ਨਿਊ ਸਾਊਥ ਵੇਲਜ਼ ਵਿਚਲੇ ਦੋ ਵੋਕੇਸ਼ਨਲ ਸਕੂਲਾਂ ਦੇ ਨਿਰਮਾਣ ਖਾਤਰ ਸਕੈਚ ਜਾਰੀ

ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਬਣਾਏ ਜਾ ਰਹੇ ਦੋ ਵੋਕੇਸ਼ਨਲ ਸਕੂਲਾਂ (ਸੈਵਨ ਹਿਲਜ਼ ਹਾਈ ਸਕੂਲ ਅਤੇ ਟਵੀਡ ਰਿਵਰ ਹਾਈ ਸਕੂਲ) ਦੇ ਨਿਰਮਾਣ ਹਿੱਤ ਕੰਮ ਜ਼ੋਰਾਂ ਤੇ ਹੈ ਅਤੇ ਇਸ ਦੌਰਾਨ ਇਨ੍ਹਾਂ ਦੋਹਾਂ ਸਕੂਲਾਂ ਦੇ ਸਕੈਚ ਵੀ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ।
ਮੁਹਾਰਤਾਂ ਅਤੇ ਟੈਰਿਟਰੀ ਸਿੱਖਿਆ ਵਾਲੇ ਵਿਭਾਗਾਂ ਦੇ ਮੰਤਰੀ ਜਿਓਫ ਲੀ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਅੰਦਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਤਕਨੀਕੀ ਪੱਧਰ ਦੀਆਂ ਸਿੱਖਿਆਵਾਂ ਅਤੇ ਸਿਖਲਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਕਿ ਉਨ੍ਹਾਂ ਦੇ ਭਵਿੱਖ ਲਈ ਬਹੁਤ ਹੀ ਉਸਾਰੂ ਅਤੇ ਲਾਹੇਵੰਦ ਸਾਬਿਤ ਹੋਣਗੀਆਂ।
ਸੈਵਨ ਹਿਲ ਖੇਤਰ ਤੋਂ ਐਮ.ਪੀ. ਮਾਰਕ ਟੇਲਰ ਨੇ ਇਸ ਬਾਬਤ ਕਿਹਾ ਕਿ ਸਰਕਾਰ ਦਾ ਉਕਤ ਕਦਮ ਵਧੀਆ ਹੈ ਅਤੇ ਖੇਤਰ ਦੇ ਨਿਵਾਸੀਆਂ ਲਈ ਹਰ ਪੱਖੋਂ ਹੀ ਲਾਹੇਵੰਦ ਸਾਬਿਤ ਹੋਵੇਗਾ।
ਟਵੀਡ ਖੇਤਰ ਤੋਂ ਐਮ.ਪੀ. ਜਿਓਫ ਪ੍ਰੋਵੈਸਟ ਨੇ ਵੀ ਇਸ ਦੀ ਪ੍ਰੋੜਤਾ ਅਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਲਾਕੇ ਦੀ ਤਰੱਕੀ ਅਤੇ ਖਾਸ ਕਰਕੇ ਬੱਚਿਆਂ ਦੇ ਸੁਨਹਿਰੇ ਭਵਿੱਖ ਵਾਸਤੇ ਸਰਕਾਰ ਜੋ ਕਦਮ ਚੁੱਕ ਰਹੀ ਹੈ, ਉਹ ਸ਼ਲਾਘਾ ਯੋਗ ਹਨ ਅਤੇ ਉਹ ਤਹਿ ਦਿਲੋਂ ਸਰਕਾਰ ਦਾ ਧੰਨਵਾਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਚਾਰ ਸਾਲਾਂ ਵਿੱਚ ਅਜਿਹੇ ਕਾਰਜਾਂ ਵਾਸਤੇ 7 ਬਿਲੀਅਨ ਡਾਲਰਾਂ ਦੇ ਫੰਡ ਦਾ ਨਿਵੇਸ਼ ਕਰ ਰਹੀ ਹੈ ਜਿਨ੍ਹਾਂ ਤਹਿਤ ਰਾਜ ਦੇ 200 ਸਕੂਲਾਂ ਦਾ ਨਵਨਿਰਮਾਣ ਅਤੇ ਜਾਂ ਫੇਰ ਨਵੇਂ ਸਕੂਲਾਂ ਦਾ ਨਿਰਮਾਣ ਆਦਿ ਸ਼ਾਮਿਲ ਹਨ।

Install Punjabi Akhbar App

Install
×