
ਲੁਧਿਆਣਾ- ਲੁਧਿਆਣਾ ਓਮੈਕਸ ਫ਼ਲੈਟਾਂ (ਪੱਖੋਵਾਲ ਰੋਡ) ਦੇ ਵਾਸੀਆਂ ਵੱਲੋਂ ਗੁਰਮੇਲ ਸਿੰਘ ਗਿੱਲ ਸਾਬਕਾ ਬੈਂਕ ਅਫਸਰ ਦੇ ਯਤਨਾਂ ਨਾਲ ਡਾ ਸੰਦੀਪ, ਡਾ ਗੁਰਦਾਸ, ਡਾ ਸੁਰਜੀਤ ਗਰਗ, ਡਾ ਅਸੀਸ਼ ਪਾਸੀ, ਮਨਜੀਤ ਸਿੰਘ ਜੱਗੀ, ਪ੍ਰਮਿੰਦਰ ਸਿੰਘ ਸੋਢੀ ਸਾਬਕਾ ਬੈਂਕ ਅਫਸਰ,ਦੇ ਸਹਿਯੋਗ ਨਾਲ , ਦਿੱਲੀ ਵਿੱਖੇ ਦੇਸ਼ ਵਿਆਪੀ ਕਿਸਾਨ- ਮਜ਼ਦੂਰ ਸੰਘਰਸ਼ ਵਿੱਚ ਆਰ – ਪਾਰ ਦੀ ਲੜਾਈ ਲੜ ਰਹੇ ਬਹਾਦਰ ਲੋਕਾਂ ਲਈ ਇਕ ਟਰੱਕ ਲੱਕੜੀ ਦਾ ਬਾਲਣ ਰਵਾਨਾ ਹੋਇਆ। ਇਸੇ ਸਮੇਂ ਲੁਧਿਆਣਾ ਦੇ ਹੋਰ ਸਹਿਯੋਗੀਆਂ ਵੱਲੋਂ 50 ਗੱਦੇ ਅਤੇ 23 ਤਰਪਾਲਾਂ ਵੀ ਇਸ ਟਰੱਕ ਰਾਹੀਂ ਇਸ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਭੇਜੇ ਗਏ। ਇਨਕਲਾਬੀ ਕੇਂਦਰ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਜਸਵੰਤ ਜੀਰਖ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੰਘਰਸ਼ ਦਿਨੋ ਦਿਨ ਇਕ ਲੋਕ ਲਹਿਰ ਬਣਕੇ ਵੱਡੇ ਅੰਦੋਲਨ ਦਾ ਰੂਪ ਧਾਰ ਗਿਆ ਹੈ, ਜਿਸ ਵਿੱਚ ਹਰ ਇਨਸਾਫ਼ ਪਸੰਦ ਅਤੇ ਲੋਕ ਪੱਖੀ ਨਾਗਰਿਕ ਆਪਣਾ ਹਿੱਸਾ ਪਾਕੇ ਇਸ ਨੂੰ ਮਜ਼ਬੂਤ ਬਣਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਸਵੇਰੇ 6.30 ਵਜੇ ਉਪਰੋਕਤ ਟਰੱਕ ਦਿੱਲੀ ਲਈ ਰਵਾਨਾ ਹੋ ਚੁੱਕਾ ਹੈ ਜੋ ਟਿੱਕਰੀ ਬਾਡਰ ਤੇ ਪਹੁੰਚਕੇ ਉੱਥੇ ਲੋਕਾਂ ਦੇ ਵੱਖ ਵੱਖ ਟਿਕਾਣਿਆਂ ਤੇ ਇਹ ਸਮਾਨ ਪਹੁੰਚਾਵੇਗਾ। ਉਹਨਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਲੋਕ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੀ ਫੜੀ ਅੜੀ ਨੂੰ ਸੱਤ੍ਹਾ ਦਾ ਗਰੂਰ ਐਲਾਨਦਿਆਂ ਸੰਵਿਧਾਨ ਦੀ ਘੋਰ ਉਲੰਘਣਾ ਕਰਾਰ ਦਿੱਤਾ। ਕਿੰਨੇ ਹੀ ਕਿਰਤੀ ਲੋਕਾਂ ਦੀ ਇਸ ਸੰਘਰਸ਼ ਵਿੱਚ ਜਾਨ ਜਾ ਚੁੱਕੀ ਹੈ ਜਿਸ ਲਈ ਕੇਂਦਰ ਸਰਕਾਰ ਸਿੱਧੇ ਰੂਪ ਵਿੱਚ ਜ਼ੁੰਮੇਵਾਰ ਹੈ । ਉਹਨਾਂ ਕਿਹਾ ਕਿ ਇਸ ਸਰਕਾਰ ਵੱਲੋਂ ਦੇਸ਼ ਦੇ ਸਾਰੇ ਕਮਾਊ ਅਦਾਰੇ ਵੱਡੇ ਪੂਜੀਪਤੀਆਂ ਕੋਲ ਵੇਚੇ ਜਾ ਰਹੇ ਹਨ, ਜਿਸ ਸਦਕਾ ਦੇਸ਼ ਦੀ ਆਰਥਿਕਤਾ ਡਗਮਗਾ ਚੁੱਕੀ ਹੈ । ਦੇਸ਼ ਨੂੰ ਫਿਰ ਸਿੱਧੇ ਤੌਰ ਤੇ ਪੂੰਜੀਪਤੀਆਂ ਦਾ ਗੁਲਾਮ ਬਣਾਉਣ ਦੇ ਰਾਹ ਟੁਰੀ ਇਸ ਸਰਕਾਰ ਦਾ ਮੂੰਹ ਸਿਰਫ ਲੋਕ ਤਾਕਤ ਨਾਲ ਹੀ ਮੋੜਿਆ ਜਾ ਸਕਦਾ ਹੈ ਜੋ ਮੋੜਿਆ ਜਾ ਰਿਹਾ ਹੈ।ਉਹਨਾਂ ਕਿਸਾਨ ਆਗੂਆਂ ਵੱਲੋਂ ਦਿੱਤੇ “ਮਰਾਂਗੇ ਜਾਂ ਜਿੱਤਾਂਗੇ” ਦੇ ਨਾਹਰੇ ਲਈ ਉਹਨਾਂ ਦੇ ਦ੍ਰਿੜ੍ਹ ਇਰਾਦਿਆਂ ਦੀ ਪ੍ਰਸੰਸਾ ਕੀਤੀ। ਇਸ ਲਈ ਹਰ ਦੇਸ਼ ਵਾਸੀ ਨੂੰ ਇਸ ਸੰਘਰਸ਼ ਵਿੱਚ ਬਣਦਾ ਹਿੱਸਾ ਪਾਕੇ ਦੇਸ਼ ਨੂੰ ਬਚਾਉਣ ਲਈ ਜ਼ੁੰਮੇਵਾਰੀ ਨਾਲ ਅੱਗੇ ਆਉਣ ਦੀ ਲੋੜ ਹੈ ਜੋ ਪੰਜਾਬ ਦੇ ਲੋਕ ਬਾਖੂਬੀ ਨਿਭਾਅ ਰਹੇ ਹਨ।