਤੇ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਪ੍ਰਦਾਨ ਕਰਦਾ ਰਹੇਗਾ। ਮੌਜੂਦਾ ਸਮੇਂ ਵਿੱਚ ਵੀ 5000 ਤੋਂ ਵੀ ਜ਼ਿਆਦਾ ਲੋਕ ਇਸ ਪ੍ਰਾਜੈਕਟ ਤੇ ਕੰਮ ਕਰ ਰਹੇ ਹਨ ਅਤੇ ਜਦੋਂ ਇਹ ਸ਼ੁਰੂ ਹੋ ਜਾਵੇਗਾ ਤਾਂ ਫੇਰ 50,000 ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਸਾਧਨ ਬਣੇਗਾ। ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊ ਕੰਸਟੈਂਸ ਨੇ ਕਿਹਾ ਕਿ ਸਿਡਨੀ ਦੇ ਹੁਣ 31 ਮੈਟਰੋ ਸਟੇਸ਼ਨ ਹਣਗੇ ਅਤੇ 66 ਕਿ. ਮੀਟਰ ਦਾ ਮੈਟਰੋ ਰੇਲਵੇਅ ਸਿਸਟਮ ਸਾਲ 2024 ਤੱਕ ਹੋ ਜਾਵੇਗਾ। ਇਸ ਵਾਸਤੇ 15.5 ਕਿ. ਮੀਟਰ ਲੰਬੀਆਂ ਦੋ ਸੁਰੰਗਾਂ ਜਿਹੜੀਆਂ ਕਿ ਚੈਟਸਵੁਡ ਤੋਂ ਸਿਡਨਹੈਮ ਤੱਕ ਬਣਾਈਆਂ ਗਈਆਂ ਹਨ ਵਿੱਚ 4,000 ਟਨ ਆਸਟ੍ਰੇਲੀਆਈ ਰੇਲ ਸਟੀਲ ਦੀ ਲਾਗਤ ਆਈ ਹੈ ਅਤੇ 31 ਕਿ. ਮੀਟਰ ਦਾ ਰੇਲਵੇਅ ਟ੍ਰੈਕ ਵਿਛਾਇਆ ਗਿਆ ਹੈ। ਉਤਰੀ ਪੱਛਮੀ ਮੈਟਰੋ ਤੇ ਇਸ ਸਮੇਂ 25 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਇਸ ਸੇਵਾ ਦਾ ਫਾਇਦਾ ਉਠਾ ਰਹੇ ਹਨ ਅਤੇ ਨਵੇਂ ਪ੍ਰਾਜੈਕਟ ਰਾਹੀਂ ਸ਼ਹਿਰ ਅਤੇ ਦੱਖਣੀ ਪੱਛਮੀ ਹਿੱਸਿਆਂ ਨੂੰ ਵੀ ਹਰ 2 ਮਿਨਟ ਬਾਅਦ ਮੈਟਰੋ ਗੱਡੀ ਉਪਲੱਭਧ ਹੋਇਆ ਕਰੇਗੀ। 2024 ਤੱਕ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਰਾਹੀਂ ਕਰੋਜ਼ ਨੈਸਟ, ਵਿਕਟੋਰੀਆ ਕਰਾਸ, ਬਾਰਾਂਗਾਰੂ, ਮਾਰਟਿਨ ਪਲੇਸ, ਪਿਟ ਸਟ੍ਰੀਟ ਅਤੇ ਵਾਟਰਲੂ ਦੇ ਨਾਲ ਨਾਲ ਸੈਂਟਰਲ ਸਟੇਸ਼ਨ ਵਿੱਚ ਅੰਡਰ-ਗ੍ਰਾਊਂਡ ਪਲੈਟਫਾਰਮ ਵੀ ਬਣਨਗੇ।

Install Punjabi Akhbar App

Install
×