ਫਰੀਦਕੋਟ -ਫਿਰੋਜ਼ਪੁਰ ਸੜਕ ਤੇ ਗੋਲੇਵਾਲਾ ਨੇੜੇ ਲੱਗੀ ਭਿਆਨਕ ਅੱਗ, ਆਵਾਜਾਈ ਪ੍ਰਭਾਵਿਤ

ਪਿੰਡ ਗੋਲੇਵਾਲਾ ਦੇ ਲੋਕਾਂ ਦੀ ਹਿੰਮਤ ਨਾਲ ਪਾਇਆ ਅੱਗ ਤੇ ਕਾਬੂ ਫਾਇਰ ਬ੍ਰਿਗੇਡ ਵੀ ਪੁੱਜੀ

(ਫਰੀਦਕੋਟ-ਫਿਰੋਜ਼ਪੁਰ ਸੜਕ ਤੇ ਲੱਗੀ ਭਿਆਨਕ ਅੱਗ ਦਾ ਦ੍ਰਿਸ਼। ਤਸਵੀਰ: ਗੁਰਭੇਜ ਸਿੰਘ ਚੌਹਾਨ)

(ਫਰੀਦਕੋਟ) -ਫਰੀਦਕੋਟ -ਫਿਰੋਜ਼ਪੁਰ ਸੜਕ ਤੇ ਪਿੰਡ ਗੋਲੇਵਾਲਾ ਨੇੜੇ ਸੜਕ ਲਾਗਲੇ ਖੇਤ ਨੂੰ ਕਿਸੇ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਅੱਗ ਤੇਜੀ ਨਾਲ ਸੜਕ ਦੇ ਦੋਹਾਂ ਕਿਨਾਰਿਆਂ ਤੇ ਲੱਗੇ ਸਫੈਦੇ ਦੇ ਰੁੱਖਾਂ ਦੇ ਡਿੱਗੇ ਪਏ ਸੁੱਕੇ ਪੱਤਿਆਂ ਨੂੰ ਲੱਗਕੇ 2 ਕਿਲੋਮੀਟਰ ਤੱਕ ਫੈਲ ਗਈ। ਜਿਸ ਨਾਲ ਸੜਕ ਤੇ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਦੋਹਾਂ ਪਾਸਿਆਂ ਤੋਂ ਆਵਾਜਾਈ ਰੁਕ ਗਈ। ਦੋਹਾਂ ਪਾਸਿਆਂ ਤੋਂ ਆਉਣ ਵਾਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਮੌਕੇ ਸਕੂਲਾਂ ਦੇ ਬੱਚਿਆਂ ਨੂੰ ਵੀ ਛੁੱਟੀ ਹੋ ਚੁੱਕੀ ਸੀ ਅਤੇ ਉਨ੍ਹਾਂ ਦੀਆਂ ਵੈਨਾਂ ਵੀ ਰਸਤੇ ਚ ਰੋਕਣੀਆਂ ਪਈਆਂ। ਪਿੰਡ ਗੋਲੇਵਾਲਾ ਤੋਂ ਪਹੁੰਚੇ ਕੁੱਝ ਉੱਦਮੀ ਲੋਕਾਂ ਨੇ ਕਹੀਆਂ ਨਾਲ ਮਿੱਟੀ ਪਾ ਕੇ ਅਤੇ ਸਪਰੇਅ ਵਾਲੀਆਂ ਡਰੰਮੀਆਂ ਨਾਲ ਪਾਣੀ ਪਾ ਕੇ ਅੱਗ ਦੇ ਅੱਗੇ ਵਧਣ ਤੇ ਮੁਸ਼ਕਿਲ ਨਾਲ ਕਾਬੂ ਪਾਇਆ ਅਤੇ ਤਦ ਤੱਕ ਫਰੀਦਕੋਟ ਤੋਂ ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਅੱਗ ਤੇ ਸਮੇਂ ਸਿਰ ਕਾਬੂ ਪਾਉਣ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ 2 ਕਿਲੋਮੀਟਰ ਤੱਕ ਸੜਕ ਦੇ ਨਾਲ ਲੱਗੇ ਸਫੈਦੇ ਦੇ ਅਤੇ ਹੋਰ ਰੁੱਖ ਬੁਰੀ ਤਰਾਂ ਝੁਲਸ ਗਏ। ਅੱਗ ਦੀ ਸੂਚਨਾਂ ਪੁਲਿਸ ਚੌਕੀ ਗੋਲੇਵਾਲਾ ਨੂੰ ਦਿੱਤੀ ਗਈ ਜਿਸਤੇ ਸ: ਬਲਦੇਵ ਸਿੰਘ ਹੌਲਦਾਰ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਅਤੇ ਸਥਿੱਤੀ ਦਾ ਜਾਇਜਾ ਲਿਆ। ਉਨ੍ਹਾਂ ਦੱਸਿਆ ਕਿ ਜਿਸ ਵੀ ਕਿਸਾਨ ਦੇ ਖੇਤ ਵਿਚ ਅੱਗ ਲਾਉਣ ਕਾਰਨ ਰੁੱਖਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ, ਉਸਦਾ ਪਤਾ ਲਗਾਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Install Punjabi Akhbar App

Install
×