ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਆਮਦ ‘ਤੇ ਸਕਾਈ ਟਾਵਰ ਵਿਖੇ ਦਿਲਕਸ਼ ਆਤਿਸ਼ਬਾਜੀ

NZ PIC 31 Dec-1
ਇਹ ਗੱਲ ਵੀ ਪ੍ਰਚਲਿਤ ਹੈ ਕਿ ਪੂਰੇ ਵਿਸ਼ਵ ਦੇ ਵਿਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਚ ਨਵਾਂ ਸਾਲ ਚੜ੍ਹਦਾ ਹੈ, ਇਸ ਗੱਲ ਦਾ ਤਾਂ ਕੁਦਰਤ ਨੂੰ ਪਤਾ ਹੋਵੇਗਾ ਪਰ ਇਹ ਗੱਲ ਜਰੂਰ ਸੱਚ ਹੈ ਕਿ ਇਥੇ ਨਵੇਂ ਸਾਲ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਘਰ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ। ਅੱਜ ਪੂਰਾ ਦਿਨ ਔਕਲੈਂਡ, ਹੇਸਟਿੰਗ, ਗਿਸਬੋਰਨ, ਟੋਰੰਗਾ, ਵਲਿੰਗਟਨ ਅਤੇ ਹੋਰ ਦੂਜੇ ਸ਼ਹਿਰਾਂ ਦੇ ਵਿਚ ਕਾਫੀ ਚਹਿਲ-ਪਹਿਲ ਅਤੇ ਗੀਤ ਸੰਗਤੀ ਦੇ ਪ੍ਰੋਗਰਾਮ ਰੱਖੇ ਗਏ। ਸਭ ਤੋਂ ਦਿਲਕਸ਼ ਨਜ਼ਾਰਾ ਆਕਲੈਂਡ ਦੀ ਸ਼ਾਨ ਜਾਂ ਕਹਿ ਲਈਏ ਦੇਸ਼ ਦੀ ਸ਼ਾਨ ਸਕਾਈ ਟਾਵਰ ਸੀ। 328 ਮੀਟਰ ਉਚੇ ਇਸ ਟਾਵਰ ਉਤੇ ਰਾਤ 12 ਵਜੇ ਸੁੰਦਰ ਆਤਿਸ਼ਬਾਜੀ ਕੀਤੀ ਗਈ ਜਿਸ ਨੂੰ ਵੇਖਣ ਲਈ ਲੋਕ ਘੰਟਿਆਂ ਬੱਧੀ ਖੜ੍ਹੇ ਹੋਏ ਸਨ। ਪੂਰੇ ਸ਼ਹਿਰ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ ਸੀ।
ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨਾਂ ਅੰਦਰ ਵੀ ਵਿਸ਼ੇਸ਼ ਕੀਰਤਨ ਸਮਾਗਮ ਕਰਕੇ ਅੱਧੀ ਰਾਤ 12 ਵਜੇ ਨਵੇਂ ਸਾਲ ਨੂੰ ਅਰਦਾਸ ਕਰਕੇ ਜੀ ਆਇਆਂ ਆਖਿਆ ਗਿਆ ਅਤੇ ਸਰਬੱਤ ਦਾ ਭਲਾ ਮੰਗਿਆ ਗਿਆ। ਗੁਰਦੁਆਰਾ ਨਾਨਕਸਰ ਠਾਠ ਵਿਖੇ ਅੱਜ ਰਾਤ ਵਿਸ਼ੇਸ਼ ਦੀਵਾਨ ਸਜੇ। ਇਸੀ ਤਰ੍ਹਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਉਟਾਹੂਹੂ ਵਿਖੇ ਵੀ ਵਿਸ਼ੇਸ਼ ਕੀਰਤਨ ਸਮਾਗਮ ਕੀਤੇ ਗਏ।