ਪਲੇਠੇ ਪੰਜਾਬੀ ਫਿਲਮ ਮੇਲੇ ਦੀਆਂ ਤਿਆਰੀਆਂ ਮੁਕੰਮਲ! ਭਾਰਤ ਤੋਂ ਉਚੇਚੇ ਤੌਰ ‘ਤੇ ਨਵਤੇਜ ਸੰਧੂ ਪੁੱਜੇ।

poster002
ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵਲੋਂ ਹਾਬਸਨ ਗਰੁੱਪ ਅਤੇ ਸਪਾਰਕਲਸ ਜਿਊਲਰਜ਼ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਪਹਿਲੇ ਪੰਜਾਬੀ ਫਿਲਮ ਫੈਸਟੀਵਲ (14 ਨਵੰਬਰ ਅਤੇ 15 ਨਵੰਬਰ) ਦੀਆਂ ਤਿਆਰੀਆਂ ਨੂੰ ਅੱਜ ਅੰਤਮ ਛੋਹਾਂ ਪ੍ਰਦਾਨ ਕੀਤੀਆਂ ਗਈਆਂ। ਜਿੱਥੇ ਅੱਜ ਪੰਜਾਬੀ ਫਾਊਂਡੇਸ਼ਨ ਦੇ ਵਲੰਟੀਅਰਜ਼ ਵਲੋਂ ਡਰੀਮ ਸੈਂਟਰ ਮੈਨੂਕਾਊ ਵਿਖੇ ਜਾ ਕੇ ਸਿਨੇਮਾਂ ਘਰਾਂ ਦਾ ਜਾਇਜ਼ਾ ਲਿਆ ਗਿਆ, ਉੱਥੇ ਵੱਖ-ਵੱਖ ਵੰਨਗੀਆਂ ਵਾਲੀਆਂ ਡਾਕੂਮੈਂਟਰੀ ਅਤੇ ਫੀਚਰ ਫਿਲਮਾਂ ਨੂੰ ਦਰਸ਼ਕਾਂ ਤੱਕ ਤਰਤੀਬਵਾਰ ਲਹਿਜੇ ਨਾਲ ਪ੍ਰਦਰਸ਼ਿਤ ਕਰਨ ਦੀ ਯੋਜਨਾ ਲਈ ਆਪਣੇ ਕਾਰੋਬਾਰੀ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਗਿਆ।ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੀ ਇਸ ਉੱਦਮ ਵਿੱਚ ਭਾਈਵਾਲ ਹਨ।ਅੰਮ੍ਰਿਤਸਰ ਤੋਂ ਉੱਘੇ ਫਿਲਮਸਾਜ਼ ਨਵਤੇਜ ਸੰਧੂ ਅੱਜ ਪਹੁੰਚ ਚੁੱਕੇ ਹਨ  ਜਲਦ ਹੀ ਸਿਡਨੀ ਤੋਂ ਮੈਡਮ ਸੁੱਖੀ ਬੱਲ, ਮੈਲਬੌਰਨ ਤੋਂ ਗੁਰਮੀਤ ਸਰਾਂ ਅਤੇ ਡਾ. ਸੋਨੀਆ ਸਿੰਘ ਵੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਪਹੁੰਚ ਰਹੇ ਹਨ। ਦਰਸ਼ਕ ਬਿਲਕੁਲ ਮੁਫਤ ਵਿੱਚ,  ਆਉਂਦੇ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਵਿਸ਼ੇਸ਼ ਦਾਖਲਾ ਪੱਤਰ (ਪਹਿਲਾਂ ਆਉ, ਪਹਿਲਾਂ ਪਾਉ) ਦੇ ਆਧਾਰ ‘ਤੇ ਇਸ ਫਿਲਮ ਫੈਸਟੀਵਲ ਦੇ ਚਾਰ ਵੱਖ-ਵੱਖ ਸੈਸ਼ਨਾਂ ਦਾ ਲੁਤਫ ਮਾਣ ਸਕਦੇ ਹਨ।