30 ਮਹੀਨਿਆਂ ਤੋਂ ਵੀ ਵੱਧ ਸਮਾਂ ਬਾਅਦ, ਕਰੂਜ਼ ਸ਼ਿਪ ਪਹੁੰਚਿਆ ਮੈਲਬੋਰਨ

ਵਿਕਟੌਰੀਆ ਰਾਜ ਵਿੱਚ ਕਰੋਨਾ ਕਾਲ਼ ਦੌਰਾਨ ਕਰੂਜ਼ ਸ਼ਿਪਾਂ ਦੀ ਆਵਾਜਾਈ ਉਪਰ ਪੂਰਨ ਪਾਬੰਧੀ ਲੱਗੀ ਰਹੀ ਸੀ ਅਤੇ ਹੁਣ ਪੂਰੇ 30 ਮਹੀਨਿਆਂ ਤੋਂ ਬਾਅਦ, ਕਾਰਨੀਵਾਲ ਆਸਟ੍ਰੇਲੀਆ ਦਾ ਕੋਰਾਲ ਪ੍ਰਿੰਸੇਸ ਵੈਸਲ, ਨੇ ਮੈਲਬੋਰਨ ਦੇ ਡੋਕਯਾਰਡ ਉਪਰ ਐਂਟਰੀ ਮਾਰੀ ਹੈ। ਇਸ ਕਰੂਜ਼ ਸ਼ਿਪ ਵਿੱਚ 2500 ਮਹਿਮਾਨ ਯਾਤਰੀ ਆਏ ਹਨ ਅਤੇ ਇਸ ਦੇ ਨਾਲ ਹੀ ਵਿਕਟੌਰੀਆ ਰਾਜ ਦੀ ਅਰਥ ਵਿਵਸਥਾ ਵਿੱਚ ਸਹਿਯੋਗ ਪਾਉਣ ਵਾਲਾ ਬਿਲੀਅਨ ਡਾਲਰਾਂ ਦਾ ਇਹ ਉਦਯੋਗ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਕੁੱਝ ਹੀ ਮਹੀਨਿਆਂ ਦੌਰਾਨ ਜੋ ‘ਸਮਰ ਕਰੂਜ਼ਿੰਗ ਸੀਜ਼ਨ’ ਦੀ ਸ਼ੁਰੂਆਤ ਹੋਣ ਹੀ ਵਾਲੀ ਹੈ, ਤਾਂ ਇਸ ਦੌਰਾਨ 13 ਹੋਰ ਕਰੂਜ਼ ਸ਼ਿਪਾਂ ਦੇ ਮੈਲਬੋਰਨ ਆਵਾਗਮਨ ਦੀ ਸੂਚੀ ਜਾਰੀ ਕੀਤੀ ਜਾ ਚੁਕੀ ਹੈ।
ਇਸ ਆਉਣ ਵਾਲੀ ਗਰਮੀ ਦੇ ਮੌਸਮ ਦੌਰਾਨ ਰਾਜ ਦੀ ਅਰਥ ਵਿਵਸਥਾ ਵਿੱਚ 115 ਮਿਲੀਅਨ ਡਾਲਰਾਂ ਦੀ ਭਰਪਾਈ ਇਸੇ ਉਦਯੋਗ ਰਾਹੀਂ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਆਉਣ ਵਾਲੇ ਸਮਿਆਂ ਵਿੱਚ ਕਿਉਂਕਿ ਮੈਲਬੋਰਨ ਕੱਪ ਅਤੇ ਆਸਟ੍ਰੇਲੀਆਈ ਓਪਨ ਵੀ ਹੋਣੇ ਹਨ ਇਸ ਵਾਸਤੇ ਇਨ੍ਹਾਂ ਮੋਕਿਆਂ ਦੌਰਾਨ ਕੌਮੀ ਪੱਧਰ ਉਪਰ ਇਸ ਕਮਾਈ ਦਾ ਆਂਕੜਾ 5 ਬਿਲੀਅਨ ਡਾਲਰ ਦਾ ਲਗਾਇਆ ਗਿਆ ਹੈ।