ਯੂ.ਕੇ. ਨਾਲ ਹੋਈ ਡੀਲ ਤਹਿਤ, ਫਾਈਜ਼ਰ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਸਿਡਨੀ

ਬੀਤੀ ਰਾਤ, ਸਿਡਨੀ ਅੰਤਰ ਰਾਸ਼ਟਰੀ ਹਵਾਈ ਅੱਡੇ ਉਪਰ, ਆਸਟ੍ਰੇਲੀਆ ਅਤੇ ਯੂ.ਕੇ. ਦਰਮਿਆਨ ਹੋਏ ਸਮਝੌਤੇ ਦੇ ਤਹਿਤ, ਫਾਈਜ਼ਰ ਕਰੋਨਾ ਵੈਕਸੀਨ ਦੀਆਂ 5 ਲੱਖ ਡੋਜ਼ਾਂ ਦੀ ਪਹਿਲੀ ਖੇਪ ਪਹੁੰਚ ਗਈ ਹੈ ਅਤੇ ਲੈਫਟੀਨੈਂਟ ਜਨਰਲ ਜੋਹਨ ਫਰੀਵਨ -ਜੋ ਕਿ ਆਸਟ੍ਰੇਲੀਆਈ ਵੈਕਸੀਨ ਵਿਤਰਣ ਦੇ ਇਨਚਾਰਜ ਹਨ, ਨੇ ਕਿਹਾ ਇਸ ਨਾਲ ਦੇਸ਼ ਅੰਦਰ ਕਰੋਨਾ ਖ਼ਿਲਾਫ਼ ਚੱਲ ਰਹੇ ਟੀਕਾਕਰਣ ਅਭਿਆਨ ਨੂੰ ਨਵੀਆਂ ਦਿਸ਼ਾਵਾਂ ਮਿਲਣਗੀਆਂ ਅਤੇ ਜਲਦੀ ਹੀ ਦੇਸ਼ ਦਾ ਹਰ ਵਿਅਕਤੀ ਕਰੋਨਾ ਤੋਂ ਬਚਾਉਣ ਵਾਲੀ ਵੈਕਸੀਨ ਲੈ ਕੇ ਸੁਰੱਖਿਅਤ ਹੋ ਚੁਕਿਆ ਹੋਵੋਗਾ।
ਉਨ੍ਹਾਂ ਇਹ ਵੀ ਕਿਹਾ ਕਿ ਯੂ.ਕੇ. ਨਾਲ ਡੀਲ ਮੁਤਾਬਿਕ, ਦੇਸ਼ ਵਾਸਤੇ 4 ਮਿਲੀਅਨ ਡੋਜ਼ਾਂ ਬੁੱਕ ਕੀਤੀਆਂ ਗਈਆਂ ਹਨ ਅਤੇ ਇਹ ਪਹਿਲੀ ਖੇਪ ਹੀ ਪਹੁੰਚੀ ਹੈ ਅਤੇ ਬਾਕੀ ਦੀਆਂ 3.5 ਮਿਲੀਅਨ ਡੋਜ਼ਾਂ ਵੀ ਇਸੇ ਮਹੀਨੇ ਹੀ ਆ ਜਾਣਗੀਆਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮੋਡਰੇਨਾ ਦੀਆਂ 1 ਮਿਲੀਅਨ ਡੋਜ਼ਾਂ ਵੀ ਇਸੇ ਹਫ਼ਤੇ ਪਹੁੰਚਣ ਬਾਰੇ ਵੀ ਪੱਕੀ ਉਮੀਦ ਜਤਾਈ ਹੈ।
ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ 9400 ਅਜਿਹੀਆਂ ਥਾਂਵਾਂ ਹਨ ਜਿੱਥੇ ਕਿ ਉਕਤ ਟੀਕੇ ਲਗਾਏ ਜਾ ਰਹੇ ਹਨ ਅਤੇ ਹੁਣ ਅਗਲੇ ਕੁੱਝ ਹੀ ਦਿਨਾਂ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਕਤ ਥਾਂਵਾਂ ਦੀ ਗਿਣਤੀ 10,000 ਤੋਂ ਵੀ ਜ਼ਿਆਦਾ ਹੋ ਜਾਵੇਗੀ।

Welcome to Punjabi Akhbar

Install Punjabi Akhbar
×