ਆਸਟ੍ਰੇਲੀਆ ਦਾ ਪਹਿਲਾ ‘ਸਿੱਖ ਸਕੂਲ’ ਬਣੇਗਾ ਸਿਡਨੀ ਵਿੱਚ

ਰਾਜ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਦੇਸ਼ ਦੇ ਪਹਿਲੇ ‘ਸਿੱਖ ਸਕੂਲ’ ਨੂੰ ਬਣਾਉਣ ਵਾਸਤੇ ਪੱਛਮੀ ਸਿਡਨੀ ਨੂੰ ਚੁਣਿਆ ਹੈ ਅਤੇ ਇੱਥੇ ਉਕਤ ਸਕੂਲ ਨੂੰ ਬਣਾਉਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਗ੍ਰਾਮਰ ਸਕੂਲ’ ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ ਉਪਰ ਬਣਾਇਆ ਜਾਵੇਗਾ ਜੋ ਕਿ ਰਾਜ ਅੰਦਰ ਸਿੱਖ ਭਾਈਚਾਰੇ ਦੀ ਵੱਧ ਰਹੀ ਆਬਾਦੀ ਲਈ ਆਪਣੀਆਂ ਸੇਵਾਵਾਂ ਨਿਭਾਏਗਾ ਅਤੇ ਇਸ ਸਕੂਲ ਅੰਦਰ 1,260 ਵਿਦਿਆਰਥੀਆਂ ਨੂੰ (ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ) ਪੜ੍ਹਾਈ ਕਰਨ ਦਾ ਮੌਕਾ ਪ੍ਰਧਾਨ ਕੀਤਾ ਜਾਵੇਗ। ਇਹ ਸਕੂਲ ਐਨਾਵੌਂਗ ਮੈਟਰੋ ਸਟੇਸ਼ਨ ਦੇ ਨਜ਼ਦੀਕ ਹੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਅਲੱਗ ਅਲੱਗ ਧਾਰਮਿਕ ਭਾਈਚਾਰਿਆਂ ਵਾਸਤੇ ਸਕੂਲ ਪਹਿਲਾਂ ਹੀ ਮੌਜੂਦ ਹਨ ਜਿਵੇਂ ਕਿ ਕ੍ਰਿਸਚਨਾਂ ਵਾਸਤੇ, ਮੁਸਲਿਮਾਂ ਵਾਸਤੇ ਅਤੇ ਯਹੂਦੀਆਂ ਵਾਸਤੇ ਪਰੰਤੂ ਸਿੱਖ ਸਕੂਲ ਆਪਣੀ ਕਿਸਮ ਦਾ ਨਵੇਕਲਾ ਸਕੂਲ ਹੋਵੇਗਾ ਅਤੇ ਇਸ ਦੀ ਮੰਗ ਵੀ ਸਿੱਖ ਭਾਈਚਾਰੇ ਵੱਲੋਂ ਕਾਫੀ ਦੇਰ ਤੋਂ ਕੀਤੀ ਜਾ ਰਹੀ ਸੀ। ਇਸ ਸਕੂਲ ਅੰਦਰ ਸਿੱਖ ਇਤਿਹਾਸ ਨਾਲ ਜੁੜੇ ਵਿਸ਼ੇ, ਅਤੇ ਹੋਰ ਵਿਸ਼ੇ ਵੀ ਪੜ੍ਹਾਏ ਜਾਣਗੇ।
ਰਿਵਰਸਟੋਨ ਤੋਂ ਐਮ.ਪੀ. ਕੈਵਿਨ ਕੋਨੋਲੀ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਬਹੁਤ ਹੀ ਉਤਮ ਕਦਮ ਹੈ ਅਤੇ ਇਸ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦਾ ਮਹੌਲ ਹੈ। ਇਹ ਸਕੂਲ 2023 ਤੱਕ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਸਮੇਂ ਦੌਰਾਨ ਹੀ ਇਸ ਵਿੱਚ ਪੜ੍ਹਾਈ ਸ਼ੁਰੂ ਹੋਣ ਦੀ ਉਮੀਦ ਵੀ ਕੀਤਾ ਜਾ ਰਹੀ ਹੈ।
10 ਏਕੜ ਦੇ ਰਕਬੇ ਵਿੱਚ ਬਣਾਏ ਜਾਣ ਵਾਲੇ ਇਸ ਸਕੂਲ ਵਾਲੇ ਪ੍ਰਾਜੈਕਟ ਲਈ ਸਰਕਾਰ ਨੇ 167 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਹੈ ਅਤੇ ਇਸ ਦੌਰਾਨ 280 ਤਾਂ ਉਸਾਰੀ ਵਾਸਤੇ ਰੌਜ਼ਗਾਰ ਪੈਦਾ ਹੋਣਗੇ ਅਤੇ ਇਸ ਤੋਂ ਬਾਅਦ 120 ਆਪ੍ਰੇਸ਼ਨਲ ਰੌਜ਼ਗਾਰ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਹੋਰ ਹਜ਼ਾਰਾਂ ਹੀ ਲੋਕਾਂ ਨੂੰ ਇਸ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ।
ਇਸ ਨਵੇਂ ਸਕੂਲ ਵਿੱਚ 86 ਬੱਚਿਆਂ ਵਾਸਤੇ ਤਾਂ ਅਰਲੀ ਲਰਨਿੰਗ ਸੈਂਟਰ ਵੀ ਹੋਣਗੇ ਅਤੇ ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ, ਦੋਹਾਂ ਲਈ ਹੀ ਉਪਲੱਭਧ ਹੋਣਗੀਆਂ ਅਤੇ ਇਸ ਤੋਂ ਇਲਾਵਾ ਅੰਦਰਵਾਰ ਅਤੇ ਬਾਹਰਵਾਰ ਦੀਆਂ ਖੇਡਾਂ ਦੇ ਇੰਤਜ਼ਾਮ, ਲਾਇਬ੍ਰੇਰੀ ਅਤੇ ਪੂਜਾ ਅਰਚਨਾ ਦੀਆਂ ਥਾਵਾਂ ਵੀ ਬਣਾਈਆਂ ਜਾਣਗੀਆਂ।

Welcome to Punjabi Akhbar

Install Punjabi Akhbar
×