5 ਮਹੀਨਿਆਂ ਬਾਅਦ ਮੈਲਬੋਰਨ ਪਹੁੰਚੀ ਪਹਿਲੀ ਅੰਤਰ-ਰਾਸ਼ਟਰੀ ਫਲਾਈਟ

ਵਿਕਟੋਰੀਆ ਵਿੱਚ ਲਗਾਤਾਰ 38ਵਾਂ ਦਿਨ ਚੱਲ ਰਿਹਾ ਹੈ ਕਿ ਕਰੋਨਾ ਦਾ ਕੋਈ ਵੀ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਹੋਇਆ। ਇਸ ਦੇ ਨਾਲ ਹੀ ਅੰਤਰ-ਰਾਸ਼ਟਰੀ ਉਡਾਣਾਂ ਦੇ ਖੋਲ੍ਹਣ ਨਾਲ ਅੱਜ ਮੈਲਬੋਰਨ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਉਪਰ ਸ੍ਰੀ ਲੰਕਾ ਤੋਂ ਪਹਿਲੀ ਫਲਾਈਟ ਯੂ.ਐਲ. 604 ਪਹੁੰਚੀ ਤਾਂ ਹਰ ਕਿਸੇ ਨੇ ਇਸ ਫਲਾਈਟ ਦਾ ਸਵਾਗਤ ਕੀਤਾ। ਲਗਾਤਾਰ 5 ਮਹੀਨੇ ਅੰਤਰ-ਰਾਸ਼ਟਰੀ ਫਲਾਈਟਾਂ ਬੰਦ ਰਹਿਣ ਪਿੱਛੋਂ ਹੁਣ ਮੁੜ ਤੋਂ ਚਾਲੂ ਕਰ ਦਿੱਤੀਆਂ ਗਈਆਂ ਹਨ। ਵਿਕਟੋਰੀਆ ਦਾ ਹੋਟਲ ਕੁਆਰਨਟੀਨ ਪ੍ਰੋਗਰਾਮ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਅੱਜ ਆਉਣ ਵਾਲੀ ਫਲਾਈਟ ਵਿੱਚ 253 ਯਾਤਰੀ ਹਨ ਅਤੇ ਇਨ੍ਹਾਂ ਵਿੱਚ 8 ਅੰਤਰ-ਰਾਸ਼ਟਰੀ ਯਾਤਰੀ ਵੀ ਸ਼ਾਮਿਲ ਹਨ। ਜ਼ਿਕਰਯੋਗ ਇਹ ਵੀ ਹੈ ਕਿ ਵਿਕਟੋਰੀਆ ਅੰਦਰ ਜਦੋਂ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਹੋਟਲ ਕੁਆਰਨਟੀਨ ਵਾਲਾ ਮਾਮਲਾ ਭਖਿਆ ਸੀ ਤਾਂ ਅੰਤਰ-ਰਾਸ਼ਟਰੀ ਯਾਤਰੀਆਂ ਦੇ ਦਾਖਲ ਹੋਣ ਤੇ ਪੂਰੀ ਤਰ੍ਹਾਂ ਪਾਬੰਧੀ ਲਗਾ ਦਿੱਤੀ ਗਈ ਸੀ ਪਰੰਤੂ ਇਸ ਦੌਰਾਨ 18000 ਵਿਅਕਤੀ ਕਰੋਨਾ ਕਾਰਨ ਸਥਾਪਿਤ ਹੋ ਗਏ ਸਨ ਅਤੇ 800 ਕੀਮਤੀ ਜਾਨਾਂ ਵੀ ਗੁਆਣੀਆਂ ਪਈਆਂ ਸਨ। ਹੁਣ ਮੁੜ ਤੋਂ ਸ਼ੁਰੂ ਕੀਤੇ ਗਏ ਹੋਟਲ ਕੁਆਰਨਟੀਨ ਵਿੱਚ 11 ਏਅਰਪੋਰਟ ਅਤੇ ਸੀ.ਬੀ.ਡੀ. ਹੋਟਲ ਸ਼ਾਮਿਲ ਹਨ ਅਤੇ ਇਨ੍ਹਾਂ ਵਿੰਚ ਸਟੈਮਫੋਰਡ ਦਾ ਹੋਟਲ ਵੀ ਸ਼ਾਮਿਲ ਹੈ ਜਿਸ ਵਿੱਚ ਕਿ ਜੂਨ ਦੇ ਮਹੀਨੇ ਵਿੱਚ ਕਰੋਨਾ ਦਾ ਇਨਫੈਕਸ਼ਨ ਵਧਿਆ ਸੀ ਅਤੇ ਇਹ ਹੋਟਲ ਕਾਫੀ ਸੁਰਖੀਆਂ ਵਿੱਚ ਰਿਹਾ ਸੀ ਅਤੇ ਇਸ ਹੋਟਲ ਕੁਆਰਨਟੀਨ ਨੂੰ ਹੁਣ ਵਿਕਟੋਰੀਆ ਪੁਲਿਸ ਅਤੇ ਆਸਟ੍ਰੇਲੀਆਈ ਡਿਫੈਂਸ ਫੋਰਸ ਸੰਭਾਲ ਰਹੇ ਹਨ। ਹੋਟਲ ਕੁਆਰਨਟੀਨ ਹੋਣ ਵਾਲੇ ਯਾਤਰੀਆਂ ਵਾਸਤੇ 14 ਦਿਨਾਂ ਦੇ ਕੁਆਰਨਟੀਨ ਵਾਸਤੇ 3500 ਡਾਲਰਾਂ ਦੀ ਫੀਸ ਰੱਖੀ ਗਈ ਹੈ ਅਤੇ ਹੋਟਲ ਦੇ ਅੰਦਰਵਾਰ ਕਸਰਤ ਵਰਗੀਆਂ ਸਹੂਲਤਾਂ ਉਪਰ ਵੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਅਤੇ ਇਹ ਇਸ ਲਈ ਕੀਤਾ ਗਿਆ ਹੈ ਕਿ ਕੋਈ ਵੀ ਬਿਨ੍ਹਾਂ ਦੱਸੇ ਹੋਟਲ ਤੋਂ ਬਾਹਰ ਜਾ ਹੀ ਨਾ ਸਕੇ ਕਿਉਂਕਿ ਹੁਣੇ ਹੁਣ ਸਾਹਮਣੇ ਆਏ ਇੱਕ ਮਾਮਲੇ ਵਿੱਚ ਦੋ ਜਰਮਨ ਯਾਤਰੀ ਜੋ ਕਿ ਟੋਕਿਯੋ ਤੋਂ ਆਏ ਸਨ ਪਰੰਤੂ ਸਿਡਨੀ ਵਿੱਚ ਉਤਰ ਕੇ ਉਹ ਕੁਆਰਨਟੀਨ ਨਹੀਂ ਹੋਏ ਅਤੇ ਸਿੱਧਾ ਮੈਲਬੋਰਨ ਲਈ ਵਰਜਿਨ ਫਲਾਈਟ ਨੰਬਰ ਵੀ.ਏ. 838 ਉਪਰ ਸਵਾਰ ਹੋ ਕੇ ਮੈਲਬੋਰਨ ਪਹੁੰਚ ਗਏ। ਇਸ ਕਾਰਨ ਉਨ੍ਹਾਂ ਯਾਤਰੀਆਂ ਨੂੰ ਤਾਂ ਹੁਣ ਹੋਟਲ ਕੁਆਰਨਟੀਨ ਹੋਣਾ ਹੀ ਪਿਆ ਹੈ ਸਗੋਂ ਉਨ੍ਹਾਂ ਦੇ ਨਾਲ ਨਾਲ ਘੱਟੋ ਘੱਟ 200 ਹੋਰ ਯਾਤਰੀ ਅਤੇ ਕੁੱਝ ਕਰੂ ਮੈਂਬਰਾਂ ਨੂੰ ਵੀ ਸੈਲਫ-ਕੁਆਰਨਟੀਨ ਕੀਤਾ ਗਿਆ ਹੈ।

Install Punjabi Akhbar App

Install
×