ਬੀ.ਐਫ.ਜੀ.ਆਈ. ਨੇ ਪਹਿਲਾ ਆਨਲਾਈਨ ਸਕਾਲਰਸ਼ਿਪ ਟੈਸਟ ਕੀਤਾ ਲਾਂਚ  

  • ਵਿਦਿਆਰਥੀਆਂ ਲਈ 15 ਜੁਲਾਈ ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ

Photo Press Meet BFGI-01

ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਵੱਲੋਂ ਸਿੱਖਿਆ ਅਤੇ ਨੋਜਵਾਨਾਂ ਦੇ ਵਿਕਾਸ ਲਈ ਕੀਤੇ ਵਿਲੱਖਣ ਉਪਰਾਲਿਆਂ ਦੀ ਲੜੀ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਮੈਨੇਜਮੈਂਟ ਨੇ ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਹਿਲੀ ਵਾਰ ਆਨ-ਲਾਈਨ ਸਕਾਲਰਸ਼ਿਪ ਟੈਸਟ ਸ਼ੁਰੂ ਕੀਤਾ ਹੈ ਜਿਸ ਦਾ ਮੁੱਖ ਉਦੇਸ਼ ਉਹਨਾਂ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ, ਜੋ ਕਈ ਵਾਰ ਸਾਲਾਨਾ ਪ੍ਰੀਖਿਆਵਾਂ ਵਿੱਚ ਕੁਝ ਕਾਰਨਾਂ ਕਰਕੇ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਅਤੇ ਬੀ.ਐਫ.ਜੀ.ਆਈ. ਵੱਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਤੋਂ ਵਾਂਝੇ ਰਹਿ ਜਾਂਦੇ ਹਨ। ਹੁਣ ਉਹ ਸਾਰੇ ਵਿਦਿਆਰਥੀ 1 ਤੋਂ 15 ਜੁਲਾਈ ਤੱਕ ਬੀ.ਐਫ.ਜੀ.ਆਈ. ਵੱਲੋਂ ਲਏ ਜਾਣ ਵਾਲੇ ਇਸ ਆਨ-ਲਾਈਨ ਸਕਾਲਰਸ਼ਿਪ ਟੈਸਟ ਦੇ ਜ਼ਰੀਏ 50 ਹਜ਼ਾਰ ਤੱਕ ਦੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ।

ਅੱਜ ਪ੍ਰੈਸ ਕਲੱਬ ਬਠਿੰਡਾ ਵਿਖੇ ਇਸ ਸੰਬੰਧੀ ਕੀਤੀ ਗਈ ਇੱਕ ਪ੍ਰੈਸ ਮਿਲਣੀ ਦੌਰਾਨ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ.ਸ਼ਰਮਾਂ ਅਤੇ ਅਸਿਸਟੈਂਟ ਡਾਇਰੈਕਟਰ (ਅਕਾਦਮਿਕ) ਡਾ. ਜੈ ਆਸੀਸ ਸੇਠੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀ.ਐਫ.ਜੀ.ਆਈ. ਸਕਾਲਰਸ਼ਿਪ ਪਾਲਿਸੀ ਤਹਿਤ ਸਾਲਾਨਾ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਪਰ ਵੇਖਣ ਵਿੱਚ ਆਇਆ ਕਿ ਬਹੁਤ ਸਾਰੇ ਹੋਣਹਾਰ ਅਤੇ ਕਾਬਲ ਵਿਦਿਆਰਥੀ ਵੀ ਇਸ ਸਕਾਲਰਸ਼ਿਪ ਨੂੰ ਹਾਸਲ ਨਹੀਂ ਕਰ ਪਾਉਂਦੇ ਕਿਉਂਕਿ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਆਪਣੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਨਹੀਂ ਕਰ ਸਕੇ ਸਨ । ਇਸੇ ਲਈ ਆਨ-ਲਾਈਨ ਸਕਾਲਰਸ਼ਿਪ ਟੈਸਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ‘ਤੇ 50000 ਰੁਪਏ ਤੱਕ ਦੀ ਸਕਾਲਰਸ਼ਿਪ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।

ਇਸ ਟੈਸਟ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਡਾ. ਪ੍ਰਦੀਪ ਕੌੜਾ ਨੇ ਦੱਸਿਆ ਕਿ ਇਹ ਟੈਸਟ 30 ਮਿੰਟ ਦਾ ਹੋਵੇਗਾ ਜਿਸ ਵਿੱਚ 30 ਸੁਆਲ ਹੋਣਗੇ । ਇਸ ਟੈਸਟ ਦੀ ਕੋਈ ਫੀਸ ਨਹੀਂ ਹੈ ਅਤੇ ਕੋਈ ਵੀ ਵਿਦਿਆਰਥੀ ਘਰ ਬੈਠੇ ਹੀ ਇਹ ਆਨ-ਲਾਈਨ ਟੈਸਟ ਦੇ ਸਕਦਾ ਹੈ ਇਥੋ ਤੱਕ ਕਿ ਵਿਦਿਆਰਥੀ ਆਪਣੇ ਮੋਬਾਈਲ ਫੋਨ ਰਾਹੀਂ ਵੀ ਇਹ ਟੈਸਟ ਦੇ ਸਕੇਗਾ। ਕੋਈ ਵੀ ਵਿਦਿਆਰਥੀ ਸਿਰਫ਼ ਇੱਕ ਵਾਰ ਹੀ ਇਹ ਟੈਸਟ ਦੇ ਸਕਦਾ ਹੈ। ਇਹ ਟੈਸਟ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਨੇਪਾਲ ਆਦਿ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਲਾਗੂ ਹੈ। ਇਹ ਟੈਸਟ 1ਤੋਂ 15 ਜੁਲਾਈ ਤੱਕ 24 ਘੰਟੇ ਸੰਸਥਾ ਦੀ ਵੈਬਸਾਈਟ www.babafaridgroup.com’ਤੇ ਉਪਲੱਬਧ ਰਹੇਗਾ । ਟੈਸਟ ਦੇਣ ਤੋਂ ਬਾਅਦ ਇਸ ਦਾ ਨਤੀਜਾ ਵਿਦਿਆਰਥੀ ਨੂੰ ਤੁਰੰਤ ਮਿਲ ਜਾਵੇਗਾ ਅਤੇ ਵਿਦਿਆਰਥੀ ਇਸ ਨਤੀਜੇ ਦਾ ਪ੍ਰਿੰਟ ਲੈ ਕੇ ਸਕਾਲਰਸ਼ਿਪ ਲਈ ਅਪਲਾਈ ਕਰ ਸਕਦਾ ਹੈ।

ਬੀ.ਐਫ.ਜੀ.ਆਈ. ਵਿਖੇ ਚਲ ਰਹੀ 3 ਕਰੋੜ ਦੀ ਸਕਾਲਰਸ਼ਿਪ ਪਾਲਿਸੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਪਾਲਿਸੀ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਟਿਊਸ਼ਨ ਫੀਸ ਵਿੱਚ 100 ਫੀਸਦੀ ਤੱਕ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਜਦੋਂ ਕਿ 10ਵੀਂ ਅਤੇ 12ਵੀਂ ਵਿੱਚ ਮੈਰਿਟ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਕੋਈ ਵੀ ਅਕਾਦਮਿਕ ਫੀਸ ਨਹੀਂ ਲਈ ਜਾਂਦੀ । ਇਸ ਤੋਂ ਇਲਾਵਾ ਆਰਥਿਕ ਤੌਰ ‘ਤੇ ਕੰਮਜ਼ੋਰ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਵੀ ਅਕਾਦਮਿਕ ਫੀਸ ਵਿੱਚ ਸੌ ਫੀਸਦੀ ਤੱਕ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦਾਂ, ਸਾਬਕਾ ਫੌਜੀਆਂ, ਕਾਲਜਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਦੇ ਬੱਚਿਆਂ ਤੋਂ ਇਲਾਵਾ ਬੀ.ਐਫ.ਜੀ.ਆਈ. ਦੇ ਕਰਮਚਾਰੀਆਂ ਦੇ ਬੱਚਿਆਂ ਅਤੇ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਨੂੰ ਬੀ.ਐਫ.ਜੀ.ਆਈ. ਸਕਾਲਰਸ਼ਿਪ ਪਾਲਿਸੀ ਤਹਿਤ 20 ਤੋਂ 100 ਫੀਸਦੀ ਤੱਕ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਲੜਕੀਆਂ ਨੂੰ ਸਕਾਲਰਸ਼ਿਪ ਪਾਲਿਸੀ ਤਹਿਤ ਮਾਪਿਆਂ ਦੀ ਇਕਲੌਤੀ ਲੜਕੀ ਨੂੰ ਵੀ ਵਿਸ਼ੇਸ਼ ਸਕਾਲਰਸ਼ਿਪ ਦਾ ਲਾਭ ਦਿੱਤਾ ਜਾਂਦਾ ਹੈ।

ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ.ਸ਼ਰਮਾਂ ਨੇ ਐਪਟੀਚਿਊਡ ਟੈਸਟ ਦੀ ਅਹਿਮੀਅਤ ਅਤੇ ਜ਼ਰੂਰਤ ਬਾਰੇ ਵਿਸ਼ੇਸ਼ ਗੱਲ੍ਹ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਲਈ ਕਿਸੇ ਵੀ ਕੋਰਸ ਚੁਨਣ ਤੋਂ ਪਹਿਲਾਂ ਐਪਟੀਚਿਊਡ ਟੈਸਟ ਦੇ ਅਧਾਰ ‘ਤੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਹੀ ਕਰੀਅਰ ਚੁਣਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਐਪਟੀਚਿਊਡ ਟੈਸਟ ਦੀ ਸਹੂਲਤ ਆਨ-ਲਾਈਨ ਪ੍ਰਦਾਨ ਕੀਤੀ ਹੋਈ ਹੈ ਅਤੇ ਸਹੀ ਕੈਰੀਅਰ ਚੁਨਣ ਦੀ ਸਲਾਹ ਮਾਹਿਰ ਕਾਊਂਸਲਰਾਂ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਕਾਲਰਸ਼ਿਪ ਟੈਸਟ ਦੇ ਨਾਲ-ਨਾਲ ਵਿਦਿਆਰਥੀ ਸੰਸਥਾ ਦੀ ਵੈਬਸਾਈਟ www.babafaridgroup.com ‘ਤੇ ਉਪਲੱਬਧ ਆਨ-ਲਾਈਨ ਐਪਟੀਚਿਊਡ ਟੈਸਟ ਵੀ ਜ਼ਰੂਰ ਦੇਣ ਅਤੇ ਆਪਣੀ ਯੋਗਤਾ, ਸਮਰੱਥਾ ਅਤੇ ਰੁਚੀ ਅਨੁਸਾਰ ਹੀ ਸਹੀ ਕਰੀਅਰ ਚੁਨਣ । ਉਨ੍ਹਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵਿਖੇ ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਵਿਭਾਗ ਵਿੱਚ ਵਿਦਿਆਰਥੀ ਕਿਸੇ ਵੀ ਸਮੇਂ ਸਹੀ ਸਲਾਹ ਪ੍ਰਾਪਤ ਕਰ ਸਕਦੇ ਹਨ।

 

Install Punjabi Akhbar App

Install
×