ਨਾ ਬੀਬਾ ਨਾ… ਬੱਚਿਆਂ ਨੂੰ ਮਾਰਨਾ ਨਹੀਂ…

– 18 ਸਾਲਾਂ ਤੋਂ ਛੋਟੇ ਬੱਚਿਆਂ ਨੂੰ ਸਾਂਭ-ਸੰਭਾਲ ਅਤੇ ਪੜ੍ਹਾਉਣ ਵਾਲੀ ਅਧਿਆਪਕਾ ਨੂੰ 31,000 ਹਜ਼ਾਰ ਡਾਲਰ ਜ਼ੁਰਮਾਨਾ ਤੇ ਰਜਿਟ੍ਰੇਸ਼ਨ ਰੱਦ

strict-parent-istock
ਆਕਲੈਂਡ 6 ਅਗਸਤ  -ਆਕਲੈਂਡ ਦੀ ਇਕ ਡੇਅਰਕੇਅਰ ਟੀਚਰ ਨੂੰ ਛੋਟੇ ਬੱਚਿਆਂ ਨਾਲ ਸਰੀਰਕ ਤੌਰ ਤੇ ਚੰਗਾ ਵਿਵਹਾਰ ਨਾ ਕਰਨ ਕਰਕੇ ਜਿੱਥੇ 31,000 ਹਜ਼ਾਰ ਡਾਲਰ ਦਾ ਹਰਜ਼ਾਨਾ (ਕੰਪਲੇਂਟਸ ਅਸੈਸਮੈਂਟ ਕਮੇਟੀ ਲਈ 20,000 ਡਾਲਰ ਅਤੇ 11,000 ਹਜ਼ਾਰ ਡਾਲਰ ਟ੍ਰਿਬਿਊਨਲ ਖਰਚਾ) ਭਰਨ ਵਾਸਤੇ ਕਿਹਾ ਗਿਆ ਹੈ। ਇਸ ਟੀਚਰ ਦਾ ਨਾਂਅ ਹੈ ਨਤਾਸ਼ਾ ਜੋਏ ਐਸ਼ਟਨ। ਇਸ ਟੀਚਰ ਦੀ 18 ਮਹੀਨਿਆਂ ਵਾਸਤੇ ਰਜਿਟ੍ਰੇਸ਼ਨ ਵੀ ਰੱਦ ਕਰ ਦਿੱਤੀ ਗਈ ਹੈ। ਇਹ ਟੀਚਰ ‘ਦਾ ਚਿਲਡਰਨ’ਜ ਕਾਰਨਰ ਪਾਪਾਟੋਏਟੋਏ ਵਿਖੇ ਪੜ੍ਹਾਉਂਦੀ ਸੀ। ਜੁਲਾਈ 2013 ਦੇ ਵਿਚ ਇਸਨੂੰ ਤਰੱਕੀ ਦੇ ਕੇ ਸੈਂਟਰ ਮੈਨੇਜਰ ਬਣਾਇਆ ਗਿਆ ਸੀ। ਮੈਨੇਜਰ ਲੱਗਣ ਤੋਂ 2 ਸਾਲ ਬਾਅਦ ਹੀ ਇਸ ਉਤੇ ਕਈ ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ। ਅੱਖਰੇ ਸੁਭਾਅ ਵਾਲੀ ਇਹ ਟੀਚਰ ਬਹੁਤ ਵਾਰੀ ਨਸਲੀ ਭੇਦਭਾਵ ਵਾਲੇ ਕੁਮੈਂਟ ਵੀ ਕਰਿਆ ਕਰਦੀ ਸੀ। ‘ਭਾਰਤੀ’ ਬੱਚਿਆਂ ਨੂੰ ਉਹ ‘ਬਲੱਡੀ ਇੰਡੀਅਨਜ਼’ ਅਤੇ ‘ਕੋਕੋਨੱਟਸ’ ਵੀ ਕਹਿ ਦਿੰਦੀ ਸੀ ਅਤੇ ਪੈਸੇਫਿਕ ਬੱਚਿਆਂ ਨੂੰ ਵੀ ਐਸਾ ਹੀ ਕਰਿਆ ਕਰਦੀ ਸੀ। ਇਹ ਟੀਚਰ ਜਿੱਥੇ ਬੱਚਿਆਂ ਨਾਲ ਸਖਤੀ ਨਾਲ ਪੇਸ਼ ਆਉਂਦੀ ਅਤੇ ਕੁੱਟਦੀ ਸੀ ਉਥੇ ਆਪਣੇ ਸਟਾਫ ਨੂੰ ਵੀ ਅਜਿਹਾ ਕਰਨ ਲਈ ਕਹਿੰਦੀ ਸੀ। ਕਈ ਵਾਰ ਤਾਂ ਉਹ ਖਿਝ ਕੇ ਬੱਚਿਆਂ ਦਾ ਥੱਲੇ ਡਿਗਿਆ ਖਾਣਾ ਵੀ ਉਨ੍ਹਾਂ ਦੇ ਮੂੰਹ ਵਿਚ ਦੁਬਾਰਾ ਪਾਉਂਦੀ ਸੀ। ਬੱਚਿਆਂ ਨੂੰ ਉਹ ਕਈ ਵਾਰ ਮਾਪਿਆਂ ਦੇ ਨਿਜੀ ਜੀਵਨ ਬਾਰੇ ਵੀ ਪੁੱਛ ਲੈਂਦੀ ਸੀ। ਬੱਚਿਆਂ ਦੇ ਕੱਪੜੇ ਗਿੱਲੇ ਹੋ ਜਾਣ ਬਾਅਦ ਵੀ ਉਹ ਸਟਾਫ ਨੂੰ ਕਹਿੰਦੀ ਸੀ ਕਿ ਏਦਾਂ ਹੀ ਰਹਿਣ ਦਿਓ। ਇਸ ਅਧਿਆਪਕਾ ਨੇ ਆਪਣਾ ਨਾਂਅ ਗੁਪਤ ਰੱਖਣ ਵਾਸਤੇ ਅਰਜ਼ੀ ਦਿੱਤੀ ਜੋ ਕਿ ਅਦਾਲਤ ਨੇ ਨਾ ਮੰਜੂਰ ਕੀਤੀ। ਸੋ ਨਿਊਜ਼ੀਲੈਂਡ ਦੇ ਵਿਚ ਤਾਂ ਅਧਿਆਪਕਾਵਾਂ ਨੂੰ ਇਹੀ ਕਹਿਣਾ ਹੋਵੇਗਾ ਕਿ ‘ਨਾ ਬੀਬਾ…ਬੱਚਿਆਂ ਨੂੰ ਮਾਰਨਾ ਨਹੀਂ।”

Install Punjabi Akhbar App

Install
×