ਅੱਗ ਬੁਝਾਊ ਦਸਤਿਆਂ ਵਿਚ 208 ਨਵੇਂ ਰੰਗਰੂਟਾਂ ਦਾ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਵਾਗਤ

ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਰਾਜ ਦੇ ਅੱਗ ਬੁਝਾਊ ਦਸਤਿਆਂ (Fire and Rescue NSW (FRNSW)) ਵਿਚਲੇ 208 ਨਵੇਂ ਰੰਗਰੂਟਾਂ ਦਾ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਉਕਤ ਬੈਚ ਆਰਚਰਡ ਹਿਲਜ਼ ਦੀ ਅਕਾਦਮੀ ਵੱਲੋਂ ਸਿਖਿਅਤ ਕੀਤਾ ਗਿਆ ਹੈ ਅਤੇ ਉਨ੍ਹਾਂ ਸਭ ਨੂੰ ਸ਼ੁੱਭ ਇਛਾਵਾਂ ਸਹਿਤ ਵਿਭਾਗ ਵਿੱਚ ਸ਼ਾਮਿਲ ਕਰਕੇ ਰਾਜ ਵਿੱਚਲੀਆਂ ਸੇਵਾਵਾਂ ਵਾਸਤੇ ਤੈਨਾਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਭਾਗਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦਾ ਕੰਮ ਜੋਖਿਮ ਭਰਪੂਰ ਅਤੇ ਰੋਮਾਂਚਿਤ ਹੁੰਦਾ ਹੈ ਅਤੇ ਇਸ ਵਿਭਾਗ ਵਿੱਚ ਆਉਣ ਲਈ ਹਰ ਸਾਲ 8000 ਦੇ ਕਰੀਬ ਅਰਜ਼ੀਆਂ ਆਉਂਦੀਆਂ ਹਨ ਪਰੰਤੂ ਕੁੱਝ ਕੁ ਨੂੰ ਹੀ ਇਸ ਕੰਮ ਵਿੱਚ ਹਿੱਸਾ ਪਾਉਣ ਲਈ ਚੁਣਿਆ ਜਾਂਦਾ ਹੈ ਅਤੇ ਇਹ ਸਭ ਪਹਿਲਾਂ ਤੋਂ ਹੀ ਵਿਵਸਥਿਤ ਪ੍ਰਣਾਲੀ ਦਾ ਹਿੱਸਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਵਾਸਤੇ ਰਾਜ ਸਰਕਾਰ ਨੇ ਉਕਤ ਵਿਭਾਗ ਲਈ 900 ਮਿਲੀਅਨ ਡਾਲਰਾਂ ਦਾ ਫੰਡ ਨਿਸਚਿਤ ਕੀਤਾ ਹੈ ਅਤੇ ਇਸ ਵਿੱਚ ਵਿਭਾਗ ਦੇ ਕਰਮਚਾਰੀਆਂ ਦੀ ਸਿਹਤ ਸੰਭਾਲ, ਉਨ੍ਹਾਂ ਦੀ ਜ਼ਿੰਦਗੀ ਦੀ ਸੁਰੱਖਿਆ, ਆਦਿ ਲਈ ਖਰਚ ਕੀਤੇ ਜਾਣੇ ਹਨ।
ਉਕਤ ਵਿਭਾਗ ਦੇ ਕਮਿਸ਼ਨਰ ਪੌਲ ਬਕਸਟਰ ਨੇ ਵੀ ਅੱਜ ਦੀ ਇਸ ਕਾਰਵਾਈ ਵਿੱਚ ਨਵੇਂ ਰੰਗਰੂਟਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਸਾਡੇ ਸਾਹਮਣੇ 208 ਬਹਾਦਰ ਨੌਜਵਾਨ ਖੜ੍ਹੇ ਹਨ ਜਿਨ੍ਹਾਂ ਨੇ ਕਿ ਆਪਣੇ ਕੈਰੀਅਰ ਨੂੰ ਸਹੀ ਅਰਥਾਂ ਵਿੱਚ ਜਨਤਕ ਸੇਵਾਵਾਂ ਲਈ ਚੁਣਿਆ ਅਤੇ ਇਸ ਵਾਸਤੇ ਅਸੀਂ ਸਾਰੇ ਮਿਲ ਕੇ ਇਨ੍ਹਾਂ ਨਵੇਂ ਭਰਤੀ ਹੋਏ ਕਰਮਚਾਰੀਆਂ ਦਾ ਸਵਾਗਤ ਕਰਦੇ ਹਾਂ ਅਤੇ ਇਨ੍ਹਾਂ ਦੀਆਂ ਸੇਵਾਵਾਂ ਬਦਲੇ ਇਨ੍ਹਾਂ ਨੂੰ ਅਗਾਊਂ ਤੌਰ ਤੇ ਦਿਲੋਂ ਧੰਨਵਾਦ ਦਿੰਦੇ ਹਾਂ।
ਜ਼ਿਕਰਯੋਗ ਹੈ ਕਿ ਇਨ੍ਹਾਂ ਨਵੇਂ ਰੰਗਰੂਟਾਂ ਵਿੱਚ ਸਥਾਨਕ ਲੋਕਾਂ ਤੋਂ ਇਲਾਵਾ ਇੱਕ ਨੇਪਾਲੀ ਮੂਲ ਦਾ ਕਰਮਚਾਰੀ ਅਤੇ ਇੱਕ ਸਾਬਕਾ ਅਧਿਆਪਕ ਵੀ ਸ਼ਾਮਿਲ ਹਨ।

Install Punjabi Akhbar App

Install
×