ਜਿਲ੍ਹਾ ਬਠਿੰਡਾ ਦਾ ਪਹਿਲਾ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਇੰਦਰ ਸਿੰਘ ਵਾਲਾ

IMG-20190328-WA0100

ਬਠਿੰਡਾ/ 28 ਮਾਰਚ – ਸੰਸਾਰ ਪੱਧਰ ਦੀ ਵਿੱਦਿਆ ਹਾਸਲ ਕਰਵਾਉਣ ਲਈ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਅੰਗਰੇਜੀ ਮਾਧਿਅਮ ਵਾਲੇ ਪਬਲਿਕ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਦੌੜ ਲੱਗੀ ਹੋਈ ਹੈ। ਜਿਸ ਕਾਰਨ ਹਰ ਸਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ, ਸਰਕਾਰੀ ਸਕੂਲਾਂ ਵਿੱਚ ਉਹਨਾਂ ਪਰਿਵਾਰਾਂ ਦੇ ਬੱਚੇ ਹੀ ਦਾਖ਼ਲ ਹੁੰਦੇ ਹਨ, ਜਿਹੜੇ ਪਬਲਿਕ ਸਕੂਲਾਂ ਦੀਆਂ ਭਾਰੀ ਫੀਸਾਂ ਅਦਾ ਕਰਨ ਤੋਂ ਅਸਮਰੱਥ ਹਨ। ਆਮ ਪਰਿਵਾਰ ਨੂੰ ਸੰਸਾਰ ਪੱਧਰ ਦੀ ਵਿੱਦਿਆ ਸਸਤੀ ਮੁਹੱਈਆ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਬਣਾ ਕੇ ਅੰਗਰੇਜੀ ਮਾਧਿਅਮ ਦੀ ਪੜ੍ਹਾਈ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਅਗਲੇ ਸੈਸਨ ਤੋਂ ਅਜਿਹੇ ਸਕੂਲ ਚਾਲੂ ਕਰਨ ਲਈ ਸਿੱਖਿਆ ਵਿਭਾਗ ਨੇ ਜਿਲ੍ਹਾ ਅਫ਼ਸਰਾਂ ਨੂੰ ਹਦਾਇਤਾਂ ਕੀਤੀਆਂ ਹਨ, ਜਿਹਨਾਂ ਦੇ ਅਧਾਰ ਤੇ ਜਿਲ੍ਹਾ ਬਠਿੰਡਾ ਦੇ ਅੱਠ ਕੁ ਸਕੂਲਾਂ ਦੇ ਮੁਖੀਆਂ ਵੱਲੋਂ ਸਮਾਰਟ ਸਕੂਲ ਚਾਲੂ ਕਰਨ ਦਾ ਵਿਸਵਾਸ ਦਿਵਾਇਆ ਗਿਆ ਸੀ। ਹੁਣ ਸੈਸਨ ਦੀ ਸੁਰੂਆਤ ਸਮੇਂ ਇਹਨਾਂ ਵਿੱਚੋਂ ਵੀ ਸਿਰਫ ਇੱਕ ਪਿੰਡ ਕੋਠੇ ਇੰਦਰ ਸਿੰਘ ਵਾਲਾ ਹੀ ਨਿੱਤਰਿਆ ਹੈ, ਜਿਸਦੇ ਸਕੂਲ ਅਧਿਆਪਕ ਸ੍ਰੀ ਰਾਜਿੰਦਰ ਸਿੰਘ ਦੀ ਮਿਹਨਤ ਸਦਕਾ ਇੱਥੋਂ ਦੇ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੇ ਝੰਡੇ ਗੱਡ ਦਿੱਤੇ ਹਨ।

ਆਪਣੇ ਪਿੰਡ ਦੇ ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਲਈ ਪਿੰਡ ਵਾਸੀ ਪੂਰਾ ਸਹਿਯੋਗ ਦੇ ਰਹੇ ਹਨ, ਪਿੰਡ ਦੇ ਦਾਨੀ ਸੱਜਣਾਂ ਵੱਲੋਂ ਦਿਲ ਖੋਹਲ ਕੇ ਦਿੱਤੀ ਦਾਨ ਰਾਸ਼ੀ ਨਾਲ ਇਸ ਜਿਲ੍ਹੇ ਦੇ ਪਹਿਲੇ ਸਮਾਰਟ ਪ੍ਰਾਇਮਰੀ ਸਕੂਲ ਦੀ ਦਿੱਖ ਬਦਲ ਦਿੱਤੀ ਗਈ ਹੈ। ਇਸ ਸਕੂਲ ਦੇ ਵਿਦਿਆਰਥੀਆਂ ਨੂੰ ਪਬਲਿਕ ਸਕੂਲਾਂ ਵਾਂਗ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਉਹਨਾਂ ਸਕੂਲਾਂ ਦੇ ਪੈਟਰਨ ਤੇ ਹੀ ਅੰਗਰੇਜੀ ਮਾਧਿਅਮ ਨਾਲ ਪੜ੍ਹਾਈ ਕਰਵਾਈ ਜਾਵੇਗੀ। ਇਸ ਸਕੂਲ ਦੀਆਂ ਫੀਸਾਂ ਵਾਜਬ ਹੋਣਗੀਆਂ ਜਿਸਨੂੰ ਆਮ ਪਰਿਵਾਰ ਅਸਾਨੀ ਨਾਲ ਬਰਦਾਸਤ ਕਰ ਸਕਣਗੇ, ਇਸਤੋਂ ਇਲਾਵਾ ਹੋਰ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ। ਅਧਿਆਪਕ ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੈਸਨ ਤੋਂ ਸਮਾਰਟ ਪ੍ਰਾਇਮਰੀ ਸਕੂਲ ਚਾਲੂ ਕਰਨ ਲਈ ਸਿੱਖਿਆ ਵਿਭਾਗ ਦੀ ਸਕੀਮ ਦੀ ਹਾਮੀ ਭਰਦਿਆਂ ਪੁਸਤਕਾਂ ਦੀ ਡਿਮਾਂਡ ਭੇਜ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਾਲ ਫਸਟ ਅਤੇ ਸੈਕਿੰਡ ਕਲਾਸ ਅੰਗਰੇਜੀ ਮਾਧਿਅਮ ਨਾਲ ਸੁਰੂ ਕੀਤੀ ਜਾ ਰਹੀ ਹੈ, ਪਰ ਪੰਜਾਬੀ ਨੂੰ ਵੀ ਤਿਆਗਿਆ ਨਹੀਂ ਜਾਵੇਗਾ। ਪੰਜਾਬੀ ਅਤੇ ਹਿੰਦੀ ਵੀ ਨਾਲ ਨਾਲ ਜਾਰੀ ਰੱਖੀ ਜਾਵੇਗੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕ ਸ੍ਰੀ ਰਾਜਿੰਦਰ ਸਿੰਘ ਨੂੰ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਗਤੀਵਿਧੀਆਂ ਅਤੇ ਸਮਾਜਿਕ ਖੇਤਰ ਵਿੱਚ ਪਾਏ ਯੋਗਦਾਨ ਸਬੰਧੀ ਪਹਿਲਾਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਪਿੰਡ ਦੇ ਸਾਬਕਾ ਸਰਪੰਚ ਸ੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਦਾਨੀ ਵਿਅਕਤੀਆਂ ਦੇ ਸਹਿਯੋਗ ਸਦਕਾ ਸਕੂਲ ਦੀ ਇਮਾਰਤ ਤਸੱਲੀਬਖਸ਼ ਬਣ ਚੁੱਕੀ ਹੈ। ਇਸਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਾਂਗ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਪਿੰਡ ਦੇ ਵਸਨੀਕ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਦਾ ਸਕੂਲ ਜਿਲ੍ਹੇ ਦਾ ਪਹਿਲਾ ਪ੍ਰਾਇਮਰੀ ਸਮਾਰਟ ਸਕੂਲ ਬਣਿਆ ਹੈ। ਉਹਨਾਂ ਸਕੂਲ ਦੀ ਸਫ਼ਲਤਾ ਅਤੇ ਬੱਚਿਆਂ ਦੇ ਭਵਿੱਖ ਲਈ ਅੱਗੇ ਵਾਸਤੇ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸਵਾਸ ਦੁਆਇਆ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਸਮਾਰਟ ਸਕੂਲ ਸੁਰੂ ਕਰਨ ਦਾ ਸੁਆਗਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਮਿਆਰੀ ਵਿੱਦਿਆ ਮੁਹੱਈਆ ਕਰਵਾਉਣ ਦਾ ਫੈਸਲਾ ਦਰੁਸਤ ਹੈ, ਪਰ ਮੁਢਲੀ ਸਿੱਖਿਆ ਅੰਗਰੇਜੀ ਮਾਧਿਅਮ ਵਾਲੇ ਸਕੂਲਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਮਾਤ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦੁਨੀਆ ਪੱਧਰ ਤੇ ਇਹ ਗੱਲ ਸਪਸਟ ਹੋ ਚੁੱਕੀ ਹੈ ਕਿ ਮੁਢਲੀ ਵਿੱਦਿਆ ਮਾਤ ਭਾਸ਼ਾ ਰਾਹੀਂ ਅਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ। ਅੰਗਰੇਜੀ ਮਾਧਿਅਮ ਪੈਟਰਨ ਛੇਵੀਂ ਜਾਂ ਅੱਠਵੀਂ ਤੋਂ ਚਾਲੂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਸੰਸਾਰ ਪੱਧਰ ਦੀ ਮਿਆਰੀ ਵਿੱਦਿਆ ਦੇਣ ਦਾ ਯਤਨ ਜਰੂਰ ਸਲਾਘਾਯੋਗ ਹੈ।

(ਬਲਵਿੰਦਰ ਸਿੰਘ ਭੁੱਲਰ)
+91 98882-75913

Install Punjabi Akhbar App

Install
×